ਸਬਸਿਡੀ ਵਾਲੇ ਕਣਕ ਬੀਜ ਲੈਣ ਲਈ ਇੱਥੇ ਭੇਜੋ 26 ਅਕਤੂਬਰ ਤੱਕ ਅਰਜ਼ੀਆਂ

October 18 2022

ਹਾੜੀ 2022-23 ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਿਸਾਨਾਂ ਨੂੰ ਮਿਆਰੀ ਕਣਕ ਬੀਜ ਸਬਸਿਡੀ ਤੇ ਮੁਹੱਈਆ ਕਰਵਾਉਣ ਹਿਤ 10 ਹਜ਼ਾਰ ਕੁਇੰਟਲ ਕਣਕ ਬੀਜ ਸਬਸਿਡੀ ਤੇ ਦੇਣ ਦਾ ਟੀਚਾ ਪ੍ਰਾਪਤ ਹੋਇਆ ਹੈ। ਕਣਕ ਦੇ ਤਸਦੀਕਸ਼ੁਦਾ ਬੀਜ ਦੀ ਕੀਮਤ ਦਾ 50% ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਣਾ ਹੈ। ਇਸ ਸਬੰਧੀ ਜ਼ਿਲ੍ਹੇ ਵਿਚ ਕਣਕ ਬੀਜ ਪਾਲਿਸੀ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇਗਾ।

ਮਿਆਰੀ ਕਣਕ ਬੀਜ ਸਬਸਿਡੀ ਤੇ ਲੈਣ ਲਈ ਕਿਸਾਨ 26 ਅਕਤੂਬਰ ਤੱਕ ਅਰਜ਼ੀਆਂ ਦੇ ਸਕਦੇ ਹਨ। ਇਸ ਬਾਰੇ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਸ ਸਾਲ ਕਿਸਾਨ ਵੀਰਾਂ ਨੂੰ ਮਿਆਰੀ ਕਣਕ ਬੀਜ ਸਬਸਿਡੀ ਤੇ ਮੁਹੱਈਆ ਕਰਵਾਉਣ ਹਿਤ ਮੌਕੇ ਤੇ ਸਬਸਿਡੀ ਕੱਟ ਕੇ ਘੱਟ ਰੇਟ ਤੇ ਕਣਕ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਕਰਕੇ ਅਤੇ ਪਿੰਡ ਦੇ ਸਰਪੰਚ/ਨੰਬਰਦਾਰ ਪਾਸੋਂ ਤਸਦੀਕ ਕਰਵਾਉਣ ਉਪਰੰਤ ਮੁਕੰਮਲ ਬਿਨੈ ਪੱਤਰ 26 ਅਕਤੂਬਰ ਤੱਕ ਬਲਾਕ ਪੱਧਰ/ਫੋਕਲ ਪੁਆਇੰਟ ਪੱਧਰ ਤੇ ਸਥਾਪਤ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਵਿਖੇ ਜਮ੍ਹਾਂ ਕਰਵਾਏ ਜਾਣ।

ਖੇਤੀਬਾੜੀ ਵਿਭਾਗ ਦੇ ਦਫ਼ਤਰ ਸਨਿਚਰਵਾਰ/ਐਤਵਾਰ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ। ਯੋਗ ਪਾਏ ਜਾਣ ਵਾਲੇ ਬਿਨੈਕਾਰਾਂ ਨੂੰ 26 ਅਕਤੂਬਰ ਤੋਂ ਬਾਅਦ ਪਰਮਿਟ ਜਾਰੀ ਕੀਤੇ ਜਾਣਗੇ, ਜਿਸ ਪਰਮਿਟ ਨਾਲ ਕਿਸਾਨ ਕਣਕ ਦਾ ਮਿਆਰੀ ਤਸਦੀਕਸ਼ੁਦਾ ਬੀਜ ਘੱਟ ਰੇਟ ਤੇ ਖ਼ਰੀਦ ਸਕਣਗੇ।