ਵੱਟਾਂ ਉਪਰ ਝੋਨੇ ਦੀ ਕਾਸ਼ਤ ਕਰਨ ਨਾਲ ਵੱਡੇ ਪੱਧਰ ਤੇ ਮਿਥੇਨ ਗੈਸ ਨਾਲ ਪਹੁੰਚਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ-ਡਾ. ਦਲੇਰ ਸਿੰਘ

July 04 2022

ਗੁਰਚਰਨ ਸਿੰਘ ਜੰਜੂਆ, ਅਮਲੋਹ -ਪੰਜਾਬ ਵਿੱਚ ਅਗਰ ਝੋਨੇ ਦੀ ਬਿਜਾਈ ਕੱਦੂ ਕਰਨ ਦੀ ਬਜਾਏ ਵੱਟਾਂ ਉਪਰ ਕੀਤੀ ਜਾਵੇ ਤਾਂ ਜਿਥੇ ਪੰਜਾਬ ਦਾ ਵਾਤਾਵਰਣ ਦੂਸ਼ਿਤ ਹੋਣੇ ਬਚੇਗਾ, ਉਥੇ ਘੱਟ ਖਰਚ ਨਾਲ ਵਧੇਰੇ ਝਾੜ੍ਹ ਪ੍ਰਾਪਤ ਹੋਵੇਗਾ ਅਤੇ ਇਨਸਾਨਾਂ ਨੂੰ ਹੋਣ ਵਾਲੀਆਂ  ਬਿਮਾਰੀਆਂ ਵਿੱਚ ਵੀ ਵੱਡੀ ਗਿਰਾਵਟ ਆਵੇਗੀ, ਕਿਉਕਿ ਅਸੀ ਝੋਨੇ ਦੀ ਲਵਾਈ ਸਮੇ ਕੱਦੂ ਕਰਕੇ ਧਰਤੀ ਵਿਚੋਂ ਆਕਸੀਜਨ ਦੇ ਸਰੋਤ ਖਤਮ ਕਰ ਦਿੰਦੇ ਹਾਂ ਅਤੇ ਆਕਸੀਜਨ ਦੇ ਸਰੋਤ ਖਤਮ ਹੋਣ ਨਾਲ ਮਿਥੇਨ ਗੈਸ ਵੱਡੀ ਮਾਤਰਾ ਵਿੱਚ ਪੈਦਾ ਹੁੰਦੀ ਹੈ,  ਜਿਸ ਨਾਲ ਵਾਤਾਵਰਣ ਵਿੱਚ ਜਿਥੇ ਤਾਪਮਾਨ ਵੱਧਦਾ ਹੈ, ਉਥੇ ਹੀ ਇਹ ਗੈਸ ਗਰੀਨ ਹਾਊਸ ਗੈਸਾਂ ਵਿੱਚ ਵਾਧਾ ਕਰਦੀ ਹੈ।  ਇਹ ਵਿਚਾਰ ਪੰਜਾਬ ਦੇ ਉੱਘੇ ਖੇਤੀ ਮਾਹਿਰ ਤੇ ਸਾਬਕਾ ਖੇਤੀ ਸੂਚਨਾ ਅਫਸਰ  ਡਾ. ਦਲੇਰ ਸਿੰਘ ਨੇ ਗੱਲਬਾਤ ਕਰਦਿਆਂ ਪ੍ਰਗਟਾਏ।  ਉਨ੍ਹਾਂ ਕਿਹਾ ਕਿ ਕੱਦੂ ਕਰਨ ਨਾਲ ਜਿਥੇ ਅਸੀ ਫਸਲਾਂ ਦੇ ਮਿੱਤਰ ਕੀੜ੍ਹਿਆਂ ਨੂੰ ਖੁੱਦ ਹੀ ਭਸਮ ਕਰਨ ਦੇ ਜਿੰਮੇਵਾਰ ਹਾਂ, ਜਮੀਨ ਵਿੱਚ ਪਾਣੀ ਖੜਣ ਨਾਲ ਸਿਲੇ ਹੋਏ ਮੌਸਮ ਵਿੱਚ ਫਸਲਾਂ ਦੇ ਦੁਸ਼ਮਣ ਕੀੜ੍ਹਿਆਂ ਦੇ ਵਧਣ ਫੁੱਲਣ ਦਾ ਮਾਹੌਲ ਮੁਹੱਈਆ ਕਰਵਾ ਦਿੰਦੇ ਹਾਂ। ਕੱਦੂ ਕਰਕੇ ਲਗਾਏ ਝੋਨੇ ਨੂੰ ਵਧੇਰੇ ਬਿਮਾਰੀਆਂ ਲਗਦੀਆਂ ਹਨ ਕਿਸਾਨ ਅੰਨੇਵਾਹ ਜ਼ਹਿਰਾਂ ਦੀ ਵਰਤੋ ਕਰਦੇ ਹਨ, ਜਿਸ ਕਰਕੇ ਵਿੱਤੀ ਨੁਕਸਾਨ ਵਧੇਰੇ ਹੁੰਦਾ ਹੈ ਅਤੇ ਅੰਨੇਵਾਹ ਜ਼ਹਿਰਾਂ ਕਰਕੇ ਝੋਨੇ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ ਜੋ ਕੌਮਾਂਤਰੀ ਮਾਪ ਦੰਡਾਂ ਉਪਰ ਖਰ੍ਹੀ ਨਾ ਉਤਰਨ ਕਾਰਣ  ਕਿਸਾਨ ਆਪਣੀ ਜਿਣਸ ਨੂੰ ਕੌਮਾਂਤਰੀ ਮੰਡੀ ਵਿੱਚ ਪਹੁੰਚਾਉਣ ਲਈ ਅਸਫ਼ਲ ਰਹਿੰਦਾ ਹੈ। ਜੋ ਦੇਸ਼ ਅਤੇ  ਕਿਸਾਨ ਵਾਸਤੇ ਆਰਥਿਕ ਤੌਰ ਤੇ ਮੰਦਹਾਲੀ ਦਾ ਕਾਰਣ ਬਣਦਾ ਹੈ।  ਉਹਨਾਂ ਧਰਤੀ ਹੇਠਲੇ ਪਾਣੀ ਦੇ ਨਿਘਾਰ ਬਾਰੇ ਵੀ ਅਹਿਮ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਰ ਪੰਜਾਬ ਦਾ ਕਿਸਾਨ ਖੇਤੀ ਸਬੰਧੀ ਮਾਹਿਰਾਂ ਵਲੋ ਅਪਣਾਏ ਢੰਗ ਤਰੀਕੇ ਅਤੇ ਤਜਰਬੇ ਅਨੁਸਾਰ ਫਸਲਾਂ ਦੀ ਬਿਜਾਈ ਅਤੇ ਸੰਭਾਲ ਕਰਨ ਲੱਗ ਜਾਵੇ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵੱਧ ਜਾਵੇਗਾ।  ਅੱਜ ਕਿਸਾਨਾਂ ਦੇ ਮਨਾਂ ਵਿੱਚ ਇੱਕ ਵਹਿਮ ਪੂਰੀ ਤਰ੍ਹਾਂ ਬੈਠ ਗਿਆ ਹੈ ਕਿ ਝੋਨੇ ਦੀ ਫਸਲ ਸਿਰਫ਼ ਪਾਣੀ ਉਪਰ ਹੀ ਨਿਰਭਰ ਹੈ, ਜਦ ਕਿ ਅਸਲ ਵਿੱਚ ਅਜਿਹਾ ਨਹੀ ਹੈ,  ਝੋਨੇ ਦੀ ਫਸਲ ਨੂੰ ਵੱਟਾਂ ਉਪਰ ਬੀਜ ਕੇ ਜਿਥੇ ਕਿਸਾਨ ਆਪਣਾ ਖਰਚਾ ਬਚਾ ਸਕਦਾ ਹੈ, ਉਥੇ ਪਾਣੀ ਦੀ ਬਹੁੱਤ ਘੱਟ ਮਾਤਰਾ ਨਾਲ ਝੋਨੇ ਦੀ ਫਸਲ ਨੂੰ ਪਾਲ ਕੇ ਆਪਣਾ ਜੀਵਨ ਪੱਧਰ ਵਧੀਆ ਕਰ ਸਕਦਾ ਹੈ,  ਕਿਉਕਿ ਵੱਟਾਂ ਉਪਰ ਕੀਤੀ ਬਿਜਾਈ ਕਰਕੇ ਝੋਨੇ ਵਿੱਚ ਪਾਣੀ ਖੜਾਉਣ ਦੀ ਜਰੂਰਤ ਨਹੀ ਹੈ ਅਤੇ ਉਸ ਨੂੰ  ਹਲਕੇ ਪਾਣੀ ਦਿੰਦੇ ਰਹਿਣ ਨਾਲ ਹੀ ਵਧੇਰੇ ਝਾੜ੍ਹ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜ਼ਹਿਰਾਂ ਦੀ ਵਰਤੋ ਵਿੱਚ ਵੀ ਵੱਡੀ ਗਿਰਾਵਟ ਆਵੇਗੀ।  ਖੇਤੀ ਮਾਹਿਰ ਨੇ ਦੱਸਿਆ ਕਿ ਵੱਟਾਂ ਉਪਰ ਬਿਜਾਈ ਕੀਤੇ ਝੋਨੇ ਨਾਲ ਫਸਲੀ ਮਿੱਤਰ ਕੀੜਿਆਂ ਨੂੰ ਵੱਧਣ ਫੁੱਲਣ ਵਿੱਚ ਵਧੇਰੇ ਸਾਜ਼ਗਾਰ ਮਾਹੌਲ ਮਿਲੇਗਾ, ਜੋ ਦੁਸ਼ਮਣ ਕੀੜ੍ਹਿਆਂ ਦਾ ਡੱਟ ਕੇ ਮੁਕਾਬਲਾ ਕਰ ਸਕਦੇ ਹਨ। ਧਰਤੀ ਵਿੱਚ ਪਾਣੀ ਵੀ ਲਗਾਤਾਰ ਰੀਚਾਰਜ ਹੁੰਦਾ ਰਹੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਹਿਰਾਂ ਵਲੋ ਕੀਤੀਆਂ ਖੋਜਾਂ ਸਦਕਾ ਇਹ ਤੱਥ ਸਾਹਮਣੇ ਆਏ ਹਨ ਕਿ ਝੋਨੇ ਦੇ ਝਾੜ੍ਹ ਵਿੱਚ ਗਿਰਾਵਟ ਨਹੀ, ਸਗੋ ਵੱਟਾਂ ਉਪਰ ਬਿਜਾਈ ਕੀਤੇ ਝੋਨੇ ਦਾ ਵੱਧ ਝਾੜ੍ਹ ਮਿਲਦਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ, ਸਮੁੱਚੇ ਕਿਸਾਨ ਭਾਈਚਾਰੇ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸਵੈ ਸੇਵੀ ਸੰਸਥਾਵਾਂ ਨੂੰ ਤਾਕੀਦ ਕੀਤੀ ਕਿ ਉਹ ਵਾਤਾਵਰਣ ਨੂੰ ਬਚਾਉਣ ਅਤੇ ਕਿਸਾਨ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਾਸਤੇ ਯੋਜਨਾਬੱਧ ਤਰੀਕੇ ਨਾਲ ਇਸ ਵਿਧੀ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਪੰਜਾਬ ਦੇ ਅਗਾਂਹਵਧੂ ਕਿਸਾਨ ਅਤੇ ਸਰਕਾਰਾਂ ਵਲੋ ਵਿਸ਼ੇਸ ਸਨਮਾਨੇ ਜਾਂਦੇ ਕਿਸਾਨ ਬਲਬੀਰ ਸਿੰਘ ਜੜ੍ਹੀਆ ਨੇ ਇਸ ਵਿਧੀ ਬਾਰੇ ਕਿਹਾ ਕਿ ਕੱਦੂ ਦੀ ਬਜਾਏ ਵੱਟਾਂ ਉਪਰ ਬੀਜੀ ਝੋਨੇ ਦੀ ਫਸਲ ਤੋ ਉਹ ਘੱਟ ਖਰਚ ਕਰਕੇ ਵਧੇਰੇ ਝਾੜ੍ਹ ਪ੍ਰਾਪਤ ਕਰਦੇ ਆ ਰਹੇ ਹਨ।  ਉਨ੍ਹਾਂ ਵੱਟਾਂ ਉਪਰ ਕੀਤੀ ਬਿਜਾਈ ਨਾਲ ਖੇਤਾਂ ਵਿੱਚ ਲਹਿਰਾਉਂਦੀ ਝੋਨੇ ਦੀ ਫਸਲ ਦੱਸਦਿਆਂ ਕਿਹਾ ਕਿ ਇਸ ਵਿਧੀ ਨਾਲ ਤਿਆਰ ਕੀਤੇ ਝੋਨੇ ਨੂੰ ਕੱਟਣ ਤੋ ਬਾਅਦ ਜੋ ਪਹਿਲਾਂ ਮੁਸ਼ਕਲਾਂ ਅਗਲੀ ਫਸਲ ਨੂੰ ਤਿਆਰ ਕਰਨ ਸਮੇ ਕਿਸਾਨਾਂ ਨੂੰ ਆਉਂਦੀਆਂ ਸਨ, ਉਹ ਵੀ ਘੱਟ ਗਈਆਂ ਹਨ, ਜ਼ਮੀਨ ਨੂੰ ਤਿਆਰ ਕਰਨ ਸਮੇ ਜਿਥੇ ਟਰੈਕਟਰ ਦਾ ਬਹੁੱਤ ਘੱਟ ਜੋਰ ਲੱਗਦਾ ਹੈ, ਉਥੇ ਘੱਟ ਡੀਜ਼ਲ ਦੀ ਵਰਤੋ ਅਤੇ ਘੱਟ ਸਮੇ ਵਿੱਚ ਅਗਲੀ ਫਸਲ ਵਾਸਤੇ ਖੇਤ ਤਿਆਰ ਹੋ ਜਾਦਾਂ ਹੈ।  ਸ੍ਰੀ ਜੜ੍ਹੀਆਂ ਨੇ ਕਿਹਾ ਕਿ ਇਸ ਵਿਧੀ ਨੂੰ ਅਪਨਾਉਣ ਵਿੱਚ ਕਿਸਾਨ ਨੂੰ ਕੋਈ ਹਿਚਕਚਾਹਟ ਨਹੀ ਕਰਨੀ ਚਾਹੀਦੀ, ਕਿਉਕਿ ਉਹ ਖੁੱਦ ਅਤੇ ਖੇਤੀ ਮਾਹਿਰ ਸਮੇ ਸਮੇ ਕਿਸਾਨਾਂ ਨੂੰ ਮੁਨਾਸਬ ਸੁਲਾਹ ਅਤੇ ਅਗਵਾਈ ਵਿੱਚ ਤਤਪਰ ਰਹਿੰਦੇ ਹਨ।  ਉਨ੍ਹਾਂ ਅਗੇ ਦੱਸਿਆ ਕਿ ਕਿਸਾਨਾਂ ਨੂੰ ਫਸਲਾਂ ਉਪਰ ਖਤਰਨਾਕ ਜ਼ਹਿਰਾਂ ਦੀ ਵਰਤੋ ਕਰਨ ਤੋ ਪ੍ਰਹੇਜ਼ ਕਰਨ ਵਾਸਤੇ ਉਹ ਖੇਤੀਬਾੜ੍ਹੀ ਮਾਹਿਰਾਂ ਅਤੇ ਸਬੰਧਤ ਕੰਪਨੀਆਂ ਦੇ ਸਹਿਯੋਗ ਨਾਲ ਆਪਣੇ ਤੌਰ ਤੇ ਕਮਾਨ ਸੰਭਾਲੇ ਹੋਏ ਹਨ, ਜਿਸ ਸਦਕਾ ਇਲਾਕੇ ਵਿੱਚ ਪਿਛਲੇ ਸਾਲਾਂ ਦੇ ਅੰਕੜ੍ਹਿਆਂ ਨਾਲ ਇਸ ਸੀਜ਼ਨ ਵਿੱਚ ਘੱਟ ਜਹਿਰਾਂ ਦੀ ਵਰਤੋ ਹੋਈ ਹੈ। ਕੁਦਰਤੀ ਸੋਮਿਆਂ ਨੂੰ ਬਚਾਉਣ ਦੇ ਪੱਖਦਾਰ ਅਤੇ ਵਾਤਾਵਰਣ ਨੂੰ ਸਮਰਪਿਤ ਪਰਗਟ ਸਿੰਘ ਬੜਿੰਗ ਨੇ ਪੰਜਾਬ ਦੇ ਰਾਜਨੀਤਕ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ, ਸਵੈ ਸੰਸਥਾਵਾਂ ਅਤੇ ਧਾਰਮਿਕ ਅਲੰਬਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣ। ਉਨ੍ਹਾਂ ਕੁੱਝ ਆਗੂਆਂ ਵਲੋ ਕਿਸਾਨੀ ਅਤੇ ਵਾਤਾਵਰਣ ਦੇ ਮੁੱਦੇ ਉਪਰ ਰਾਜਨੀਤੀ ਕਰਨ ਵਾਲਿਆਂ ਨੂੰ  ਆੜ੍ਹੇ ਹੱਥੀ ਲੈਦਿਆਂ ਕਿਹਾ ਕਿ ਖੁੱਦ ਖੇਤੀ ਮਾਹਿਰਾਂ ਵਲੋ ਦੱਸੀਆਂ ਜਾ ਰਹੀਆਂ ਤਕਨੀਕਾਂ ਨੂੰ ਅਪਣਾ ਰਹੇ ਹਨ ਅਤੇ ਆਪਣੀ ਲੀਡਰੀ ਚਮਕਾਉਣ ਹਿੱਤ ਕਿਸਾਨਾਂ ਨੂੰ ਭੜਕਾਉਂਦੇ ਹਨ।