ਸੰਗਰੂਰ ਦੇ ਪਿੰਡਾਂ ਦੇ ਖੇਤਾਂ ਚ ਭਰਿਆ ਬਰਸਾਤ ਦਾ ਪਾਣੀ, 300 ਏਕੜ ਤੋਂ ਵੱਧ ਫਸਲ ਪਾਣੀ ਵਿੱਚ ਡੁੱਬੀ

July 31 2021

ਸੰਗਰੂਰ ਦੇ ਮੂਨਕ ਵਿੱਚ ਲਗਾਤਾਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਦੇ ਕਾਰਨ ਕਰੀਬ ਤਿੰਨ ਸੌ ਏਕੜ ਦੇ ਕਰੀਬ ਫ਼ਸਲ ਹੋਈ ਤਬਾਹ ਹੋ ਗਈ। ਖੇਤਾਂ ਵਿੱਚ ਤਿੰਨ-ਤਿੰਨ ਫੁੱਟ ਦੇ ਕਰੀਬ ਪਾਣੀ ਖੜ੍ਹਿਆ ਹੈ। ਇਸ ਦੇ ਨਾਲ ਹੀ ਵੀਹ ਦੇ ਕਰੀਬ ਘਰਾਂ ਦਾ ਸ਼ਹਿਰ ਤੋਂ ਰਾਬਤਾ ਟੁੱਟ ਗਿਆ ਹੈ। ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਨਾਲ ਕਰੀਬ ਤਿੰਨ ਤੋਂ ਚਾਰ ਪਿੰਡਾਂ ਵਿਚ ਬਰਸਾਤ ਦਾ ਪਾਣੀ ਫੈਲਿਆ ਹੈ।

ਇਸ ਦੇ ਨਾਲ ਹੀ ਖੇਤਾਂ ਨੂੰ ਜਾਣ ਵਾਲੇ ਰਸਤਿਆਂ ਵਿਚ ਤਿੰਨ ਫੁੱਟ ਤੱਕ ਪਾਣੀ ਖੜ੍ਹ ਜਾਣ ਦੇ ਨਾਲ ਖੇਤਾਂ ਦੇ ਵਿੱਚ ਰਹਿਣ ਵਾਲੇ ਘਰਾਂ ਦੇ ਲੋਕਾਂ ਨੂੰ ਖਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਇਸ ਬਰਸਾਤੀ ਪਾਣੀ ਦੇ ਚਲਦਿਆਂ ਪਿੰਡ ਵਾਸੀਆਂ ਵੱਲੋਂ ਇੱਕ ਕਿਸ਼ਤੀ ਲਿਆ ਕੇ ਬੱਚਿਆਂ ਨੂੰ ਸੁਰੱਖਿਅਤ ਘਰਾਂ ਚੋਂ ਬਾਹਰ ਕੱਢਿਆ ਜਾ ਰਿਹਾ।

ਇਸ ਦੌਰਾਨ ਮੌਕੇ ਤੇ ਮੌਜੂਦ ਔਰਤਾਂ ਨੇ ਦੱਸਿਆ ਕਿ ਲਗਾਤਾਰ ਦੋ ਦਿਨ ਤੋਂ ਪੈ ਰਹੇ ਮੀਂਹ ਦੇ ਕਾਰਨ ਉਨ੍ਹਾਂ ਦੀ ਪੂਰੀ ਫਸਲ ਤਬਾਹ ਹੋ ਚੁੱਕੀ ਹੈ। ਔਰਤਾਂ ਨੇ ਦੱਸਿਆ ਕਿ ਉਹ ਦੁੱਧ ਦਾ ਕੰਮ ਕਰਦੇ ਹਨ ਜਿਸ ਕਾਰਨ ਤਿੰਨ ਦਿਨਾਂ ਤੋਂ ਦੁੱਧ ਘਰ ਵਿੱਚ ਹੀ ਖ਼ਰਾਬ ਹੋ ਰਿਹਾ ਹੈ ਅਤੇ ਪਸ਼ੂਆਂ ਦੇ ਲਈ ਹਰਾ ਚਾਰਾ ਵੀ ਬਰਬਾਦ ਹੋ ਚੁੱਕਿਆ ਹੈ।

ਉਧਰ ਕਿਸਾਨਾਂ ਨੇ ਦੱਸਿਆ ਕਿ ਲਗਾਤਾਰ ਦੋ ਦਿਨ ਮੀਂਹ ਪੈਣ ਦੇ ਕਾਰਨ ਪਿੱਛੋਂ ਨਹਿਰਾਂ ਦਾ ਪਾਣੀ ਛੱਡਿਆ ਗਿਆ ਜਿਸ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਵਿੱਚ ਪਾਣੀ ਭਰ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਤਾਂ ਉਨ੍ਹਾਂ ਦੇ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆਂ ਹਨ। ਨਾਲ ਹੀ ਦੂਜੇ ਪਾਸੇ ਲਗਾਤਾਰ ਖੜ੍ਹੇ ਪਾਣੀ ਨਾਲ ਉਨ੍ਹਾਂ ਨੂੰ ਬਿਮਾਰੀ ਫੈਲਣ ਦਾ ਵੀ ਖ਼ਤਰਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live