ਲਾਲੜੂ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਨੇ ਰਫ਼ਤਾਰ ਫੜੀ

April 16 2019

ਮਾਰਕੀਟ ਕਮੇਟੀ ਲਾਲੜੁੂ ਅਧੀਨ ਆਉਂਦੀ ਦਾਣਾ ਮੰਡੀ, ਲਾਲੜੂ, ਤਸਿੰਬਲੀ ਤੇ ਜੜੌਤ ਵਿਚ ਕਣਕ ਦੀ ਆਮਦ ਵਿੱਚ ਇਕ ਦਮ ਵਾਧਾ ਹੋਇਆ ਹੈ, ਜਿਸ ਦੇ ਚੱਲਦੇ ਹੁਣ ਤੱਕ ਤਿੰਨੇ ਮੰਡੀਆਂ ਵਿੱਚ 28 ਹਜ਼ਾਰ ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ। ਅਜੇ ਤੱਕ ਮੰਡੀਆਂ ਵਿਚ ਆ ਰਹੀ ਕਣਕ ਦੀ ਫਸਲ ਅੰਦਰ ਨਮੀ ਹੋਣ ਕਾਰਨ ਖਰੀਦ ਏਜੰਸੀਆਂ ਖਰੀਦਣ ਲਈ ਆਨਾਕਾਨੀ ਕਰ ਰਹੀਆਂ ਹਨ, ਜਿਸ ਦੇ ਚੱਲਦੇ ਦਾਣਾ ਮੰਡੀ ਦੇ ਫੜ੍ਹ ’ਤੇ ਕਿਸਾਨ ਆਪਣੀ ਫਸਲ ਸੁਕਾ ਰਹੇ ਹਨ।

ਲਾਲੜੂ ਦੀ ਦਾਣਾ ਮੰਡੀ ਦਾ ਦੌਰਾ ਕਰਨ ਵੇਲੇ ਵੇਖਣ ਵਿਚ ਆਇਆ ਕਿ ਦਾਣਾ ਮੰਡੀ ਦੇ ਫੜ੍ਹ ਦੇ ਵੱਡੇ ਹਿੱਸੇ ’ਤੇ ਕਿਸਾਨਾਂ ਦੀ ਕਣਕ ਸੁੱਕ ਰਹੀ ਸੀ, ਜਿਸ ਦੇ ਚੱਲਦੇ ਕਿਸਾਨਾਂ ਦਾ ਕਹਿਣਾ ਸੀ ਕਿ ਆਉਂਦੇ ਦਿਨਾਂ ’ਚ ਮੀਂਹ ਦੇ ਡਰ ਕਾਰਨ ਵੀ ਕਿਸਾਨ ਕੰਬਾਇਨਾਂ ਰਾਂਹੀ ਫਸਲ ਦੀ ਵਾਢੀ ਕਰਕੇ ਮੰਡੀਆਂ ਵਿੱਚ ਲਿਆ ਰਹੇ ਹਨ। ਦੂਜੇ ਪਾਸੇ ਮੰਡੀ ਵਿਚ ਕਣਕ ਦੀ ਫਸਲ ਲੈ ਕੇ ਆਏ ਕਿਸਾਨ ਜਸਵੰਤ ਸਿੰਘ ਜੌਲਾ ਕਲਾਂ, ਮਹਿੰਦਰ ਸਿੰਘ ਜਲਾਲਪੁਰ, ਰਜਿੰਦਰ ਸਿੰਘ ਤੋਫਾਂਪੁਰ ਨੇ ਕਿਹਾ ਕਿ ਕੁੱਲ ਮਿਲਾ ਕੇ ਮੰਡੀ ਵਿਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀ ਆ ਰਹੀ। ਜਦ ਕਿ ਖਰੀਦ ਏਜੰਸੀਆਂ ਦੇ ਅਧਿਕਾਰੀ ਠੀਕ ਢੰਗ ਨਾਲ ਸਲੂਕ ਕਰ ਰਹੇ ਹਨ। ਆੜ੍ਹਤੀ ਆਸੋਸ਼ੀਏਸ਼ਨ ਦੇ ਪ੍ਰਧਾਨ ਦੇਵ ਰਾਜ ਵਲੇਚਾ, ਅਸੋਕ ਕੁਮਾਰ ਬਤਰਾ ਨੇ ਦੱਸਿਆ ਕਿ ਅਜੇ ਤੱਕ ਕਣਕ ਦੀ ਅਦਾਇਗੀ ਬਾਰੇ ਸਰਕਾਰ ਵੱਲੋਂ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਹੋਏ, ਜਿਸ ਕਾਰਨ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਕਰਨ ਲਈ ਮੁਸ਼ਕਲ ਆ ਰਹੀ ਹੈ।

ਮਾਰਕੀਟ ਕਮੇਟੀ ਲਾਲੜੂ ਦੇ ਸਕੱਤਰ ਗੁਰਨਾਮ ਸਿੰਘ ਸੈਣੀ ਨੇ ਕਿਹਾ ਕਿ ਅੱਜ ਤੋਂ ਕਣਕ ਦੀ ਲਿਫਟਿੰਗ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਮੰਡੀਆਂ ਵਿਚ ਪਈ ਕਣਕ ਦੀ ਫਸਲ ਖਰੀਦ ਏਜੰਸੀਆਂ ਵੱਲੋਂ ਚੁੱਕੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਮਾਰਕਫੈੱਡ, ਪਨਗਰੇਨ ਅਤੇ ਪਨਸਪ ਵੱਲੋਂ ਕਣਕ ਦੀ ਖਰੀਦ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ