ਵੈਟਨਰੀ ਯੂਨੀਵਰਸਿਟੀ ਨੇ ਕੀਤਾ ‘ਫਿਟ ਇੰਡੀਆ ਫਰੀਡਮ ਰਨ 2.0’ ਦਾ ਆਯੋਜਨ

October 06 2021

ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਆਜ਼ਾਦੀ ਦਾ ਅੰਮਿ੍ਰਤ ਮਹੋਤਸਵ ਸੰਕਲਪ ਤਹਿਤ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਫਿਟ ਇੰਡੀਆ ਫਰੀਡਮ ਰਨ 2.0’ ਦਾ ਆਯੋਜਨ ਕੀਤਾ ਗਿਆ।ਇਹ ਗਤੀਵਿਧੀ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੀ ਸਰਪ੍ਰਸਤੀ ਅਧੀਨ ਕਰਵਾਈ ਗਈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਅਤੇ ਉਤਸਾਹ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਚੰਗੀ ਸਿਹਤ ਨਾਲ ਹੀ ਹਰੇਕ ਸਫ਼ਲਤਾ ਪ੍ਰਾਪਤ ਹੁੰਦੀ ਹੈ। ਇਸ ਲਈ ਸਾਰੇ ਸਮਾਜ ਦੀ ਸਿਹਤ ਦਾ ਫਿਟ ਹੋਣਾ ਬਹੁਤ ਜਰੂਰੀ ਹੈ ਅਤੇ ਵਿਦਿਆਰਥੀ ਲਗਾਤਾਰ ਆਪਣੀ ਸਿਹਤ ਸੰਭਾਲ ਲਈ ਯਤਨ ਕਰਦੇ ਰਹਿਣ। ਉਨ੍ਹਾਂ ਨੇ ਝੰਡੀ ਵਿਖਾ ਕੇ ਦੌੜ ਦਾ ਆਰੰਭ ਕੀਤਾ।ਵੈਟਨਰੀ ਯੂਨੀਵਰਸਿਟੀ ਵਿਖੇ ਆਜ਼ਾਦੀ ਕਾ ਅੰਮਿ੍ਰਤ ਮਹੋਤਸਵ ਯੋਜਨਾ ਦੇ ਸੰਯੋਜਕ, ਡਾ. ਚਰਨ ਕਮਲ ਸਿੰਘ ਨੇ ਆਜ਼ਾਦੀ ਦੇ 75ਵੇਂ ਵਰ੍ਹੇ ਦੌਰਾਨ ਯੂਨੀਵਰਸਿਟੀ ਵਿਖੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਇਹ ਉਲੀਕੀਆਂ ਗਈਆਂ ਗਤੀਵਿਧੀਆਂ ਬਹੁਤ ਸੁਚੱਜੇ ਢੰਗ ਨਾਲ ਕਰਵਾਈਆਂ ਜਾਣਗੀਆਂ।

ਫ਼ਿਸ਼ਰੀਜ਼ ਕਾਲਜ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਨਾਲ ਸਮਾਗਮ ਦਾ ਆਰੰਭ ਕੀਤਾ।ਵਿਦਿਆਰਥੀਆਂ ਵਿਚ ਇਸ ਕਾਰਜ ਲਈ ਭਾਰੀ ਉਤਸਾਹ ਸੀ।

ਵਿਦਿਆਰਥੀਆਂ ਦੇ ਅੱਗੇ ਇਕ ਮੋਟਰ ਵਾਹਨ ਅਗਵਾਈ ਕਰ ਰਿਹਾ ਸੀ ਜਿਸ ਉਤੇ ‘ਫਿਟ ਇੰਡੀਆ ਫਰੀਡਮ ਰਨ 2.0’ ਦਾ ਬੈਨਰ ਲਗਾਇਆ ਗਿਆ ਸੀ। 200 ਤੋਂ ਵਧੇਰੇ ਵਿਦਿਆਰਥੀਆਂ ਨੇ ਵੈਟਨਰੀ ਸਾਇੰਸ ਕਾਲਜ ਕੰਪਲੈਕਸ ਦੇ ਦੁਆਲੇ ਦੌੜ ਲਾਈ।ਇਨ੍ਹਾਂ ਵਿਦਿਆਰਥੀਆਂ ਵਿਚ ਯੂਨੀਵਰਸਿਟੀ ਦੇ ਵੈਟਨਰੀ ਕਾਲਜ, ਫ਼ਿਸ਼ਰੀਜ਼ ਕਾਲਜ, ਐਨੀਮਲ ਬਾਇਓਤਕਨਾਲੋਜੀ ਕਾਲਜ ਅਤੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਐਨ ਸੀ ਸੀ ਅਤੇ ਐਨ ਐਸ ਐਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ ਅਤੇ ਵਿਭਾਗਾਂ ਦੇ ਮੁਖੀਆਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ।ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਭਰਵੀਂ ਮੌਜੂਦਗੀ ਵਿਚ ਇਹ ਸਮਾਗਮ ਇਕ ਸਕਾਰਾਤਮਕ ਅਤੇ ਉਤਸਾਹਜਨਕ ਸੋਚ ਦੇ ਨਾਲ ਸੰਪੂਰਨ ਹੋਇਆ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran