ਪੰਜਾਬ ਦਾ ਪਹਿਲਾ ਰਾਜ ਪੱਧਰੀ ਵਾਤਾਵਰਣ ਸੰਭਾਲ ਮੇਲਾ-2021

December 16 2021

ਮੋਗਾ, ਪੰਜਾਬ:  "ਸੋਚ", "ਆਪਣੀ ਖੇਤੀ ਫਾਊਂਡੇਸ਼ਨ" ਅਤੇ ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਨੇ ਅੱਜ ਪੰਜਾਬ ਦੇ ਪਹਿਲੇ ਰਾਜ ਪੱਧਰੀ ਵਾਤਾਵਰਨ ਸੰਭਾਲ ਮੇਲੇ-2021 ਬਾਰੇ ਜਾਣਕਾਰੀ ਦਿੱਤੀ । ਇਹ ਸਮਾਗਮ 18 ਦਸੰਬਰ 2021 ਨੂੰ ਪਿੰਡ ਖੋਸਾ ਕੋਟਲਾ, ਮੋਗਾ, ਪੰਜਾਬ ਵਿਖੇ ਸੰਤ ਬਾਬਾ ਫਤਹਿ ਸਿੰਘ ਜੀ ਦੇ ਅਸ਼ੀਰਵਾਦ ਨਾਲ ਅਤੇ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾਵਾਲੇ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਸਮੁੱਚੀ ਵਿਓਂਤਬੰਦੀ ਅਤੇ ਆਯੋਜਨ ਆਪਣੀ ਖੇਤੀ ਫਾਊਂਡੇਸ਼ਨ ਅਤੇ ਪੰਜਾਬੀ ਫਿਲਮ ਐਂਡ ਟੀ. ਵੀ. ਐਕਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ, ਵਾਤਾਵਰਣ ਮਾਹਿਰ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਡਾ. ਬ੍ਰਿਜ ਮੋਹਨ ਭਾਰਦਵਾਜ ਜੀ ਦੁਆਰਾ ਕੀਤੀ ਜਾ ਰਹੀ ਹੈ। 

ਸੰਤ ਬਾਬਾ ਗੁਰਮੀਤ ਸਿੰਘ ਜੀ ਅਤੇ ਡਾ ਲੱਖੇਵਾਲੀ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਵਿਗੜ ਰਹੇ ਜਾਂ ਵਿਗੜ ਚੁੱਕੇ ਵਾਤਾਵਰਣ ਪ੍ਰਤੀ ਆਮ ਲੋਕਾਂ ਨੂੰ ਜਾਗਰੂ ਕ ਕਰਨਾ ਹੈ, ਵਾਤਾਵਰਣ ਦੇ ਪੱਖਾਂ ਉੱਪਰ ਸੰਜੀਦਗੀ ਨਾਲ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਂਵਾਂ ਅਤੇ ਸ਼ਖਸ਼ੀਅਤਾਂ ਨੂੰ ਇੱਕ ਪਲੇਟ-ਫਾਰਮ ਉੱਤੇ ਇਕੱਠਾ ਕਰਨਾ ਅਤੇ ਉਹਨਾਂ ਨੂੰ ਬਣਦਾ ਮਾਣ-ਸਨਮਾਨ ਦੇਣਾ ਹੈ। 

ਵਾਤਾਵਰਣ ਤੇ ਕੰਮ ਕਰਨ ਵਾਲੀਆਂ ਕੰਪਨੀਆਂ, ਸੰਸਥਾਵਾਂ, ਵਿਭਾਗਾਂ, ਸਵੈ-ਸਹਾਇਤਾ ਸਮੂਹਾਂ ਆਦਿ ਵੱਲੋਂ ਆਪਣੀਆਂ ਗਤੀਵਿਧੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਟਾਲ ਲਗਾਏ ਜਾਣਗੇ। ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵਾਤਾਵਰਣ ਪ੍ਰੇਮੀਆਂ ਲਈ ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਸਟਾਲ ਮੁਕਾਬਲੇ ਅਤੇ ਲਾਈਵ ਮਾਡਲ ਵਰਗੀਆਂ ਕਈ ਦਿਲਚਸਪ ਗਤੀਵਿਧੀਆਂ ਹੋਣਗੀਆਂ। ਵਾਤਾਵਰਨ ਨਾਲ ਜੁੜੀਆਂ ਕਈ ਆਦਰਯੋਗ ਸ਼ਖ਼ਸੀਅਤਾਂ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਵੀ ਅਤੇ ਕਲਾਕਾਰ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਸਾਰਿਆਂ ਨੂੰ ਹੱਲਾ-ਸ਼ੇਰੀ ਦੇਣ ਲਈ ਆਪਣੀ ਹਾਜ਼ਰੀ ਲਗਾਉਣਗੇ। ਵਾਤਾਵਰਣ ਸੰਭਾਲ ਮੇਲੇ ਵਿੱਚ ਪਿਛਲੇ ਸਮੇਂ ਤੋਂ ਵਾਤਾਵਰਣ ਉੱਪਰ ਕੰਮ ਕਰ ਰਹੀਆਂ ਸੰਸਥਾਵਾਂ ਤੇ ਵਿਅਕਤੀ ਵਿਸ਼ੇਸ਼ ਨੂੰ ਹੇਠ ਲਿਖੇ ਅਨੁਸਾਰ ਅਵਾਰਡ ਵੀ ਦਿੱਤੇ ਜਾਣਗੇ।

ਸੰਸਥਾਵਾਂ ਲਈ ਪੁਰਸਕਾਰ

  • ਸ਼੍ਰੋਮਣੀ ਵਾਤਾਵਰਣ ਸੰਭਾਲ ਪੁਰਸਕਾਰ (1,25,000 ਰੁਪਏ)
  • ਧਰਤ ਹਰਿਆਲੀ ਪੁਰਸਕਾਰ (ਰਾਸ਼ੀ 75,000/- ਰੁਪਏ)
  • ਪਾਣੀਆਂ ਦੇ ਰਾਖੇ ਪੁਰਸਕਾਰ (ਰਾਸ਼ੀ 75,000/- ਰੁਪਏ)
  • ਨਰੋਈ ਧਰਤੀ ਪੁਰਸਕਾਰ (ਰਾਸ਼ੀ 75,000/- ਰੁਪਏ)
  • ਜਿੱਥੇ ਸਫਾਈ ਓਥੇ ਖੁਦਾਈ ਪੁਰਸਕਾਰ (ਰਾਸ਼ੀ 75,000/- ਰੁਪਏ)
  • ਵਿਅਕਤੀ ਵਿਸ਼ੇਸ਼ ਲਈ ਪੁਰਸਕਾਰ
  • ਰੁੱਖਾਂ ਦਾ ਰਾਖਾ ਪੁਰਸਕਾਰ (ਰਾਸ਼ੀ 50,000/- ਰੁਪਏ)
  • ਮੇਰੀ ਮਿੱਟੀ ਮੇਰਾ ਸੋਨਾ ਪੁਰਸਕਾਰ (ਰਾਸ਼ੀ 50,000/- ਰੁਪਏ)
  • ਉੱਤਮ ਖੇਤੀ ਪੁਰਸਕਾਰ (ਰਾਸ਼ੀ 50,000/- ਰੁਪਏ)

"ਸੋਚ" ਸੰਸਥਾ ਬਾਰੇ

"ਸੋਚ" ਸੰਸਥਾ ਦਾ ਮੁੱਖ ਮਕਸਦ ਪੰਜਾਬ ਦੇ ਵੱਖ-ਵੱਖ ਖੇਤਰ ਵਿੱਚ ਵਾਤਾਵਰਣ ਦੇ ਮੁੱਦੇ ਉੱਪਰ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੂੰ ਇੱਕ ਪਲੇਟ ਫਾਰਮ ਤੇ ਇਕੱਠਾ ਕਰਨਾ, ਉਹਨਾਂ ਨੂੰ ਬਣਦਾ ਮਾਣ- ਸਨਮਾਨ ਦੇਣਾ ਅਤੇ ਭਵਿੱਖ ਦੀਆਂ ਯੋਜਨਾਵਾਂ ਉਲੀਕਣਾ ਹੈ ਤਾਂ ਜੋ ਪੰਜਾਬ ਉੱਪਰ ਗੰਧਲੇ ਵਾਤਾਵਰਣ ਦੇ ਲੱਗੇ ਧੱਬਿਆਂ ਨੂੰ ਮਿਟਾਇਆ ਜਾ ਸਕੇ।

"ਆਪਣੀ ਖੇਤੀ ਫਾਊਂਡੇਸ਼ਨ" ਬਾਰੇ

"ਆਪਣੀ ਖੇਤੀ ਫਾਊਂਡੇਸ਼ਨ" ਦਾ ਮਿਸ਼ਨ ਖੇਤੀ ਦੇ ਜ਼ਮੀਨੀ ਪੱਧਰ ਤੇ ਜੁੜੇ ਕਿਸਾਨਾਂ ਦੇ ਮੁੱਦਿਆਂ ਲਈ ਸਿਖਲਾਈ, ਸਹੀ ਜਾਣਕਾਰੀ, ਫੰਡ ਅਤੇ ਵਿਕਾਸ ਲਈ ਲੋੜੀਂਦੇ ਪ੍ਰੋਗਰਾਮ ਆਯੋਜਿਤ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਅਸੀਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹਰ ਹਾਲ ਵਿੱਚ ਹੱਲ ਕਰਨ ਅਤੇ ਉਹਨਾਂ ਦੀ ਆਵਾਜ਼ ਬਣਨ ਲਈ ਵਚਨਬੱਧ ਹਾਂ।

ਵਧੇਰੇ ਜਾਣਕਾਰੀ ਲਈ ਤੁਸੀਂ ਡਾ. ਬਲਵਿੰਦਰ ਸਿੰਘ ਲੱਖੇਵਾਲੀ ਜੀ ਨਾਲ ਦਿੱਤੇ ਹੋਏ ਨੰਬਰ 98142-39041 ਨਾਲ ਸੰਪਰਕ ਕਰ ਸਕਦੇ ਹੋ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਆਪਣੀ ਖੇਤੀ ਫਾਊਂਡੇਸ਼ਨ