ਸਿੱਖਿਆ, ਸਿਖਲਾਈ ਤੇ ਸੇਧ ਦੇਣ ਨੂੰ ਸਮਰਪਿਤ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ

July 06 2021

ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਸਥਾਪਨਾ 2006 ’ਚ ਕੀਤੀ ਗਈ। ਇਹ ਯੂਨੀਵਰਸਿਟੀ ਪਸ਼ੂ ਪਾਲਣ ਕਿੱਤਿਆਂ ਸਬੰਧੀ ਸਿੱਖਿਆ, ਸਿਖਲਾਈ ਤੇ ਸੇਧ ਦੇਣ ਦੇ ਨਾਲ-ਨਾਲ ਖੋਜ ਦੇ ਖੇਤਰ ’ਚ ਵੀ ਅਹਿਮ ਉਪਰਾਲੇ ਕਰ ਰਹੀ ਹੈ। ਡਾ. ਇੰਦਰਜੀਤ ਸਿੰਘ ਇਸ ਸਮੇਂ ਇਸ ਯੂਨੀਵਰਸਿਟੀ ਦੇ ਉਪ-ਕੁਲਪਤੀ ਦੇ ਤੌਰ ’ਤੇ ਸੇਵਾ ਨਿਭਾ ਰਹੇ ਹਨ। ਯੂਨੀਵਰਸਿਟੀ ਦਾ ਮੁੱਖ ਉਦੇਸ਼ ਅਧਿਆਪਨ ਰਾਹੀਂ ਇਸ ਖੇਤਰ ’ਚ ਬਿਹਤਰ ਪੇਸ਼ੇਵਰ ਪੈਦਾ ਕਰਨਾ ਹੈ। ਇਸ ਦਾ ਦੂਜਾ ਮਹਤੱਵਪੂਰਨ ਟੀਚਾ ਖੋਜ ਤੇ ਪਸਾਰ ਗਤੀਵਿਧੀਆਂ ਰਾਹੀਂ ਪਸ਼ੂਧਨ ਕਿੱਤਿਆਂ ’ਚ ਉਤਪਾਦਕਤਾ ਵਧਾ ਕੇ ਤੇ ਬਿਮਾਰੀਆਂ ਨੂੰ ਕਾਬੂ ਕਰ ਕੇ ਪਸ਼ੂਆਂ ਨੂੰ ਚੰਗੀ ਸਿਹਤ ਦੇਣਾ ਹੈ।

ਡਾ. ਇੰਦਰਜੀਤ ਸਿੰਘ ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਦੇ ਨਿਰਦੇਸ਼ਕ ਦੇ ਤੌਰ ’ਤੇ ਅਤੇ ਉਸ ਤੋਂ ਪਹਿਲਾਂ ਮੱਝਾਂ ਦੀ ਖੋਜ ਸੰਬੰਧੀ ਕੇਂਦਰੀ ਸੰਸਥਾ, ਹਿਸਾਰ ਦੇ ਨਿਰਦੇਸ਼ਕ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਜੂਨ 2020 ’ਚ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਉਪ-ਕੁਲਪਤੀ ਨਿਯੁਕਤ ਕੀਤਾ ਗਿਆ। ਉਨ੍ਹਾਂ ਦਾ ਵਿਚਾਰ ਹੈ ਕਿ ਨਸਲ ਸੁਧਾਰ ਦੇ ਨਾਲ ਪਸ਼ੂਆਂ ਦੀ ਗਿਣਤੀ ਨੂੰ ਘੱਟ ਰੱਖ ਕੇ ਵੀ ਉਤਪਾਦਨ ਨੂੰ ਬਿਹਤਰ ਕੀਤਾ ਜਾ ਸਕਦਾ ਹੈ ਤੇ ਦੁੱਧ ਦੀ ਪ੍ਰੋਸੈਸਿੰਗ ਨਾਲ ਕਿਸਾਨਾਂ ਦੇ ਮੁਨਾਫ਼ੇ ਨੂੰ ਵਧਾਇਆ ਜਾ ਸਕਦਾ ਹੈ। ਜਦੋਂ ਉਨ੍ਹਾਂ ਨੇ ਯੂਨੀਵਰਸਿਟੀ ’ਚ ਆਪਣਾ ਸੇਵਾਕਾਲ ਸ਼ੁਰੂ ਕੀਤਾ ਤਾਂ ਸਾਰਾ ਵਿਸ਼ਵ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਸੀ। ਇਸ ਲਈ ਯੂਨੀਵਰਸਿਟੀ ਦੀਆਂ ਚੁਣੌਤੀਆਂ ਨਵੇਂ ਰੂਪ ’ਚ ਉੱਭਰ ਰਹੀਆਂ ਸਨ। ਅਜਿਹੀਆਂ ਚੁਣੌਤੀਆਂ ਦੇ ਰੂਪ ’ਚ ਇਕ ਚੁਣੌਤੀ ਕੋਰੋਨਾ ਮਰੀਜ਼ਾਂ ਦੀ ਜਾਂਚ ਕਰਨਾ ਸੀ। ਇਸ ਸਬੰਧੀ ਅਗਸਤ 2020 ’ਚ ਕੋਰੋਨਾ ਦੀ ਜਾਂਚ ਸੰਬੰਧੀ ਇਕ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ। ਰਾਸ਼ਟਰੀ ਸੇਵਾ ਦੇ ਇਸ ਕੰਮ ਅਧੀਨ ਹੁਣ ਤਕ ਇਸ ਪ੍ਰਯੋਗਸ਼ਾਲਾ ਵਿਚ 3.5 ਲੱਖ ਦੇ ਕਰੀਬ ਟੈਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਖੇਤਰ ਵਿਚ ਕੰਮ ਕਰਦੇ ਵੈਟਨਰੀ ਪੇਸ਼ੇਵਰਾਂ ਦੀ ਕੌਸ਼ਲਤਾ ਨੂੰ ਹੋਰ ਵਧਾਉਣ ਵਾਸਤੇ 9 ਨਵੇਂ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸ, 2 ਛੋਟੇ ਕੋਰਸ ਤੇ 8 ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਹਨ ਤਾਂ ਜੋ ਪੇਸ਼ੇਵਰ ਆਪਣੀ ਹੁਨਰ ਕੌਸ਼ਲਤਾ ਨੂੰ ਹੋਰ ਨਿਖਾਰ ਸਕਣ। ਵਿਦਿਆਰਥੀਆਂ ਦੀ ਸਿੱਖਿਆ ਨੂੰ ਬਿਹਤਰ ਕਰਨ ਲਈ ਯੂਨੀਵਰਸਿਟੀ ਦੇ 13 ਲੈਕਚਰ ਕਮਰਿਆਂ ਨੂੰ ਡਿਜੀਟਲ ਰੂਪ ’ਚ ਵਿਕਸਤ ਕੀਤਾ ਗਿਆ ਹੈ ਤੇ ਇਕ ਕਲਾਸ ਰੂਮ ਨੂੰ ਵਰਚੂਅਲ ਸਹੂਲਤਾਂ ਨਾਲ ਅਤਿ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਕਈ ਨਾਮੀ ਯੂਨੀਵਰਸਿਟੀਆਂ ਤੇ ਸੰਸਥਾਵਾਂ ਨਾਲ ਖੋਜ ਤੇ ਅਧਿਆਪਨ ਸਬੰਧੀ ਕਈ ਸਮਝੌਤੇ ਕੀਤੇ ਗਏ ਹਨ। ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੀ ਵੱਖੋ-ਵੱਖਰੇ ਅਦਾਰਿਆਂ ’ਚ ਚੋਣ ਵੀ ਹੋਈ ਹੈ।

ਪ੍ਰਯੋਗੀ ਗਿਆਨ ਲਈ ਕੀਤਾ ਉੱਦਮ

ਕੋਰੋਨਾ ਕਾਲ ’ਚ ਆਨਲਾਈਨ ਕਲਾਸਾਂ ਕਾਰਨ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾ ’ਚ ਮਿਲਣ ਵਾਲਾ ਪ੍ਰਯੋਗੀ ਗਿਆਨ ਨਹੀਂ ਸੀ ਮਿਲ ਰਿਹਾ। ਇਸ ਲਈ ਦੂਰ ਅੰਦੇਸ਼ੀ ਸੋਚ ਦਾ ਸਬੂਤ ਦਿੰਦਿਆਂ ਉਨ੍ਹਾਂ ਲਈ ਪ੍ਰਯੋਗਾਂ ਦੀਆਂ ਤਕਰੀਬਨ 30 ਵੀਡੀਓ ਫਿਲਮਾਂ ਤਿਆਰ ਕਰ ਕੇ ਯੂਨੀਵਰਸਿਟੀ ਦੇ ਯੂ-ਟਿਊਬ ਚੈਨਲ ’ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ, ਜਿੱਥੋਂ ਕੋਈ ਵੀ ਇਸ ਗਿਆਨ ਨਾਲ ਸਾਂਝ ਪਾ ਸਕਦਾ ਹੈ। ਵਿਦਿਆਰਥੀਆਂ ਦੇ ਹੋਸਟਲਾਂ ਦੀ ਨਵ-ਉਸਾਰੀ, 24 ਘੰਟੇ ਬਿਜਲੀ ਦੀ ਸਹੂਲਤ ਤੇ ਹੋਸਟਲਾਂ-ਕਾਲਜਾਂ ਵਿਚ ਵਾਈ-ਫਾਈ ਦਾ ਪ੍ਰਬੰਧ ਕੀਤਾ ਗਿਆ। ਯੂਨੀਵਰਸਿਟੀ ’ਚ ਜਨਤਕ ਸਿਹਤ ਸਕੂਲ ਨੂੰ ‘ਵਨ ਹੈਲਥ ਕੇਂਦਰ’ ਦੇ ਤੌਰ ’ਤੇ ਸੰਗਠਿਤ ਕੀਤਾ ਗਿਆ ਹੈ ਕਿਉਂਕਿ ਇਸ ਵਕਤ ਇਹ ਬਹੁਤ ਮਹੱਤਵਪੂਰਨ ਪਹਿਲੂ ਹੈ ਕਿ ਪਸ਼ੂ, ਮਨੁੱਖ ਤੇ ਵਾਤਾਵਰਨ ਆਪਸ ’ਚ ਸਬੰਧਾਤਮਕ ਰੂਪ ’ਚ ਜੁੜੇ ਹੋਏ ਹਨ ਤੇ ਇਸ ਵੇਲੇ ਨਵੀਆਂ ਪੈਦਾ ਹੋਣ ਵਾਲੀਆਂ 75 ਫ਼ੀਸਦੀ ਬਿਮਾਰੀਆਂ ਪਸ਼ੂਆਂ, ਮਨੁੱਖਾਂ ਤੇ ਵਾਤਾਵਰਨ ’ਚ ਸਾਂਝੀਆਂ ਹਨ।

ਖੋਜ ਪ੍ਰਣਾਲੀ ਨੂੰ ਬਣਾਇਆ ਨਿੱਗਰ

ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੱਖੋ- ਵੱਖਰੀਆਂ ਖੋਜ ਏਜੰਸੀਆਂ ਕੋਲੋਂ ਕਈ ਮਹਤੱਵਪੂਰਨ ਖੋਜ ਪ੍ਰਾਜੈਕਟ ਪ੍ਰਾਪਤ ਕੀਤੇ ਹਨ, ਜੋ ਜਿੱਥੇ ਯੂਨੀਵਰਸਿਟੀ ਦੀ ਖੋਜ ਪ੍ਰਣਾਲੀ ਨੂੰ ਨਿੱਗਰ ਕਰ ਰਹੇ ਹਨ, ਉੱਥੇ ਪਸ਼ੂ ਪਾਲਕਾਂ ਲਈ ਵੀ ਬਿਹਤਰ ਇਲਾਜ ’ਚ ਸਹਾਈ ਹੁੰਦੇ ਹਨ। ਮਹਾਮਾਰੀ ਦੇ ਦੌਰ ’ਚ ਸਰੀਰਕ ਦੂਰੀ ਰੱਖਣਾ ਬਹੁਤ ਲਾਜ਼ਮੀ ਹੋ ਚੁੱਕਾ ਹੈ ਪਰ ਯੂਨੀਵਰਸਿਟੀ ਨੇ ਆਪਣੇ ਖੋਜ ਕਾਰਜਾਂ ਨੂੰ ਆਨਲਾਈਨ ਪਲੈਟਫਾਰਮ ਰਾਹੀਂ ਸਾਂਝਾ ਕਰਨ ’ਚ ਬਹੁਤ ਜ਼ਿਕਰਯੋਗ ਕਾਰਜ ਕੀਤੇ ਹਨ। ਇਸ ਸਬੰਧੀ ਆਨਲਾਈਨ ਕਾਨਫਰੰਸਾਂ, ਵਿਚਾਰ ਗੋਸ਼ਟੀਆਂ, ਵਰਕਸ਼ਾਪਾਂ, ਸੈਮੀਨਾਰ ਤੇ ਵੈਬੀਨਾਰ ਲਗਾਤਾਰ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਵਿਖੇ ਮਨੁੱਖੀ ਸਾਧਨ ਪ੍ਰਬੰਧਨ ਸੰਬੰਧੀ ਨਵਾਂ ਡਾਇਰੈਕਟੋਰੇਟ ਵਿਕਸਤ ਕੀਤਾ ਗਿਆ ਹੈ।

ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਦੀ ਕਵਾਇਦ

ਕਿਸਾਨਾਂ ਨੂੰ ਆਰਥਿਕ ਤੌਰ ’ਤੇ ਸਮਰੱਥ ਬਣਾਉਣ ਲਈ ਦੁੱਧ, ਮੀਟ ਤੇ ਮੱਛੀ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਸਬੰਧੀ ਖੋਜਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ ਤੇ ਹੁਣ ਤਕ ਯੂਨੀਵਰਸਿਟੀ ਕਈ ਉਤਪਾਦ ਤਿਆਰ ਕਰ ਕੇ ਉਨ੍ਹਾਂ ਦੀ ਤਕਨਾਲੋਜੀ ਉਦਯੋਗਾਂ ਨੂੰ ਦੇ ਚੁੱਕੀ ਹੈ। ਮੱਛੀ ਪਾਲਣ ਦੇ ਨਾਲ- ਨਾਲ ਉਸੇ ਪਾਣੀ ਦੀ ਵਰਤੋਂ ਕਰ ਕੇ ਸਬਜ਼ੀਆਂ ਉਗਾਉਣ ਦੀ ਇਕ ਇਕਾਈ ਵੀ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਕਿਸਾਨ ਥੋੜ੍ਹੇ ਪਾਣੀ ਦੀ ਵਰਤੋਂ ਕਰ ਕੇ ਦੋ ਕਿੱਤੇ ਕਰ ਸਕਦਾ ਹੈ। ਕਿਸਾਨਾਂ ਨੂੰ ਉਨ੍ਹਾਂ ਦੀਆਂ ਬਰੂਹਾਂ ’ਤੇ ਸਹੂਲਤਾਂ ਦੇਣ ਲਈ ਯੂਨੀਵਰਸਿਟੀ ਦੇ ਮਾਝਾ, ਮਾਲਵਾ ਤੇ ਮੋਹਾਲੀ ਖੇਤਰ ਵਿਚ ਕੰਮ ਕਰ ਰਹੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਤੇ ਖੇਤਰੀ ਖੋਜ ਤੇ ਸਿਖਲਾਈ ਕੇਂਦਰਾਂ ਦੀਆਂ ਸੇਵਾਵਾਂ ਨੂੰ ਹੋਰ ਸੁਦਿ੍ਰੜ ਕੀਤਾ ਗਿਆ ਹੈ। ਇਨ੍ਹਾਂ ਕੇਂਦਰਾਂ ਵਿਖੇ ਸ਼ਹਿਦ ਪ੍ਰਾਸੈਸਿੰਗ, ਚੰਗੇ ਵੀਰਜ ਟੀਕਿਆਂ ਦੀ ਪੂਰਤੀ, ਮੱਛੀਆਂ ਦਾ ਏਕੀਕਿ੍ਰਤ ਫਾਰਮ, ਬਿਮਾਰੀ ਜਾਂਚ ਪ੍ਰਯੋਗਸ਼ਾਲਾ, ਯੂਨੀਵਰਸਿਟੀ ਦੇ ਉਤਪਾਦ ਤੇ ਸਾਹਿਤ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ। ਪਸ਼ੂਆਂ ਦੀਆਂ ਵੱਖੋ- ਵੱਖਰੀਆਂ ਨਸਲਾਂ ਦੇ ਸੁਧਾਰ ਲਈ ਖੇਤਰੀ ਖੋਜ ਤੇ ਸਿਖਲਾਈ ਕੇਂਦਰ ਬੂਹ ਵਿਖੇ ਮੱਝਾਂ ਦੀ ਨਸਲ ਸੁਧਾਰ, ਤਲਵਾੜਾ ਵਿਖੇ ਬੱਕਰੀਆਂ ਸਬੰਧੀ ਕੇਂਦਰ, ਕਾਲਝਰਾਣੀ ਵਿਖੇ ਸਾਹੀਵਾਲ ਗਾਂਵਾਂ ਦੀ ਨਸਲ ਬਿਹਤਰੀ ਦੇ ਕੇਂਦਰ ਕਾਰਜਸ਼ੀਲ ਹਨ। ਯੂਨੀਵਰਸਿਟੀ ਵਲੋਂ ਸੱਪਾਂਵਾਲੀ (ਫ਼ਾਜ਼ਿਲਕਾ) ਵਿਖੇ ਕਿਸਾਨਾਂ ਨੂੰ ਸੇਵਾਵਾਂ ਮੁਹੱਈਆ ਕਰਨ ਲਈ ਨਵਾਂ ਬਹੁ-ਵਿਸ਼ੇਸ਼ਤਾ ਪਸ਼ੂ ਹਸਪਤਾਲ, ਖੇਤਰੀ ਖੋਜ ਤੇ ਸਿਖਲਾਈ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ। ਯੂਨੀਵਰਸਿਟੀ ਵੱਲੋਂ ਦੋ ਸਾਲ ਪਹਿਲਾਂ ਸਥਾਪਿਤ ਕੀਤੇ ਗਏ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਵਿਖੇ ਸਿੱਖਿਆ, ਪਸ਼ੂ ਸਿਹਤ ਸਹੂਲਤਾਂ, ਸਿਖਲਾਈ ਤੇ ਇਮਾਰਤਾਂ ਦੀ ਉਸਾਰੀ ਦਾ ਕੰਮ ਵੀ ਬਹੁਤ ਸੁਚੱਜੇ ਤਰੀਕੇ ਨਾਲ ਚੱਲ ਰਿਹਾ ਹੈ। ਸੂਚਨਾ ਸੰਚਾਰ ਤਕਨਾਲੋਜੀ ਨੂੰ ਪੁਖ਼ਤਾ ਕਰਦਿਆਂ ਦੂਰਵਰਤੀ ਸਲਾਹਕਾਰ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਕਿਸਾਨ ਘਰ ਬੈਠਿਆਂ ਹੀ ਪਸ਼ੂ ਪਾਲਣ ਕਿੱਤਿਆਂ ਸਬੰਧੀ ਪਰੇਸ਼ਾਨੀ ਬਾਰੇ ਸੰਪੂਰਨ ਸਲਾਹ ਲੈ ਸਕਣਗੇ।

ਨਿਖਾਰੀ ਗਈ ਹੈ ਕੈਂਪਸ ਦੀ ਦਿੱਖ

ਕੈਂਪਸ ਦੀ ਦਿੱਖ ਨੂੰ ਨਿਖਾਰਨ ਤੇ ਅੰਦਰੂਨੀ ਸੁਰੱਖਿਆ ਨੂੰ ਪੁਖ਼ਤਾ ਕਰਨ ਲਈ ਲੈਂਡਸਕੇਪਿੰਗ, ਬਾਗ਼ਬਾਨੀ ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਕੰਮ ਚੱਲ ਰਿਹਾ ਹੈ। ਦੇਸੀ ਜੜ੍ਹੀ- ਬੂਟੀਆਂ ਨਾਲ ਪਸ਼ੂਆਂ ਦੇ ਇਲਾਜ ਸਬੰਧੀ ਖੋਜ ਤੇ ਵਿਸ਼ਲੇਸ਼ਣ ਲਈ ਜੜ੍ਹੀ- ਬੂਟੀ ਬਾਗ਼ ਵੀ ਸਥਾਪਿਤ ਕੀਤਾ ਹੋਇਆ ਹੈ। ਯੂਨੀਵਰਸਿਟੀ ਦੇ ਅਜਿਹੇ ਯਤਨਾਂ ਤੇ ਉਪਰਾਲਿਆਂ ਕਾਰਨ ਹੀ ਸੰਸਥਾ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇੇ ਮੁਲਕ ਦੀਆਂ ਸਾਰੀਆਂ ਵੈਟਨਰੀ ਯੂਨੀਵਰਸਿਟੀਆਂ ’ਚੋਂ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ। ਡਾ. ਇੰਦਰਜੀਤ ਸਿੰਘ ਇਸ ਪ੍ਰਾਪਤੀ ਦਾ ਸਿਹਰਾ ਯੂਨੀਵਰਸਿਟੀ ’ਤੇ ਵਿਸ਼ਵਾਸ ਰੱਖਦੇ ਕਿਸਾਨਾਂ, ਯੂਨੀਵਰਸਿਟੀ ਅਧਿਕਾਰੀਆਂ, ਅਧਿਆਪਕਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਸਰਕਾਰ ਵੱਲੋਂ ਮਿਲਦੇ ਸਹਿਯੋਗ ਨੂੰ ਦਿੰਦੇ ਹਨ।

ਯੂਨੀਵਰਸਿਟੀ ’ਚ ਬਣੇਗੀ ਗਊਸ਼ਾਲਾ

ਯੂਨੀਵਰਸਿਟੀ ਨੇ ਪਿਛਲੇ ਮਹੀਨੇ ਹੀ ਇਕ ਪ੍ਰਾਜੈਕਟ ਪ੍ਰਾਪਤ ਕੀਤਾ ਹੈ, ਜਿਸ ਅਧੀਨ ਯੂਨੀਵਰਸਿਟੀ ਵਿਖੇ ਇਕ ਅਜਿਹੀ ਗਊਸ਼ਾਲਾ ਸਥਾਪਿਤ ਕੀਤੀ ਜਾਵੇਗੀ , ਜਿਸ ਵਿਚ 100 ਬੇਸਹਾਰਾ ਗਾਂਵਾਂ ਨੂੰ ਰੱਖਿਆ ਜਾਵੇਗਾ। ਵਿਸ਼ੇਸ਼ ਗੱਲ ਇਹ ਹੋਵੇਗੀ ਕਿ ਇਹ ਗਊਸ਼ਾਲਾ ਆਪਣੇ ਉਤਪਾਦਨ ਤੇ ਰਹਿੰਦ-ਖੂੰਹਦ ਨੂੰ ਵਰਤੋਂ ਵਿਚ ਲਿਆ ਕੇ ਖ਼ੁਦ ਆਪਣਾ ਖਰਚ ਚੁੱਕੇਗੀ ਅਤੇ ਸੂਬੇ ਵਿਚ ਕੰਮ ਕਰਦੀਆਂ ਦੂਜੀਆਂ ਗਊਸ਼ਾਲਾਵਾਂ ਲਈ ਇਕ ਨਮੂਨੇ ਦੇ ਤੌਰ ’ਤੇ ਸੇਧ ਦੇਵੇਗੀ।

ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਪਸ਼ੂ ਹਸਪਤਾਲ

ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੀਆਂ ਸੇਵਾਵਾਂ ਨੂੰ ਹੋਰ ਸੁਦਿ੍ਰੜ ਕਰਦਿਆਂ ਇਸ ਨੂੰ ਇਕ ਡਾਇਰੈਕਟੋਰੇਟ ਦੇ ਤੌਰ ’ਤੇ ਸਥਾਪਿਤ ਕਰ ਦਿੱਤਾ ਗਿਆ ਹੈ। ਹਰ ਸਾਲ ਇਸ ਹਸਪਤਾਲ ਵਿਖੇ ਪੰਜਾਬ ਅਤੇ ਦੂਜੇ ਸੂਬਿਆਂ ਤੋਂ ਆਉਂਦੇ 30,000 ਤੋਂ ਵਧੇਰੇ ਪਸ਼ੂਆਂ ਅਤੇ ਜਾਨਵਰਾਂ ਦਾ ਇਲਾਜ ਕੀਤਾ ਜਾਂਦਾ ਹੈ। ਇਲਾਜ ਦੀਆਂ ਅਤਿ ਆਧੁਨਿਕ ਸਹੂਲਤਾਂ ਦੇਣ ਲਈ ਬਹੁਤ ਆਧੁਨਿਕ ਮਸ਼ੀਨਾਂ ਇੱਥੇ ਸਥਾਪਿਤ ਕੀਤੀਆਂ ਗਈਆਂ ਹਨ। ਬੀਮਾਰੀਆਂ ਦੇ ਨਿਰੀਖਣ ਲਈ ਬੜੀ ਉੱਤਮ ਪ੍ਰਯੋਗਸ਼ਾਲਾ ਵੀ ਇੱਥੇ ਚੱਲ ਰਹੀ ਹੈ। ਜਾਨਵਰਾਂ ਦੇ ਦੰਦਾਂ, ਅੱਖਾਂ ਅਤੇ ਪਸ਼ੂਆਂ ਦੀਆਂ ਟੁੱਟੀਆਂ ਹੱਡੀਆਂ ਦੇ ਇਲਾਜ ਲਈ ਕਈ ਨਵੇਂ ਉਪਰਾਲੇ ਅਤੇ ਖੋਜਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਬੜੇ ਸਾਰਥਿਕ ਅਤੇ ਹਾਂ-ਪੱਖੀ ਨਤੀਜੇ ਪ੍ਰਾਪਤ ਹੋਏ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran