ਮੰਡੀਆਂ ਚ ਕਣਕ ਖ਼ਰੀਦਣ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਛੇ IAS ਅਧਿਕਾਰੀ ਤਾਇਨਾਤ

April 28 2020

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਛੇ ਆਈ.ਏ.ਐਸ. ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ ਜੋ 30 ਅਪ੍ਰੈਲ ਤੱਕ ਆਪਣੀ ਰਿਪੋਰਟ ਸੌਂਪਣਗੇ।

ਇਕ ਸਰਕਾਰੀ ਬੁਲਾਰੇ ਮੁਤਾਬਕ ਇਹ ਅਧਿਕਾਰੀ ਹਾੜੀ ਦੇ ਮੰਡੀਕਰਨ ਸੀਜ਼ 2020-21 ਦੌਰਾਨ ਚੱਲ ਰਹੇ ਖ਼ਰੀਦ ਕਾਰਜਾਂ ਦਾ ਜ਼ਮੀਨ ਪੱਧਰ ’ਤੇ ਜਾ ਕੇ ਪਤਾ ਲਾਉਣ ਲਈ 28 ਤੋਂ 29 ਅਪ੍ਰੈਲ ਤੱਕ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ।  

ਇਨ੍ਹਾਂ ਅਧਿਕਾਰੀਆਂ ਨੂੰ ਮੁਢਲੇ ਤੌਰ ’ਤੇ ਕਰਫਿਊ ਪਾਸ ਜਾਰੀ ਕਰਨ ਦੀ ਪ੍ਰਣਾਲੀ ਦੇ ਅਮਲੀਕਰਨ, ਸਬੰਧਤ ਮੰਡੀਆਂ ਵਿੱਚ ਪਿੰਡ ਵਾਰ ਪਹੁੰਚ ਰਹੀ ਕਣਕ ਤੋਂ ਇਲਾਵਾ ਕਣਕ ਦੀ ਗੁਣਵੱਤਾ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਸ਼ਾਮਲ ਹੈ।

ਇਸ ਕਾਰਜ ਲਈ ਤਾਇਨਾਤ ਕੀਤੇ ਅਧਿਕਾਰੀਆਂ ਵਿੱਚ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਐਮ.ਡੀ. ਨੀਲਕੰਠ ਐਸ. ਅਵਹਾਦ ਨੂੰ ਰੋਪੜ ਅਤੇ ਐਸ.ਬੀ.ਐਸ. ਜ਼ਿਲ੍ਹਿਆਂ ਵਿੱਚ ਕਣਕ ਦੇ ਖ਼ਰੀਦ ਕਾਰਜਾਂ ਦੀ ਨਿਗਾਰਨੀ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਮਾਰਕਫੈੱਡ ਦੇ ਐਮ.ਡੀ. ਵਰੁਣ ਰੂਜ਼ਮ (ਅੰਮ੍ਰਿਤਸਰ ਤੇ ਤਰਨਤਾਰਨ), ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ (ਐਸ.ਏ.ਐਸ. ਨਗਰ), ਸਕੱਤਰ ਮੰਡੀ ਬੋਰਡ ਰਵੀ ਭਗਤ (ਐਸ.ਬੀ.ਐਸ. ਨਗਰ, ਹੁਸ਼ਿਆਰਪੁਰ ਤੇ ਜਲੰਧਰ), ਐਮ.ਡੀ. ਪਨਸਪ ਰਾਮਬੀਰ (ਜਲੰਧਰ ਤੇ ਕਪੂਰਥਲਾ) ਅਤੇ ਐਮ.ਡੀ. ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਮਨਜੀਤ ਬਰਾੜ (ਗੁਰਦਾਸਪੁਰ ਅਤੇ ਪਠਾਨਕੋਟ) ਦਾ ਕਾਰਜ ਸੌਂਪਿਆ ਗਿਆ ਹੈ।

ਇਨਾਂ ਅਧਿਕਾਰੀਆਂ ਨੂੰ ਕਣਕ ਦੀ ਖ਼ਰੀਦ ਤੇ ਚੁਕਾਈ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ/ਪਾਲਣਾ ਨੂੰ ਯਕੀਨੀ ਬਣਾਉਣ ਦਾ ਜ਼ਿੰਮਾ ਵੀ ਸੌਂਪਿਆ ਗਿਆ ਹੈ।

ਹੁਣ ਤੱਕ ਮੰਡੀਆਂ ਵਿੱਚ ਪਹੁੰਚੀ/ਖ਼ਰੀਦੀ ਕਣਕ ਦਾ ਵਿਸਥਾਰ ਵਿੱਚ ਵੇਰਵਾ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਸੂਬਾ ਭਰ ਦੀਆਂ ਮੰਡੀਆਂ ਵਿੱਚ 49.36 ਲੱਖ ਮੀਟਰਕ ਟਨ ਕਣਕ ਪਹੁੰਚੀ ਹੈ ਜਿਸ ਵਿੱਚੋਂ 47.33 ਲੱਖ ਮੀਟਰਕ ਟਨ ਫ਼ਸਲ ਖ਼ਰੀਦੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 46.70 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਸੀ ਜਿਸ ਵਿੱਚੋਂ 41.92 ਲੱਖ ਮੀਟਰਕ ਟਨ ਖ਼ਰੀਦੀ ਗਈ ਸੀ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਹਿੰਦੁਸਤਾਨ ਟਾਇਮਸ ਪੰਜਾਬੀ