ਠੇਕਾ ਆਧਾਰਿਤ ਖੇਤੀ ਨੇ ਅਮਰੀਕਾ-ਯੂਰਪ ਦੇ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ

August 11 2021

ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਨੇ ਕਿਹਾ ਕਿ ਠੇਕਾ ਆਧਾਰਿਤ ਖੇਤੀ ਨੇ ਅਮਰੀਕਾ ਅਤੇ ਯੂਰਪ ਦੇ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ ਹੈ ਤੇ ਇਹੀ ਮਾਡਲ ਭਾਰਤ ਵਿਚ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਕਈ ਮਹੀਨਿਆਂ ਤੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਇਹ ਬਹੁਤ ਹੀ ਉਤਸ਼ਾਹ ਵਾਲੀ ਗੱਲ ਹੈ। ਇਹ ਸੰਘਰਸ਼ ਸਿਰਫ ਪੰਜਾਬ ਜਾਂ ਭਾਰਤੀ ਕਿਸਾਨਾਂ ਦੇ ਹਿੱਤ ਵਿਚ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਕਿਸਾਨਾਂ ਦੇ ਹਿੱਤ ਵਿਚ ਹੈ।

ਪੂਰੀ ਦੁਨੀਆ ਇਸ ਕਿਸਾਨੀ ਸੰਘਰਸ਼ ’ਤੇ ਨਜ਼ਰਾਂ ਟਿਕਾ ਕੇ ਬੈਠੀ ਹੈ। ਕਿਸਾਨਾਂ ਵੱਲੋਂ ਗਾਰੰਟੀਸ਼ੁਦਾ ਕੀਮਤਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਲਈ ਦੁਨੀਆਂ ਭਰ ਦੇ ਕਿਸਾਨ ਸਾਲਾਂ ਤੋਂ ਪ੍ਰਦਰਸ਼ਨ ਕਰਦੇ ਆਏ ਹਨ। ਉਹਨਾਂ ਦੱਸਿਆ ਕਿ 1989 ਵਿਚ ਅਮਰੀਕਾ ਵਿਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਸੀ। ਇਸ ਮੌਕੇ ਹਜ਼ਾਰਾਂ ਟਰੈਕਟਰ ਵਾਸ਼ਿੰਗਟਨ ਡੀਸੀ ਵਿਚ ਦਾਖਲ ਹੋਏ ਅਤੇ ਉਹਨਾਂ ਨੇ 4-5 ਹਫ਼ਤੇ ਸੰਘਰਸ਼ ਕੀਤਾ। ਉਹਨਾਂ ਦੀ ਵੀ ਇਹੀ ਮੰਗ ਸੀ ਕਿ ਕਿਸਾਨਾਂ ਨੂੰ ਗਾਰੰਟੀਸ਼ੁਦਾ ਕੀਮਤਾਂ ਮਿਲੇ।

ਉਹਨਾਂ ਕਿਹਾ ਕਿ ਜੇਕਰ ਉਸ ਸਮੇਂ ਅਮਰੀਕਾ ਦੇ ਕਿਸਾਨਾਂ ਨੂੰ ਗਾਰੰਟੀਸ਼ੁਦਾ ਕੀਮਤਾਂ ਮਿਲੀਆਂ ਹੁੰਦੀਆਂ ਤਾਂ ਅਮਰੀਕਾ ਵਿਚ ਖੇਤੀਬਾੜੀ ਸੰਕਟ ਇੰਨਾ ਭਿਆਨਕ ਨਾ ਹੁੰਦਾ। ਉਹਨਾਂ ਦੱਸਿਆ ਕਿ 2020 ਦੇ ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਦੇ ਕਿਸਾਨਾਂ ਉੱਤੇ ਤਕਰੀਬਨ 425 ਬਿਲੀਅਨ ਡਾਲਰ ਦਾ ਕਰਜ਼ਾ ਹੈ। ਖੇਤੀਬਾੜੀ ਮਾਹਰ ਨੇ ਦੱਸਿਆ ਕਿ ਇਹ ਮਾਡਲ ਅਮਰੀਕਾ ਯੂਰੋਪ ਆਦਿ ਦੇਸ਼ਾਂ ਵਿਚ ਫੇਲ੍ਹ ਹੋ ਚੁੱਕੇ ਹਨ।

ਜੇਕਰ ਹੁਣ ਇਹ ਮਾਡਲ ਭਾਰਤ ਵਿਚ ਲਾਗੂ ਕੀਤੇ ਜਾਂਦੇ ਹਨ ਤਾਂ ਇਸ ਨਾਲ ਖੇਤੀਬਾੜੀ ਦਾ ਸੰਕਟ ਡੂੰਘਾ ਹੋਵੇਗਾ ਅਤੇ ਕਿਸਾਨ ਬਰਬਾਦ ਹੋ ਜਾਣਗੇ। ਉਹਨਾਂ ਮੰਗ ਕੀਤੀ ਕਿ ਐਮਐਸਪੀ ਸਬੰਧੀ ਕਾਨੂੰਨ ਬਣਾਇਆ ਜਾਵੇ। ਇਹੀ ਕਿਸਾਨਾਂ ਦੀ ਆਜ਼ਾਦੀ ਦਾ ਮੁੱਖ ਰਸਤਾ ਹੈ। ਜਦੋਂ ਦੇਸ਼ ਦੇ ਕਿਸਾਨ ਦੇ ਹੱਥ ਵਿਚ ਪੈਦਾ ਆਵੇਗਾ ਤਾਂ ਦੇਸ਼ ਦੀ ਆਰਥਿਕਤਾ ਦਾ ਵਿਕਾਸ ਹੋਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman