PAU ਨੇ ਅਮਰੀਕਾ ਦੇ ਅੰਤਰਰਾਸ਼ਟਰੀ ਖਾਦ ਵਿਕਾਸ ਕੇਂਦਰ ਨਾਲ ਸਮਝੌਤੇ ਤੇ ਕੀਤੇ ਦਸਤਖਤ

January 20 2023

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਅੰਤਰਰਾਸਟਰੀ ਖਾਦ ਵਿਕਾਸ ਕੇਂਦਰ ਅਮਰੀਕਾ ਨਾਲ ਇੱਕ ਵਿਸ਼ੇਸ਼ ਸਮਝੌਤੇ ਤੇ ਦਸਤਖਤ ਕੀਤੇ। ਇਸ ਸਮਝੌਤੇ ਅਨੁਸਾਰ ਝੋਨੇ ਦੇ ਟਰਾਂਸਪਲਾਂਟਰ ਲਈ ਫਰਟੀਲਾਈਜ਼ਰ ਡੀਪ ਪਲੇਸਮੈਂਟ ਵਿਧੀ ਦੇ ਵਿਕਾਸ ਲਈ ਕਾਰਜ ਕਰਨ ਦੇ ਉਦੇਸ਼ ਨਾਲ ਦੋਵੇਂ ਸੰਸਥਾਵਾਂ ਸਾਂਝੇ ਤੌਰ ਤੇ ਯਤਨ ਕਰਨਗੀਆਂ।ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਆਈ ਐੱਫ ਡੀ ਸੀ ਦੇ ਉਪ ਪ੍ਰਧਾਨ ਡਾ. ਉਪੇਂਦਰ ਸਿੰਘ ਨੇ ਇਸ ਸਮਝੌਤੇ ਤੇ ਹਸਤਾਖਰ ਕੀਤੇ। ਇਸ ਸਮਝੌਤੇ ਵਿੱਚ ਪੀ.ਏ.ਯੂ. ਅਤੇ ਆਈ ਐਫ ਡੀ ਸੀ ਮਿਲ ਕੇ ਫਰਟੀਲਾਈਜ਼ਰ ਡੀਪ ਪਲੇਸਮੈਂਟ ਵਿਧੀ ਦੇ ਵਿਕਾਸ ਵਿੱਚ ਸਹਿਯੋਗ ਕਰਨਗੇ ਜਿਸ ਨਾਲ ਮਿੱਟੀ ਖਾਦ ਦੀ ਵਰਤੋਂ ਦੀ ਕੁਸਲਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਹੋਵੇਗੀ। ਡਾ. ਉਪੇਂਦਰ ਸਿੰਘ ਨੇ ਕਿਹਾ ਕਿ ਫਰਟੀਲਾਈਜ਼ਰ ਡੀਪ ਪਲੇਸਮੈਂਟ ਝੋਨੇ ਅਤੇ ਹੋਰ ਫਸਲਾਂ ਵਿੱਚ ਰਵਾਇਤੀ ਖਾਦ ਦੀ ਵਰਤੋਂ ਦੇ ਮੁਕਾਬਲੇ ਖਾਦ ਦੀ ਵਰਤੋਂ ਦੀ ਕੁਸਲਤਾ ਨੂੰ ਵਧਾਏਗੀ, ਇਸ ਲਈ ਇਸ ਢੰਗ ਨਾਲ ਦੇਸ ਵਿੱਚ ਯੂਰੀਆ ਦੀ ਲਗਭਗ 30% ਬੱਚਤ ਕਰਨ ਦੀ ਸਮਰੱਥਾ ਹੈ।ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਖਾਦ ਦੀ ਡੂੰਘੀ ਪਲੇਸਮੈਂਟ ਤਕਨੀਕ ਦੀ ਜਾਂਚ ਕੀਤੀ ਗਈ ਹੈ ਅਤੇ ਦੁਨੀਆ ਭਰ ਦੇ ਖੋਜਕਰਤਾਵਾਂ ਦੁਆਰਾ ਇਸਦੇ ਲਾਭ ਦੱਸੇ ਗਏ ਹਨ। ਤਾਂ ਵੀ ਇਹ ਵਿਧੀ ਆਮਤੌਰ ਤੇ ਪ੍ਰਚਲਿਤ ਨਹੀਂ ਹੈ। ਉਹਨਾਂ ਕਿਹਾ ਕਿ ਦੋਵਾਂ ਸੰਸਥਾਵਾਂ ਦਾ ਸਹਿਯੋਗੀ ਕੰਮ ਕਿਸਾਨ ਭਾਈਚਾਰੇ ਦੀ ਮਦਦ ਕਰੇਗਾ ਅਤੇ ਸਾਡੇ ਭਵਿੱਖ ਦੇ ਸਹਿਯੋਗ ਲਈ ਨਵੇਂ ਰਸਤੇ ਵੀ ਖੋਲ੍ਹੇਗਾ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਨਾਰੰਗ ਨੇ ਪ੍ਰੋਜੈਕਟ ਮਿਲਣ ਲਈ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਐੱਚ ਐੱਸ ਸਿੱਧੂ ਨੂੰ ਵਧਾਈ ਦਿੱਤੀ।ਡਾ. ਸਿੱਧੂ ਨੇ ਇਸ ਤਕਨਾਲੋਜੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੇ ਮੌਜੂਦਾ ਟਰਾਂਸਪਲਾਂਟਰਾਂ ਵਿੱਚ ਡੂੰਘਾ ਖਾਦ ਕੇਰਨ ਦੀ ਇਹ ਵਿਧੀ ਵਾਧੇ ਦੇ ਤੌਰ ਤੇ ਜੋੜ ਲਈ ਜਾਵੇਗੀ ਇਸ ਨਾਲ ਝੋਨੇ ਦੀ ਲਵਾਈ ਅਤੇ ਖਾਦ ਪਾਉਣ ਦਾ ਕੰਮ ਨਾਲੋ-ਨਾਲ ਹੋਵੇਗਾ ਜਿਸ ਨਾਲ ਖਾਦ ਪਾਉਣ ਦੀ ਮਜ਼ਦੂਰੀ ਦੇ ਖਰਚਿਆਂ ਦੀ ਬੱਚਤ ਹੋ ਸਕੇਗੀ। ਅਮਰੀਕੀ ਕੇਂਦਰ ਦੇ ਡਾ. ਯਸ਼ ਸਹਿਰਾਵਤ ਨੇ ਕਿਹਾ ਕਿ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਹ ਤਕਨੀਕ ਕੱਦੂ ਵਿੱਚ ਲਾਏ ਝੋਨੇ ਲਈ ਮਹੱਤਵਪੂਰਨ ਖੋਜ ਹੈ ਜਿਸ ਨਾਲ ਆਮਤੌਰ ਤੇ ਯੂਰੀਆ ਖਾਦ ਦੇ ਖਰਚਿਆਂ ਵਿੱਚ ਕਮੀ ਦੇਖੀ ਜਾ ਸਕਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran