ਕਿਸਾਨਾਂ ਨੇ ਅੱਧੀ ਰਾਤ ਮਾਰਿਆ ਗੋਦਾਮ ਤੇ ਛਾਪਾ, ਵੱਡੀ ਮਾਤਰਾ ਚ ਫੜੀ ਨਕਲੀ ਡੀਏਪੀ ਖਾਦ

November 17 2021

ਇੱਕ ਪਾਸੇ ਤਾਂ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਦੂਜੇ ਪਾਸੇ ਕਿਸਾਨਾਂ ਨੂੰ ਕਣਕ ਦੀ ਬੀਜਾਈ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਚ ਕਿਸਾਨ ਡੀਏਪੀ ਖਾਦ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ ਤੇ ਖਜਲ-ਖੁਆਰ ਹੋ ਰਹੇ ਹਨ।

ਇਸ ਸਭ ਦੌਰਾਨ ਡੀਏਪੀ ਦੀ ਸਟੋਰੇਜ ਕਰਕੇ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਡੀਏਪੀ ਮਹਿੰਗੇ ਭਾਅ ਤੇ ਵੇਚੀ ਜਾ ਰਹੀ ਹੈ। ਹੁਣ ਖ਼ਬਰ ਆਈ ਹੈ ਕਿ ਕਿਸਾਨ ਜਥੇਬੰਦੀ ਬੀਕੇਯੂ ਡਕੌਂਦਾ ਵੱਲੋਂ ਮੁਕਤਸਰ ਦੀ ਮੰਡੀ ਬਰੀਵਾਲਾ ਵਿਖੇ ਦੇਰ ਰਾਤ ਇੱਕ ਪ੍ਰਾਈਵੇਟ ਸਟੋਰ ਤੇ ਗੁਪਤ ਸੂਚਨਾ ਮਿਲਣ ਮਗਰੋਂ ਛਾਪੇਮਾਰੀ ਕੀਤੀ ਗਈ।

ਇਸ ਛਾਪੇਮਾਰੀ ਦੌਰਾਨ ਜਥੇਬੰਦੀ ਨੇ ਨਕਲੀ ਡੀਏਪੀ ਫੜਨ ਦਾ ਦਾਅਵਾ ਕੀਤਾ। ਕਿਸਾਨ ਜਥੇਬੰਦੀ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਖੁਸ਼ਵੰਤ ਸਿੰਘ ਬਾਹਲੇ ਦੀ ਅਗਵਾਈ ਚ ਇਸ ਗੁਦਾਮ ਤੇ ਛਾਪਾਮਾਰੀ ਕੀਤੀ ਗਈ। ਉਨ੍ਹਾਂ ਮੀਡੀਆ ਸਾਹਮਣੇ ਕਿਹਾ ਕਿ ਇਹ ਡੀਏਪੀ ਨਕਲੀ ਹੈ ਤੇ ਉਨ੍ਹਾਂ ਪ੍ਰਸ਼ਾਸਨ ਕੋਲੋਂ ਕੀਤੀ ਕਿ ਇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨ ਨਾਲ ਕਿਸੇ ਤਰ੍ਹਾਂ ਦੀ ਵੀ ਲੁੱਟ ਜਾਂ ਠੱਗੀ ਨਾ ਹੋ ਸਕੇ।

ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ। ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਡੀਏਪੀ ਤਾਂ ਬਹੁਤ ਹੈ ਪਰ ਵੇਚਣ ਵਾਲਿਆਂ ਵੱਲੋਂ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live