ਮੀਂਹ ਦੀ ਮਾਰ ਕਾਰਨ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਮੰਗਿਆ

April 11 2019

ਬੀਤੇ ਦਿਨ ਸ੍ਰੀ ਆਨੰਦਪੁਰ ਸਾਹਿਬ ਬਲਾਕ ਅੰਦਰ ਹੋਈ 67 ਐੱਮਐੱਮ ਬਰਸਾਤ ਦੇ ਨਾਲ 32 ਪਿੰਡਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਚੁੱਕੀ ਹੈ। ਨਾਲ ਹੀ ਇਹ ਵੀ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਜੇਕਰ ਨੇੜ ਭਵਿੱਖ ਵਿੱਚ ਹੋਰ ਬਰਸਾਤ ਹੁੰਦੀ ਹੈ ਤਾਂ ਫ਼ਸਲ ਦੇ ਤਬਾਹ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਤਾਰ ਸਿੰਘ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੇ ਦਿਨ ਹੋਈ ਭਾਰੀ ਬਰਸਾਤ ਨੇ ਬਲਾਕ ਸ੍ਰੀ ਆਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ’ਚ ਖੜ੍ਹੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਬਲਾਕ ਦੇ ਪਿੰਡਾਂ ਵਿੱਚ ਜਿੰਦਵੜੀ, ਅਗੰਮਪੁਰ, ਨਿੱਕੂਵਾਲ, ਲੋਧੀਪੁਰ, ਭਲਾਣ, ਨਾਨਗਰਾਂ, ਗੋਹਲਣੀ, ਪਲਾਸੀ, ਪੱਸੀਵਾਲ, ਭਨਾਮ, ਮਜਾਰਾ, ਕੁੱਲਗਰਾਂ, ਦਿਆਪੁਰ, ਸਵਾੜਾ, ਖਾਨਪੁਰ, ਦਸਗਰਾਂਈ, ਨੰਗਲੀ, ਭਨੁੱਪਲੀ, ਗੱਗ, ਢੇਰ, ਖਮੇੜਾ, ਸੂਰੇਵਾਲ, ਸੱਧੇਵਾਲ, ਬੁਰਜ, ਬਣੀ, ਕੋਟਲਾ, ਝਿੰਜੜੀ, ਬੱਢਲ, ਦੋਲੋਵਾਲ, ਚੰਦਪੁਰ, ਗੱਜਪੁਰ ਅਤੇ ਕੀਰਤਪੁਰ ਸਾਹਿਬ ਦੇ ਨਾਮ ਸ਼ਾਮਲ ਹਨ।

ਨੂਰਪੁਰ ਬੇਦੀ (ਪੱਤਰ ਪ੍ਰੇਕਰ): ਤੇਜ਼ ਹਨ੍ਹੇਰੀ, ਭਾਰੀ ਮੀਂਹ ਅਤੇ ਗੜਿਆਂ ਨੇ ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਦੇ ਖੇਤਾਂ ’ਚ ਖੜ੍ਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਪਿੰਡ ਕਲਵਾਂ ’ਚ ਕਈ ਸੈਂਕੜੇ ਏਕੜ ਖੜ੍ਹੀ ਫ਼ਸਲ ਭਾਰੀ ਮੀਂਹ ਅਤੇ ਗੜਿਆਂ ਨੇ ਤਬਾਹ ਕਰ ਦਿੱਤੀ। ਪਿੰਡ ਰਾਏਪੁਰ, ਝੱਜ, ਕਾਹਨਪੁਰ ਖੂਹੀ, ਕੂੰਭੇਵਾਲ, ਮੀਰਪੁਰ, ਮੂਸਾਪੁਰ, ਆਜ਼ਮਪੁਰ, ਮੋਠਾਪੁਰ, ਬਿਲਪੁਰ ਆਦਿ ਪਿੰਡਾਂ ਦੀ ਕਣਕ ਦੀ ਕਿਸਾਨਾਂ ਦੀ ਫ਼ਸਲਾਂ ਦੇ ਸੱਥਰ ਵਿਛ ਗਏ। ਕਿਸਾਨ ਸਰਬਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਕਣਕ ਦੀ ਫ਼ਸਲ ਤੇਜ਼ ਹਵਾਵਾਂ ਨਾਲ ਧਰਤੀ ਦੇ ਡਿਗ ਪਈ। ਇੱਕ ਹੋਰ ਕਿਸਾਨ ਅਵਤਾਰ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਦੀ 10 ਏਕੜ ਵਿੱਚ ਖੜ੍ਹੀ ਫ਼ਸਲ ਤੇਜ਼ ਝੱਖਰ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ। ਜਦੋਂ ਕਣਕ ਦੀ ਫ਼ਸਲਾਂ ਦੇ ਹੋਏ ਨੁਕਸਾਨ ਬਾਰੇ ਇੱਕ ਮਾਲ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫ਼ਸਲਾਂ ਦੇ ਹੋਏ ਨਕਸਾਨ ਦਾ ਮੁਆਵਜ਼ਾ ਮਿਲਣਾ ਔਖਾ ਹੈ ਕਿਉਂਕਿ ਸਰਕਾਰੀ ਖਜ਼ਾਨਾ ਤਾਂ ਪਹਿਲਾ ਹੀ ਖਾਲੀ ਪਿਆ ਹੈ।

ਘਨੌਲੀ (ਪੱਤਰ ਪ੍ਰੇਰਕ): ਬੀਤੇ ਦਿਨ ਹੋਈ ਭਾਰੀ ਬਾਰਿਸ਼ ਦੌਰਾਨ ਗੁੰਨੋਮਾਜਰਾ ਪਿੰਡ ਨੇੜੇ ਬਰਸਾਤੀ ਚੋਅ ਵਿੱਚ ਖੜ੍ਹਾ ਸਰਕੰਡਾ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਦੀ ਬਰਬਾਦੀ ਦਾ ਸਬੱਬ ਬਣ ਗਿਆ। ਪੱਤਰਕਾਰਾਂ ਨੂੰ ਆਪਣਾ ਦੁੱਖੜਾ ਸੁਣਾਉਂਦਿਆਂ ਗੁੰਨੋਮਾਜਰਾ ਦੇ ਸਰਪੰਚ ਜਸਵਿੰਦਰ ਸਿੰਘ, ਕਿਸਾਨ ਸਤਨਾਮ ਸਿੰਘ, ਅਮਰਜੀਤ ਸਿੰਘ, ਜਸਮੇਲ ਸਿੰਘ, ਸਤਵਿੰਦਰ ਸਿੰਘ, ਹਜ਼ਾਰਾ ਸਿੰਘ, ਜਗੀ, ਦਿਲਬਾਰ ਸਿੰਘ, ਹਰਪਾਲ ਸਿੰਘ ਦਬੁਰਜੀ, ਬਲਬੀਰ ਸਿੰਘ ਦਬੁਰਜੀ, ਬਿੰਦੂ ਦਬੁਰਜੀ ਤੇ ਜਸਵੰਤ ਕੌਰ ਪੰਚ ਗੁੰਨੋਮਾਜਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੇੜਿਓਂ ਲੰਘਦੇ ਬਰਸਾਤੀ ਚੋਅ ਵਿੱਚ ਵੱਡੀ ਮਾਤਰਾ ਵਿੱਚ ਸਰਕੰਡਾ ਖੜ੍ਹਾ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਇਹ ਸਰਕੰਡਾ ਪੁਲੀ ਵਿੱਚ ਫਸ ਜਾਂਦਾ ਹੈ ਤੇ ਚੋਏ ਵਿੱਚ ਪਿੱਛੋਂ ਆਇਆ ਪਾਣੀ ਆਲੇ ਦੁਆਲੇ ਦੇ ਖੇਤਾਂ ਵਿੱਚ ਵੜ੍ਹ ਕੇ ਤਬਾਹੀ ਮਚਾ ਦਿੰਦਾ ਹੈ। ਉਕਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜਿ਼ਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਖਰਾਬ ਹੋਈਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਤੇ ਚੋਏ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਕਿ ਬਰਸਾਤ ਦੇ ਦਿਨਾਂ ਦੌਰਾਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਦਾ ਬਚਾਅ ਹੋ ਸਕੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ