ਸਮਰਪਣ ਅਤੇ ਸਫ਼ਲਤਾ ਦੀ ਮਿਸਾਲ: ਬਲਵਿੰਦਰ ਕੌਰ

December 03 2021

ਮਿਹਨਤ ਸਫ਼ਲਤਾ ਦੀ ਕੂੰਜੀ ਹੈ’ ਇਹ ਕਹਿਣਾ ਹੈ ਸ਼੍ਰੀਮਤੀ ਬਲਵਿੰਦਰ ਕੌਰ ਦਾ। ਸ੍ਰੀਮਤੀ ਬਲਵਿੰਦਰ ਕੌਰ ਪਿੰਡ ਗਹਿਰੀ ਦੇਵੀ ਨਗਰ ਦੇ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਜੋ ਕਿ ਬਠਿੰਡੇ ਸ਼ਹਿਰ ਤੋਂ 15 ਕੁ ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ। ਉਸ ਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਹੈ।

ਉਨ੍ਹਾਂ ਦੇ ਦੋ ਬੇਟੇ ਹਨ ਜਿਨ੍ਹਾਂ ਨੂੰ ਪੜ੍ਹਾਈ ਸ਼ਹਿਰ ਵਿੱਚ ਕਰਵਾਉਣ ਲਈ ਉਹ ਆਪਣੇ ਪਿੰਡ ਛੱਡ ਕੇ ਬਠਿੰਡੇ ਵਿਖੇ ਰਹਿਣ ਲੱਗੇ। ਜਦੋਂ ਉਨ੍ਹਾਂ ਵੱਡਾ  ਬੇਟਾ ਬੀ-ਟੈੱਕ ਅਤੇ ਛੋਟਾ ਬਾਰਵੀਂ ਵਿੱਚ ਹੋਇਆ ਤਾਂ ਪੜ੍ਹਾਈ ਉੱਤੇ ਖ਼ਰਚ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਕੁਝ ਮੰਦੀ ਹੋ ਗਈ, ਜਿਸ ਕਰਕੇ ਬਲਵਿੰਦਰ ਕੌਰ ਮਾਨਸਿਕ ਤਣਾਅ ਵਿੱਚ ਰਹਿਣ ਲੱਗੀ। ਜਦੋਂ ਇਸ ਬਿਮਾਰੀ ਸਬੰਧੀ ਉਹ ਡਾਕਟਰ ਨੂੰ ਮਿਲੀ ਤਾਂ ਉਨ੍ਹਾਂ ਨੇ ਉਸ ਨੂੰ ਕੋਈ ਅਜਿਹਾ ਕਿੱਤਾ ਜਿਸ ਵਿੱਚ ਉਸ ਦੀ ਵੀ ਰੁਚੀ ਹੋਵੇ, ਅਪਨਾਉਣ ਦੀ ਸਲਾਹ ਦਿੱਤੀ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਚ ਕੁਝ ਯੋਗਦਾਨ ਪਾਉਣ ਦੇ ਨਾਲ ਨਾਲ ਆਪਣੇ ਕੰਮ ਚ ਲੱਗੀ ਰਹੇ ਜਿਸ ਨਾਲ ਕਿ ਉਹ ਮਾਨਸਿਕ ਤਨਾਅ ਜਿਹੀ ਸਥਿਤੀ ਤੇ ਵੀ ਕਾਬੂ ਪਾ ਸਕੇਗੀ। ਸੋ ਇਸ ਤਰ੍ਹਾਂ ਉਸਨੇ ਇੱਕ ਦਿਨ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਸੰਪਰਕ ਕੀਤਾ। ਆਪਣੀ ਰੁਚੀ ਮੁਤਾਬਿਕ ਆਰਿਆ (ਅ੍ਰੈਅ) ਪ੍ਰਾਜੈਕਟ ਅਧੀਨ “ਫੂਡ ਪ੍ਰੋਸੈਸਿੰਗ” ਸੰਬੰਧੀ ਸਿਖਲਾਈ ਲਈ। ਬਲਵਿੰਦਰ ਕੌਰ ਘਰ ਵਿੱਚ ਪਹਿਲਾਂ ਹੀ ਕੁਝ ਆਮ ਆਚਾਰ ਜਿਵੇਂ ਮਿਰਚ, ਨਿੰਬੂ, ਅੰਬ ਆਦਿ ਵਧੀਆ ਬਣਾ ਲੈਂਦੀ ਸੀ। ਸਾਲ 2018 ਵਿੱਚ ਸਿਖਲਾਈ ਲੈਣ ਤੋਂ ਬਾਅਦ ਉਸਦੀ ਇਸ ਕੰਮ ਪ੍ਰਤੀ ਨਿਪੁੰਨਤਾ, ਰੁਚੀ ਤੇ ਗਿਆਨ ਵਿੱਚ ਹੋਰ ਵੀ ਵਾਧਾ ਹੋ ਗਿਆ ਅਤੇ ਉਸ ਨੇ ਘਰ ਵਿੱਚ ਵੱਖ-ਵੱਖ ਤਰ੍ਹਾਂ ਦੇ ਆਚਾਰ, ਚੱਟਣੀਆਂ, ਸੁਕੈਸ਼, ਕੈਂਡੀ, ਮੁਰੱਬੇ ਆਦਿ ਬਣਾ ਕੇ ਵੇਚਣੇ ਸ਼ੁਰੂ ਕੀਤੇ।ਗਾਹਕਾਂ ਵਿੱਚ ਉਸ ਦੁਆਰਾ ਬਣਾਏ ਉਤਪਾਦਾਂ ਦੀ ਵੱਧਦੀ ਮੰਗ ਨਾਲ ਉਸ ਦਾ ਹੌਸਲਾ ਹੋਰ ਵੀ ਵਧ ਗਿਆ। ਸਰਦੀਆਂ ਦੇ ਮੌਸਮ ਵਿੱਚ ਉਹ ਵੱਖ ਵੱਖ ਤਰ੍ਹਾਂ ਦੇ ਦੁੱਧ ਤੋਂ ਬਣੇ ਉਤਪਾਦ ਜਿਵੇਂ ਕਿ ਖੋਆ, ਬਰਫ਼ੀ,  ਗਜਰੇਲਾ, ਅਲਸੀ-ਪਿੰਨੀਆਂ ਆਦਿ ਵੀ ਆਰਡਰ ਤੇ ਬਣਾ ਕੇ ਵੇਚਣ ਲੱਗੀ।

ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਤੋਂ ਸਿਖਲਾਈ ਲੈਣ ਉਪਰੰਤ “ਜ਼ੈਬਰਾ ਸਮਾਰਟ ਫੂਡਜ਼” ਨਾਮ ਦਾ ਬਰੈਂਡ ਬਣਾਕੇ ਪੈਕਿੰਗ ਕਰਕੇ ਉਤਪਾਦ ਵੇਚਣੇ ਸ਼ੁਰੂ ਕੀਤੇ। ਫਿਰ ਉਸਨੇ  ਬਠਿੰਡਾ ਕਿਸਾਨ ਮੇਲੇ ਵਿੱਚ ਪਹਿਲੀ ਵਾਰ ਆਪਣੀ ਸਟਾਲ ਲਗਾਈ ਜਿਸ ਨਾਲ ਉਸਦੇ ਬਣਾਏ ਉਤਪਾਦ ਹੱਥੋਂ-ਹੱਥੀਂ ਵਿੱਕ ਗਏ। ਜਿਸ ਨਾਲ ਉਸਦਾ ਹੌਂਸਲਾ ਹੋਰ ਵੀ ਵਧ ਗਿਆ। ਫਿਰ ਉਸਨੇ ਫਰਵਰੀ 2020 ਵਿੱਚ “ਆਰਗੈਨਿਕ ਫੈਸਟੀਵਲ ਫ਼ਾਰ ਵੂਮੈਨ” ਨਵੀਂ ਦਿੱਲੀ ਵਿਖੇ ਆਪਣੀ ਸਟਾਲ ਲਗਾਈ। ਜਿਸ ਨਾਲ ਉਸਦੀ ਜਾਣ-ਪਹਿਚਾਣ ਵੱਖ-ਵੱਖ ਰਾਜਾਂ ਦੇ ਉੱਦਮੀ ਕਿੱਤਾਕਾਰਾਂ ਨਾਲ ਹੋਈ। ਆਪਣੇ ਕਿੱਤੇ ਨੂੰ ਚੰਗਾ ਚਲਦਾ ਵੇਖ ਕੇ ਉਸ ਨੇ ਹੁਣ 100 ਫ਼ੁੱਟੀ ਰੋਡ, ਬਠਿੰਡਾ ਵਿਖੇ ਇੱਕ ਦੁਕਾਨ ਵੀ ਕਿਰਾਏ ਤੇ ਲੈ ਲਈ ਹੈ ਜਿਥੇ ਕਿ ਉਸ ਨੇ ਅਚਾਰ, ਚਟਣੀਆਂ, ਸ਼ਰਬਤ ਆਦਿ ਤੋਂ ਇਲਾਵਾ ਹਰ ਤਰ੍ਹਾਂ ਦੀ ਆਟਾ (ਮਲਟੀਗ੍ਰੇਨ, ਬੇਸਨ, ਕੋਧਰਾ, ਕੰਗਣੀ, ਰਾਗੀ,  ਬਾਜਰਾ ਆਦਿ) ਅਤੇ ਮਸਾਲੇ (ਹਲਦੀ, ਮਿਰਚ, ਚਾਹ-ਮਸਾਲਾ ਆਦਿ) ਆਪ ਪਿਸਵਾ ਕੇ ਵੇਚਣ ਦਾ ਕੰਮ ਵੀ ਸ਼ੁਰੂ ਕਰ ਲਿਆ ਹੈ। ਇਸ ਤੋਂ ਇਲਾਵਾ ਉਹ ਗੁੜ, ਸ਼ਹਿਦ ਆਦਿ ਸਿੱਧਾ ਕਿਸਾਨਾਂ ਨਾਲ ਸੰਪਰਕ ਕਰਕੇ ਪੈਕਿੰਗ ਕਰਕੇ ਵੇਚਦੀ ਹੈ।

ਉਸਨੇ “ਜ਼ੈਬਰਾ ਸਮਾਰਟ ਫੂਡਜ਼ ਸਵੈ ਸਹਾਇਤਾ ਗਰੁੱਪ” ਬਣਾ ਕੇ ਵੀ ਰਜਿਸਟਰਡ ਕਰਵਾ ਲਿਆ ਹੈ। ਉਹ ਇਸ ਗਰੁੱਪ ਦੀਆਂ ਮੈਂਬਰ ਬੀਬੀਆਂ ਤੋਂ ਉਤਪਾਦ ਬਣਾਉਣ ਵਿੱਚ ਸਹਾਇਤਾ ਵੀ ਲੈਂਦੀ ਹੈ। ਉਸ ਦਾ ਕਹਿਣਾ ਹੈ ਕਿ ਸਾਰੇ ਉਤਪਾਦ ਆਪ ਘਰ ਵਿੱਚ ਬਣਾਉਣ ਕਰਕੇ ਉਹ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਦੀ ਹੈ। ਇਸ ਤਰ੍ਹਾਂ ਉਹ ਸਾਰੇ ਖ਼ਰਚੇ ਕੱਢ ਕੇ ਔਸਤਨ 30,000/- ਰੁਪਏ ਮਹੀਨਾ ਕਮਾ ਲੈਂਦੀ ਹੈ ਅਤੇ ਆਪਣੇ ਕਿੱਤੇ ਤੋਂ ਬੜੀ ਸੰਤੁਸ਼ਟ ਹੈ। ਗਾਹਕਾਂ ਦੀ ਉਸ ਦੇ ਉਤਪਾਦਾਂ ਪ੍ਰਤੀ ਵਧਦੀ ਮੰਗ ਨੂੰ ਦੇਖਦੇ ਹੋਏ ਉਸ ਦੇ ਪਤੀ ਨੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਤੋਂ ਸਿਖਲਾਈ ਲੈਣ ਉਪਰੰਤ ਪ੍ਰਾਈਵੇਟ ਨੌਕਰੀ ਛੱਡ ਉਸ ਦੇ ਨਾਲ ਹੀ ਇਸ ਕਿੱਤੇ ਨੂੰ ਹੋਰ ਵਧਾਉਣ ਲਈ ਸਾਥ ਦੇਣ ਦੀ ਠਾਣ ਲਈ ਹੈ। ਉਨ੍ਹਾਂ ਨੂੰ ਹੁਣ ਵੱਖ-ਵੱਖ ਫ਼ਰਮਾਂ ਤੋਂ ਕੁਇੰਟਲਾਂ ‘ਚ ਆਰਡਰ ਬੁੱਕ ਹੋਣ ਲੱਗੇ ਹਨ। ਉਨ੍ਹਾਂ ਨੇ ਹੁਣ ਹੋਰਨਾਂ ਸੂਬਿਆਂ (ਤਾਮਿਲਨਾਡੂ, ਰਾਜਸਥਾਨ ਆਦਿ) ਨਾਲ ਸੰਪਰਕ ਕਰਕੇ ਮਿਲਟਸ (ਮੋਟੇ ਅਨਾਜ) ਜਿਵੇਂ ਕਿ ਕੋਧਰਾ, ਕੰਗਣੀ, ਰਾਗੀ, ਛੋਲੇ, ਬਾਜਰਾ, ਸਵਾਂਕ ਆਦਿ ਪੈਕਿੰਗ ਕਰਕੇ ਸੇਲ ਲਈ ਦੁਕਾਨ ਤੇ ਰੱਖੇ ਹਨ, ਜਿਨ੍ਹਾਂ ਦੀ ਕਾਫ਼ੀ ਮੰਗ ਆਉਣ ਲੱਗੀ ਹੈ। ਉਹ ਆਪ ਰਾਗੀ ਦੇ ਬਿਸਕੁਟ ਬਣਵਾਕੇ ਪੈਕਿੰਗ ਕਰਕੇ ਵੇਚਦੀ ਹੈ। ਹੁਣ ਉਹ ਆਪ ਬੇਸਨ, ਮਸਾਲੇ ਆਦਿ ਪੀਸਣ ਲਈ ਚੱਕੀ ਲਗਵਾਉਣ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਹੋਰ ਵੱਧ ਮੁਨਾਫ਼ਾ ਲਿਆ ਜਾ ਸਕੇ। ਇਸ ਤਰ੍ਹਾਂ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਛੇਤੀ ਹੀ ਉਹ ਆਪਣੇ ਕੰਮ ਨੂੰ ਵਧਾ ਕੇ ਹੋਰ ਵਧੇਰੇ ਕਮਾਈ ਕਰਨ ਦੇ ਯੋਗ ਹੋ ਜਾਣਗੇ। ਬਲਵਿੰਦਰ ਕੌਰ ਹੋਰਨਾਂ ਬੀਬੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran