ਮੀਂਹ ਤੇ ਠੰਢ ’ਚ ਵੀ ਕੇਂਦਰ ਖ਼ਿਲਾਫ਼ ਡਟੇ ਰਹੇ ਕਿਸਾਨ

November 17 2020

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਹੇ ‘ਰੇਲ ਰੋਕੋ ਅੰਦੋਲਨ’ ਦੇ ਅੱਜ 54ਵੇਂ ਦਿਨ ਮੀਂਹ ਅਤੇ ਠੰਢ ਦੇ ਬਾਵਜੂਦ ਕਿਸਾਨ ਮੋਰਚੇ ’ਤੇ ਡਟੇ ਰਹੇ। ਅੱਜ ਇੱਥੇ ਮੋਰਚੇ ’ਤੇ ਹੀ ਕਿਸਾਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਦਿਵਸ ਮਨਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੁਖਵਿੰਦਰ ਸਿੰਘ ਸਭਰਾ ਨੇ ਸ਼ਹੀਦ ਕਰਤਾਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਲੁੱਟ ਰਹਿਤ ਰਾਜ ਪ੍ਰਬੰਧ ਸਥਾਪਤ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੀ ਆੜ ਹੇਠ ਕੇਂਦਰ ਸਰਕਾਰ ਹਰ ਰੋਜ਼ ਨਵੀਆਂ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਊਨ੍ਹਾਂ ਕਿਹਾ ਕਿ ਜਦੋਂ ਸੂਬਿਆਂ ’ਚ ਚੋਣਾਂ ਕਰਵਾਈਆਂ ਗਈਆਂ, ਊਦੋਂ ਕਿਸੇ ਨੂੰ ਕਰੋਨਾ ਦੀ ਲਾਗ ਨਹੀਂ ਲੱਗੀ ਤੇ ਹੁਣ ਜਦ ਕਿਸਾਨ ਦਿੱਲੀ ਘੇਰਨ ਦੀ ਤਿਆਰੀ ਕਰ ਰਹੇ ਹਨ ਤਾਂ ਸਰਕਾਰ ਕਰੋਨਾ ਦੇ ਕੇਸ ਵਧਣ ਦਾ ਢਿੰਡੋਰਾ ਪਿੱਟ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਤੋਂ ਇਨਸਾਫ਼ ਦੀ ਊਮੀਦ ਛੱਡ ਕੇ ਖ਼ੁਦ ਹੱਕਾਂ ਲਈ ਲੜਾਈ ਲੜਣੀ ਪਵੇਗੀ। ਊਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਾਕਮ ਧਿਰਾਂ ਤੋਂ ਮੀਟਿੰਗਾਂ ਵਿੱਚ ਇਨਸਾਫ਼ ਦੀ ਊਮੀਦ ਨਹੀਂ ਰੱਖਣੀ ਚਾਹੀਦੀ ਅਤੇ ਖੇਤੀ ਕਾਨੂੰਨ ਸਮੇਤ ਹੋਰ ਲੋਕ ਮਾਰੂ ਕਾਨੂੰਨ ਰੱਦ ਕਰਵਾਊਣ ਲਈ ਸੰਘਰਸ਼ ਹਾਲੇ ਲੰਮਾ ਚੱਲੇਗਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬੀਆਂ ’ਤੇ ਦਬਾਅ ਬਣਾ ਕੇ ਯਾਤਰੂ ਗੱਡੀਆਂ ਚਲਾਉਣਾ ਚਾਹੁੰਦਾ ਹੈ ਪਰ ਊਹ ਕਿਸੇ ਵੀ ਕੀਮਤ ’ਤੇ ਦਬਾਅ ਹੇਠ ਕੋਈ ਫ਼ੈਸਲਾ ਨਹੀਂ ਲੈਣਗੇ। ਊਨ੍ਹਾਂ ਨਾਲ ਹੀ ਪੰਜਾਬ ਸਰਕਾਰ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦਿਆਂ ਪੰਜਾਬ ਵਾਸੀਆਂ ਲਈ ਖਾਦਾਂ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਟਰੱਕਾਂ ਰਾਹੀਂ ਮੁਹੱਈਆ ਕਰਵਾਏ ਅਤੇ ਵਪਾਰੀਆਂ ਵੱਲੋਂ ਤਿਆਰ ਕੀਤਾ ਮਾਲ ਵੀ ਪੰਜਾਬ ਤੋਂ ਬਾਹਰ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਦੇ ਕਾਰੋਬਾਰਾਂ ਦਾ ਨੁਕਸਾਨ ਵੀ ਨਾ ਹੋਵੇ। ਇਸ ਮੌਕੇ ਅਜੀਤ ਸਿੰਘ ਚੰਬਾ, ਜਵਾਹਰ ਸਿੰਘ ਟਾਂਡਾ, ਹਰਜਿੰਦਰ ਸਿੰਘ ਸ਼ਕਰੀ, ਕੁਲਵਿੰਦਰ ਸਿੰਘ ਭੈਲ, ਬਚਿੱਤਰ ਸਿੰਘ ਛਾਬੜੀ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਕਰਮ ਸਿੰਘ, ਪਰਮਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਖੇਤੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਕਿਸਾਨਾਂ ਦਾ ਧਰਨਾ ਅੱਜ 47ਵੇਂ ਦਿਨ ਵੀ ਜਾਰੀ ਰਿਹਾ। ਇਹ ਧਰਨਾ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਲਾਇਆ ਗਿਆ ਹੈ। ਕਿਸਾਨ ਆਗੂ ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ ਅਤੇ ਹਰਜੀਤ ਸਿੰਘ ਝੀਤੇ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਪੰਜਾਬ ਨਾਲ ਵਤੀਰਾ ਦੁਸ਼ਮਣਾਂ ਵਾਲਾ ਅਤੇ ਹੰਕਾਰ ਭਰਿਆ ਹੈ। ਉਨ੍ਹਾਂ ਆਖਿਆ ਕਿ ਮਾਲ ਗੱਡੀਆਂ ਰੋਕ ਕੇ ਕਿਸਾਨ ਅੰਦੋਲਨ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਜਿਸ ਨੂੰ ਪੰਜਾਬੀ ਸਹਿਣ ਨਹੀਂ ਕਰਨਗੇ। ਇਸ ਮੌਕੇ ਕਿਸਾਨ ਆਗੂ ਜਗਪ੍ਰੀਤ ਸਿੰਘ ਕੋਟਲਾ, ਹਰਦੇਵ ਸਿੰਘ, ਗੁਰਪ੍ਰੀਤ ਸਿੰਘ ਕੋਹਲੀ, ਜਸਬੀਰ ਸਿੰਘ, ਸਤਨਾਮ ਸਿੰਘ ਝੰਡੇਰ, ਬਚਿੱਤਰ ਸਿੰਘ ਕੋਟਲਾ ਤੇ ਹੋਰ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune