ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਨੇ ਕਿਸਾਨਾਂ ਦੀ ਚਿੰਤਾ ਵਧਾਈ

April 15 2019

ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵਸੇ ਪਿੰਡ ਤਾਰਾਪੁਰ ਵਿਚ ਪਿਛਲੇ ਦਿਨੀਂ ਹੋਈ ਬਾਰਿਸ਼ ਦੌਰਾਨ ਹੋਏ ਫ਼ਸਲਾਂ ਦੇ ਨੁਕਸਾਨ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਕਣਕ ਅਤੇ ਚਾਰੇ ਦੀਆਂ ਫਸਲਾਂ ਦੇ ਹੋਏ ਨੁਕਸਾਨ ਕਾਰਨ ਪ੍ਰੇਸ਼ਾਨ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਕਣਕ ਦੀ ਤਬਾਹ ਹੋਈ ਫਸਲ ਦਿਖਾਉਂਦਿਆਂ ਪਿੰਡ ਦੇ ਕਿਸਾਨਾਂ ਪ੍ਰੀਤਮ ਚੰਦ, ਸੋਮ ਨਾਥ, ਹਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਇਲਾਕੇ ਵਿੱਚ ਹੋਈ ਭਰਵੀਂ ਬਾਰਿਸ਼ ਨੇ ਉਨ੍ਹਾਂ ਦੇ ਪਿੰਡ ਵਿੱਚ ਵੀ ਕਹਿਰ ਢਾਇਆ ਹੈ। ਉਨ੍ਹਾਂ ਕਿਹਾ ਕਿ ਭਰਵੀਂ ਬਾਰਿਸ਼ ਅਤੇ ਪਹਾੜਾਂ ਤੋਂ ਆਏ ਬਾਰਿਸ਼ ਦੇ ਤੇਜ਼ ਵਹਾਅ ਨੇ ਖੇਤਾਂ ਵੱਲ ਨੂੰ ਰੁਖ ਕਰ ਲਿਆ ਜਿਸ ਕਾਰਨ ਉਨ੍ਹਾਂ ਦੀ ਕਣਕ ਦੀ ਫ਼ਸਲ ਤੋਂ ਇਲਾਵਾ ਚਾਰੇ ਦੀਆਂ ਫਸਲਾਂ ਤਬਾਹ ਹੋ ਗਈਆਂ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਜੋ ਕਿ ਪੱਕ ਕੇ ਸੁਨਹਿਰੀ ਰੰਗ ਫੜ ਹੀ ਰਹੀ ਸੀ ਅਤੇ ਕੁਝ ਦਿਨਾਂ ਵਿਚ ਕਟਾਈ ਦੇ ਕਾਬਿਲ ਸੀ, ਬੁਰੀ ਤਰ੍ਹਾਂ ਵਿਛ ਗਈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਬਣਾਈ ਪੁਲੀ ਦੇ ਹੇਠਲੇ ਹਿੱਸੇ ਬੰਦ ਹੋਣ ਕਾਰਨ ਪਹਾੜੀ ਖੇਤਰ ਤੋਂ ਆਇਆ ਸਾਰਾ ਬਾਰਿਸ਼ ਦਾ ਪਾਣੀ ਤੇਜ਼ੀ ਨਾਲ ਖੇਤਾਂ ਵੱਲ ਮੁੜ ਗਿਆ ਅਤੇ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਬਰਸਾਤ ਦੇ ਮੌਸਮ ਵਿੱਚ ਆਏ ਬਾਰਿਸ਼ ਦੇ ਪਾਣੀ ਨੇ ਉਨ੍ਹਾਂ ਦੀਆਂ ਦੀਆਂ ਫ਼ਸਲਾਂ ਦੀ ਭਾਰੀ ਤਬਾਹੀ ਕੀਤੀ ਸੀ ਅਤੇ ਉਨ੍ਹਾਂ ਦੇ ਪਸ਼ੂ ਵੀ ਬਾਰਿਸ਼ ਦੇ ਪਾਣੀ ਵਿੱਚ ਹੜ੍ਹ ਗਏ ਸਨ। ਇਸ ਵਾਰ ਵੀ ਹੋਈ ਬਾਰਿਸ਼ ਨੇ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਪਸ਼ੂ ਪਾਲਣ ਅਤੇ ਖੇਤੀਬਾੜੀ ਹੀ ਉਨ੍ਹਾਂ ਦੇ ਪਿੰਡ ਦੇ ਵਸਨੀਕਾਂ ਦਾ ਮੁੱਖ ਧੰਦਾ ਹੈ। ਬਾਰਿਸ਼ ਦੇ ਪਾਣੀ ਨੇ ਦੋਵਾਂ ਧੰਦਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਇਸੇ ਦੌਰਾਨ ਸਰਪੰਚ ਹਰਪ੍ਰੀਤ ਸਿੰਘ, ਪ੍ਰੀਤਮ ਚੰਦ ਅਤੇ ਹੋਰਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਉਨ੍ਹਾਂ ਦੇ ਪਿੰਡ ਵਿੱਚ ਬਾਰਿਸ਼ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਅਤੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਪਿੰਡ ਦੀ ਸੜਕ ਵਿਚਾਲੇ ਬਣਾਈ ਪੁਲੀ ਕਾਰਨ ਬਾਰਿਸ਼ ਦੇ ਪਾਣੀ ਦੀ ਵਾਰ ਵਾਰ ਪੈਦਾ ਹੋ ਰਹੀ ਨਿਕਾਸੀ ਦੀ ਸਮੱਸਿਆ ਦੇ ਹੱਲ ਦੀ ਮੰਗ ਵੀ ਕੀਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ