ਬੱਕਰੀ ਪਾਲਣ ਦੇ ਦੁੱਧ ਦੀ ਗੁਣਵੱਤਾ ਅਤੇ ਮਿਆਰੀ ਨਸਲਾਂ ਬਾਰੇ ਜਾਣਕਾਰੀ

October 09 2021

ਪੰਜਾਬ ਵਿਚ ਬੱਕਰੀਆਂ ਦੀ ਕੁੱਲ ਆਬਾਦੀ 3,87,896 ਹੈ ਤੇ ਚੇਵੋਨ (ਬਕਰੀ ਦਾ ਮੀਟ) ਦੀ ਕੁੱਲ ਜ਼ਰੂਰਤ ਲਗਪਗ 30 ਹਜ਼ਾਰ ਕੁਇੰਟਲ ਹੈ ਜਦਕਿ ਇਹ ਲਗਪਗ 10 ਹਜ਼ਾਰ ਕੁਇੰਟਲ ਹੀ ਮੁਹੱਈਆ ਹੈ ਜੋ ਕਿ ਜ਼ਰੂਰਤ ਨਾਲੋਂ ਤਿੰਨ ਗੁਣਾ ਘਟ ਹੈ। ਇਸ ਲਈ ਪੰਜਾਬ ਵਿਚ ਬੱਕਰੀਆਂ ਪਾਲਣ ਦੀ ਬਹੁਤ ਵਡੀ ਗੁੰਜਾਇਸ਼ ਹੈ।

ਪੰਜਾਬ ਵਿਚ ਬੱਕਰੀਆਂ ਪਾਲਣ ਦੇ ਮੁੱਖ ਉਦੇਸ਼ ਮਾਸ ਤੇ ਦੁੱਧ ਦਾ ਉਤਪਾਦਨ ਕਰਨਾ ਹਨ। ਇੰਟੈਂਸਿਵ (ਸਟਾਲ-ਫੀਡਿੰਗ) ਤੇ ਅਰਧ-ਇੰਟੈਂਸਿਵ (ਅੰਸ਼ਕ ਚਰਾਗਾ ਤੇ ਅੰਸਕ ਸਟਾਲ-ਫੀਡਿੰਗ) ਪ੍ਰਣਾਲੀ ਬੱਕਰੀ ਪਾਲਣ ਲਈ ਢੁੱਕਵੇਂ ਹਨ।

ਬੱਕਰੀ ਦੇ ਦੁੱਧ ਦੀ ਗੁਣਵੱਤਾ

ਪਸ਼ੂਆਂ ਦੀਆਂ ਦੂਜੀਆਂ ਕਿਸਮਾਂ ਨਾਲੋਂ ਬੱਕਰੀ ਦਾ ਦੁੱਧ ਮਨੁੱਖੀ ਪੋਸ਼ਣ ਲਈ ਵਧੀਆ ਮੰਨਿਆ ਜਾਂਦਾ ਹੈ। ਇਹ ਦੁੱਧ ਸਸਤਾ, ਅਸਾਨੀ ਨਾਲ ਹਜ਼ਮ ਹੋਣ ਵਾਲਾ ਤੇ ਪੌਸਟਿਕ ਹੁੰਦਾ ਹੈ। ਬੱਕਰੀ ਦਾ ਦੁਧ ਗਾਂ ਦੇ ਦੁੱਧ ਨਾਲੋਂ ਵਧੀਆ ਹੁੰਦਾ ਹੈ ਅਰਥਾਤ ਚਰਬੀ ਤੇ ਪ੍ਰੋਟੀਨ ਇਸ ਵਿਚ ਵਧੀਆ ਸਥਿਤੀ ਚ ਮੌਜੂਦ ਹੁੰਦੇ ਹਨ। ਬੱਕਰੀ ਦੇ ਦੁਧ ਚ ਪਸ਼ੂਆਂ ਦੀਆਂ ਦੂਜੀਆਂ ਕਿਸਮਾਂ ਦੇ ਮੁਕਾਬਲੇ ਐਲਰਜੀ ਦੀ ਸਮੱਸਿਆ ਘੱਟ ਹੁੰਦੀ ਹੈ। ਦਮੇ, ਖੰਘ, ਸ਼ੂਗਰ ਆਦਿ ਦੇ ਰੋਗੀਆਂ ਲਈ ਬੱਕਰੀ ਦਾ ਦੁੱਧ ਦਵਾਈ ਵਜੋਂ ਵਰਤਿਆ ਜਾਂਦਾ ਹੈ। ਬੱਕਰੀ ਦੇ ਦੁੱਧ ਵਿਚ ਬਫਰਿੰਗ ਗੁਣ ਹੁੰਦੇ ਹਨ ਤੇ ਇਹ ਪੈਪਟਿਕ ਅਲਸਰ, ਜਿਗਰ ਦੇ ਰੋਗਾਂ, ਪੀਲੀਆ ਤੇ ਹੋਰ ਪਾਚਨ ਸਮਸਿਆਵਾਂ ਤੋਂ ਪੀੜਤ ਮਰੀਜਾਂ ਲਈ ਲਾਹੇਵੰਦ ਹੁੰਦਾ ਹੈ।

ਮੀਟ ਦੀ ਗੁਣਵੱਤਾ

ਬੱਕਰੇ ਦੇ ਮੀਟ ਵਿਚ ਸੈਚੂਰੇਟਿਡ ਚਰਬੀ ਦੀ ਮਾਤਰਾ ਅਨਸੈਚੂਰੇਟਡ ਚਰਬੀ ਦੀ ਕੁੱਲ ਮਾਤਰਾ ਤੋਂ ਘੱਟ ਹੁੰਦੀ ਹੈ, ਜੋ ਖ਼ੂਨ ਵਿਚ ਕੋਲੈਸਟਰੋਲ ਦੇ ਪੱਧਰ ਨੂੰ ਸੁਧਾਰਦੀ ਹੈ, ਸੋਜਿਸ਼ ਨੂੰ ਆਰਾਮ ਦਿੰਦੀ ਹੈ ਤੇ ਦਿਲ ਦੀ ਧੜਕਣ ਨੂੰ ਸਥਿਰ ਬਣਾਉਂਦੀ ਹੈ। ਬੱਕਰੇ ਦਾ ਮਾਸ ਕੰਜੁਗੇਟਿਡ ਲਿਨੋਲੀਕ ਐਸਿਡ ਦਾ ਵਧੀਰ ਸਰੋਤ ਹੈ ਜੋ ਕੈਂਸਰ ਤੇ ਹੋਰ ਗੰਭੀਰ ਸਥਿਤੀਆਂ ਨੂੰ ਰੋਕਣ ਚ ਮਦਦ ਕਰਦਾ ਹੈ। ਬੱਕਰੇ ਦੇ ਮੀਟ ਚ ਵਿਟਾਮਿਨ-ਬੀ ਹੁੰਦਾ ਹੈ, ਜੋ ਚਰਬੀ ਨੂੰ ਖ਼ਤਮ ਕਰਨ ਚ ਮਦਦ ਕਰਦਾ ਹੈ। ਇਹ ਵਿਚਾਰਦੇ ਹੋਏ ਕਿ ਬਕਰੇ ਦੇ ਮੀਟ ਵਿਚ ਚਰਬੀ ਪ੍ਰੋਟੀਨ ਦੀ ਉੱਚ ਮਾਤਰਾ ਤੇ ਸੈਚੁਰੇਟਿਡ ਚਰਬੀ ਦੀ ਘੱਟ ਮਾਤਰਾ ਹੁੰਦੀ ਹੈ, ਇਹ ਭਾਰ ਨੂੰ ਨਿਯੰਤਰਿਤ ਕਰਨ ਚ ਸਹਾਇਤਾ ਕਰਦਾ ਹੈ ਤੇ ਮੋਟਾਪੇ ਦੇ ਖ਼ਤਰੇ ਨੂੰ ਘਟਾਉਂਦਾ ਹੈ। ਬਕਰੇ ਦੇ ਮੀਟ ਵਿਚ ਸੇਲੇਨੀਅਮ ਤੇ ਕੋਲੀਨ ਹੁੰਦਾ ਹੈ, ਜੋ ਕੈਂਸਰ ਤੋਂ ਬਚਾਅ ਲਈ ਲਾਭਕਾਰੀ ਹਨ। ਬੱਕਰੇ ਦਾ ਮੀਟ ਗਰਭਵਤੀ ਔਰਤਾਂ ਲਈ ਫ਼ਾਇਦੇਮੰਦ ਹੈ ਕਿਉਂਕਿ ਇਹ ਮਾਂ ਤੇ ਬਚੇ ਦੋਵਾਂ ਵਿਚ ਗਰਭ ਅਵਸਥਾ ਦੌਰਾਨ ਅਨੀਮਿਆ ਨੂੰ ਰੋਕਦਾ ਹੈ। ਇਹ ਮਾਂ ਦੇ ਖ਼ੂਨ ਵਿਚ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਦੇ ਨਾਲ-ਨਾਲ ਬੱਚੇ ਲਈ ਖ਼ੂਨ ਦੀ ਸਪਲਾਈ ਵਧਾਉਣ ਦਾ ਕੰਮ ਕਰਦਾ ਹੈ ਕਿਉਂਕਿ ਇਸ ਵਿਚ ਆਇਰਨ ਦੀ ਮਾਤਰਾ 3 ਮਿਲੀਗ੍ਰਾਮ/100 ਗ੍ਰਾਮ ਹੁੰਦੀ ਹੈ। ਬੱਕਰੇ ਦਾ ਮੀਟ ਮਾਹਵਾਰੀ ਦੌਰਾਨ ਔਰਤਾਂ ਚ ਆਇਰਨ ਦੀ ਮੁੜ ਪ੍ਰਾਪਤੀ ਚ ਸਹਾਇਤਾ ਕਰਦਾ ਹੈ ਤੇ ਮਾਹਵਾਰੀ ਦੇ ਦਰਦ ਤੋਂ ਰਾਹਤ ਦਿੰਦਾ ਹੈ। ਵਿਟਾਮਿਨ ਬੀ-12 ਕਾਰਨ ਬੱਕਰੇ ਦਾ ਮਾਸ ਤੰਦਰੁਸਤ ਚਮੜੀ, ਤਣਾਅ ਤੇ ਉਦਾਸੀ ਨੂੰ ਹਰਾਉਣ ਚ ਮਦਦ ਕਰਦਾ ਹੈ। ਪੋਟਾਸੀਅਮ ਦੀ ਮਾਤਰਾ ਵਧੇਰੇ ਅਤੇ ਸੋਡੀਅਮ ਘੱਟ ਹੋਣ ਕਰਕੇ ਬੱਕਰੇ ਦਾ ਮੀਟ ਬੱਲਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਚ ਮਦਦ ਕਰਦਾ ਹੈ ਤੇ ਗੁਰਦੇ ਦੀਆਂ ਬਿਮਾਰੀਆਂ ਤੇ ਸਟ੍ਰੋਕ ਤੋਂ ਬਚਾਉਂਦਾ ਹੈ। ਇਸ ਦਾ ਮੀਟ ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ।

ਸਿਖਲਾਈ ਲੈ ਕੇ ਸ਼ੁਰੂ ਕਰੋ ਕਿੱਤਾ

ਸ਼ੁਰੂਆਤੀ ਤੌਰ ਤੇ ਕੋਈ ਵੀ 20-22 ਬੱਕਰੀਆਂ ਨਾਲ 2 ਬੱਕਰੇ ਲੈ ਕੇ ਇਹ ਸਹਾਇਕ ਧੰਦਾ ਸ਼ੁਰੂ ਕਰ ਸਕਦਾ ਹੈ ਤੇ ਔਸਤ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਮਦਨੀ ਲੈ ਸਕਦਾ ਹੈ। ਕਿਸਾਨਾਂ ਨੂੰ ਇਹ ਕਿੱਤਾ ਸ਼ੁਰੂ ਕਰਨ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ ਜੋ 25 ਤੋਂ 33 ਫ਼ੀਸਦੀ ਹੁੰਦੀ ਹੈ। ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਸਮੇਂ ਨਸਲ ਦੀ ਚੋਣ, ਸਾਈਟ ਦੀ ਚੋਣ, ਸ਼ੈੱਡ ਦੀ ਉਸਾਰੀ, ਜਾਨਵਰਾਂ ਦੀ ਖ਼ਰੀਦ, ਪੋਸ਼ਣ, ਸਿਹਤ ਪ੍ਰਬੰਧਨ (ਕਾਰਨ, ਲਛਣ, ਰੋਕਥਾਮ ਤੇ ਬਿਮਾਰੀਆਂ ਦੇ ਨਿਯੰਤਰਣ) ਅਤੇ ਮੀਟ ਤੇ ਦੁੱਧ ਦੀ ਮਾਰਕੀਟਿੰਗ ਆਧਾਰਿਤ ਕਿੱਤਾ ਮੁੱਖੀ ਸਿਖਲਾਈ ਕੋਰਸ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਗਿਆਨ ਵਧਾਊ ਯਾਤਰਾਵਾਂ, ਮੁਲਾਕਾਤਾਂ, ਭਾਸ਼ਣ, ਬਕਰੀ ਫਾਰਮਾਂ ਤੇ ਵਿਗਿਆਨੀਆਂ ਦੇ ਦੌਰੇ, ਬੱਕਰੀ ਪਾਲਣ ਸਬੰਧੀ ਕਿਤਾਬਾਂ, ਸਲਾਹਕਾਰ ਸੇਵਾਵਾਂ, ਜਾਗਰੂਕਤਾ ਕੈਂਪ, ਕਿਸਾਨ ਗੋਸ਼ਟੀਆਂ ਆਦਿ ਵੀ ਇਨ੍ਹਾਂ ਕੇਂਦਰਾਂ ਚ ਆਯੋਜਿਤ ਕੀਤੇ ਜਾਂਦੇ ਹਨ। ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਕਿਸਾਨਾਂ ਨੂੰ ਬੈਂਕਾਂ ਵੱਲੋ ਕਰਜ਼ੇ ਦੀ ਸਹੂਲਤ ਵੀ ਦਿੱਤੀ ਜਾਂਦਾ ਹੈ। ਪਸ਼ੂ ਪਾਲਣ ਵਿਭਾਗ ਦੁਆਰਾ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਬੱਕਰੀਆਂ ਦੀ ਨਸਲ ਦੇ ਸੁਧਾਰ ਲਈ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਵੈਟਰਨਰੀ ਪੋਲੀਟੈਕਨਿਕ, ਕਾਲਝਰਾਨੀ, ਬਠਿੰਡਾ ਤੋਂ ਲਗਪਗ 5000-6000 ਰੁਪਏ ਪ੍ਰਤੀ ਜਾਨਵਰ ਮਿਆਰੀ ਮੁੱਲ ਤੇ ਖ਼ਰੀਦ ਕਰਨ ਚ ਸਹਾਇਤਾ ਕਰ ਰਹੇ ਹਨ।

ਮਿਆਰੀ ਨਸਲਾਂ

ਬੀਟਲ (ਅੰਮ੍ਰਿਤਸਰੀ) ਨਸਲ ਪੰਜਾਬ ਵਿਚ ਪਾਲਣ ਲਈ ਸਭ ਤੋਂ ਢੁੱਕਵੀਂ ਹੈ। ਇਸ ਨਸਲ ਦੇ ਪਸ਼ੂ ਆਮ ਤੌਰ ਤੇ ਉੱਚੇ-ਲੰਬੇ ਹੁੰਦੇ ਹਨ। ਬੱਕਰੀ ਦੀ ਚਮੜੀ ਦਾ ਰੰਗ ਪਰਿਵਰਤਨਸ਼ੀਲ ਹੁੰਦਾ ਹੈ, ਮੁੱਖ ਤੌਰ ਤੇ ਕਾਲਾ 90 ਫ਼ੀਸਦੀ) ਜਾਂ ਭੂਰੇ (10 ਫ਼ੀਸਦੀ) ਤੇ ਵੱਖੋ-ਵੱਖਰੇ ਆਕਾਰ ਦੇ ਧੱਬੇ ਹੁੰਦੇ ਹਨ। ਕੰਨ ਲੰਬੇ, ਚੌੜੇ ਤੇ ਝੁਕਵੇਂ ਹੁੰਦੇ ਹਨ। ਇਸ ਕਿਸਮ ਦੇ ਪਸ਼ੂਆਂ ਦੇ ਸਿੰਗ ਸੰਘਣੇ, ਦਰਮਿਆਨੇ ਆਕਾਰ ਦੇ ਤੇ ਛੋਟੇ ਜਿਹੇ ਮਰੋੜ ਕੇ ਪਿੱਛੇ ਤੇ ਉੱਪਰ ਵੱਲ ਨੂੰ ਮੁੜੇ ਹੁੰਦੇ ਹਨ। ਰੋਮਨ ਨੱਕ ਤੇ ਪੂਛ ਛੋਟੇ ਤੇ ਪਤਲੇ ਹੁੰਦੇ ਹਨ। ਨਰ ਦੇ ਆਮ ਤੌਰ ਤੇ ਦਾੜ੍ਹੀ ਹੁੰਦੀ ਹੈ। ਬੱਕਰੀਆਂ ਦਾ ਲੇਵਾ ਵੱਡਾ ਤੇ ਥਣ ਲੰਬੇ ਹੁੰਦੇ ਹਨ। ਬਾਲਗ ਨਰ ਬਕਰੇ ਦੇ ਸਰੀਰ ਦਾ ਭਾਰ 50-62 ਕਿੱਲੋ ਤੇ ਬਾਲਗ ਮਾਦਾ ਦਾ ਭਾਰ 35-40 ਕਿੱਲੋ ਹੁੰਦਾ ਹਨ। ਬੱਕਰੀਆਂ ਫਲੀਦਾਰ ਚਾਰੇ ਨੂੰ ਤਰਜੀਹ ਦਿੰਦੀਆਂ ਹਨ। ਇਕ ਬੱਕਰੀ ਲਈ 3-4 ਕਿੱਲੋ ਮਿਆਰੀ ਚਾਰੇ ਅਤੇ 500 ਗ੍ਰਾਮ ਦਾਣੇ ਦੀ ਜ਼ਰੂਰਤ ਹੁੰਦੀ ਹੈ।

ਦੇਸੀ ਖਾਦ ਵਜੋਂ ਅਹਿਮੀਅਤ

ਬੱਕਰੀ ਦੀ ਚਮੜੀ ਦੀ ਵਰਤੋਂ ਚਮੜੇ ਦੇ ਉਤਪਾਦਾਂ ਲਈ ਕੀਤੀ ਜਾਂਦੀ ਹੈ। ਬੱਕਰੇ ਦੇ ਵਾਲਾਂ ਨੂੰ ਗਲੀਚਿਆਂ ਤੇ ਰੱਸਿਆਂ ਦੇ ਨਿਰਮਾਣ ਲਈ ਵਰਤਿਆ ਜਾਂਦਾ ਹੈ। ਬੱਕਰੀ ਦੀਆਂ ਮੇਂਗਣਾਂ ਵਿਚ ਗਾਵਾਂ ਦੀ ਖਾਦ ਨਾਲੋਂ ਨਾਈਟ੍ਰੋਜਨ ਤੇ ਫਾਸਫੋਰਿਕ ਐਸਿਡ 2.5 ਗੁਣਾ ਵਧੇਰੇ ਹੁੰਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran