ਬੇਮੌਸਮੇ ਮੀਂਹ ਦਾ ਕਿਸਾਨਾਂ ਤੇ ਕਹਿਰ, ਫਸਲ ਦਾ ਝਾੜ 20 ਤੋਂ 25 ਫੀਸਦ ਘਟਿਆ

May 07 2020

ਸੂਬੇ ਦੇ ਵਿੱਚ ਕਣਕ ਦੀ ਬਿਜਾਈ ਦੇ ਸਮੇਂ ਤੋਂ ਹੀ ਲਗਾਤਾਰ ਪੈ ਰਹੀ ਬੇਮੌਸਮੀ ਬਾਰਸ਼ ਦਾ ਅਸਰ ਇਸ ਵਾਰ ਸਿੱਧਾ ਕਣਕ ਦੇ ਝਾੜ ਤੇ ਪਿਆ ਹੈ। ਮੰਡੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਮਿੱਥੇ ਟੀਚੇ ਮੁਤਾਬਕ 20 ਤੋਂ 25 ਫੀਸਦੀ ਤੱਕ ਕਣਕ ਘੱਟ ਪਹੁੰਚੀ ਹੈ। ਹਾਲਾਂਕਿ ਕਣਕ ਦੀ ਵਾਢੀ ਦੇ ਨਜ਼ਦੀਕ ਵੀ ਬੇਮੌਸਮੀ ਬਾਰਸ਼ ਨੇ ਦਸਤਕ ਦਿੱਤੀ ਸੀ।

ਅੰਮ੍ਰਿਤਸਰ ਤੇ ਆਸ ਪਾਸ ਦੀਆਂ ਮੰਡੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਮੰਡੀਆਂ ਵਿੱਚ ਕਣਕ ਦੀ ਫਸਲ ਦੀ ਆਮਦ ਵੀਹ ਤੋਂ ਪੱਚੀ ਫ਼ੀਸਦੀ ਘਟੀ ਹੈ। ਅੰਮ੍ਰਿਤਸਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਮੁਤਾਬਕ ਬੇਮੌਸਮੀ ਬਾਰਸ਼ ਨੇ ਇਸ ਵਾਰ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਕਾਰਨ ਪ੍ਰਤੀ ਏਕੜ ਪੰਜ ਛੇ ਕੁਇੰਟਲ ਤੱਕ ਫਸਲ ਦਾ ਝਾੜ ਘਟਿਆ ਹੈ। ਇਸੇ ਕਾਰਨ ਹੀ ਮੰਡੀਆਂ ਵਿੱਚ ਕਣਕ ਦੀ ਫਸਲ ਘੱਟ ਪਹੁੰਚੀ ਹੈ।

ਛੀਨਾ ਮੁਤਾਬਕ ਪਿਛਲੇ ਸਾਲ ਮੰਡੀ ਦੇ ਵਿੱਚ ਤੇਰ੍ਹਾਂ ਲੱਖ ਬੋਰੀ ਅੱਜ ਦੇ ਦਿਨ ਤੱਕ ਪਹੁੰਚੀ ਸੀ ਪਰ ਹਾਲੇ ਤੱਕ ਸਿਰਫ਼ ਅੱਠ ਲੱਖ ਬੋਰੀਆਂ ਹੀ ਮੰਡੀ ਵਿੱਚ ਪਹੁੰਚ ਸਕੀਆਂ ਹਨ। ਸੀਜ਼ਨ ਖ਼ਤਮ ਹੋਣ ਤੱਕ ਦੋ ਲੱਖ ਬੋਰੀ ਹੋਰ ਆਉਣ ਦੀ ਆਸ ਹੈ। ਇਸ ਕਾਰਨ ਸਪੱਸ਼ਟ ਹੈ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਆਮਦ ਘਟੇਗੀ।

ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਝਾੜ ਤਾਂ ਘਟਿਆ ਹੈ ਪਰ ਸਰਕਾਰ ਵੱਲੋਂ 28 ਅਪ੍ਰੈਲ ਤੋਂ ਬਾਅਦ ਕਣਕ ਦੀ ਫਸਲ ਦਾ ਭੁਗਤਾਨ ਨਹੀਂ ਕੀਤਾ ਗਿਆ। ਇਸ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਹਾਲਾਂਕਿ ਆੜ੍ਹਤੀ ਆਪਣੇ ਵੱਲੋਂ ਪੇਮੈਂਟ ਕਰਨ ਦੀ ਲਗਾਤਾਰ ਮੰਗ ਕਰ ਰਹੇ ਹਨ ਪਰ ਸਰਕਾਰ ਨੇ ਸਿੱਧੇ ਪੈਸੇ ਕਿਸਾਨਾਂ ਨੂੰ ਦੇਣ ਦੀ ਗੱਲ ਕਹੀ ਹੈ। ਇਸ ਕਾਰਨ ਤਕਰੀਬਨ ਦਸ ਦਿਨ ਦਾ ਬੈਕਲਾਗ ਚੱਲ ਰਿਹਾ ਹੈ।

ਮੰਡੀ ਵਿੱਚ ਕਣਕ ਦੀ ਫਸਲ ਦੀ ਆਮਦ ਘੱਟਣ ਦਾ ਕਾਰਨ ਵੀ ਸਾਬਕਾ ਪ੍ਰਧਾਨ ਨੇ ਬੇਮੌਸਮੀ ਬਾਰਸ਼ ਨੂੰ ਦੱਸਿਆ। ਕਿਸਾਨ ਜਸਬੀਰ ਸਿੰਘ ਨੇ ਆਖਿਆ ਕਿ ਕਣਕ ਦੇ ਝਾੜ ਦੇ ਉੱਪਰ ਬੇਮੌਸਮੀ ਬਾਰਿਸ਼ ਨੇ ਸਮੇਂ-ਸਮੇਂ ਤੇ ਫ਼ਰਕ ਪਾਇਆ ਹੈ ਤੇ ਇਸ ਦੇ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦੀਆਂ ਖਾਦਾਂ ਅਤੇ ਹੋਰ ਖਰਚੇ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਾਈ ਵੇਲੇ ਜੋ ਬਾਰਸ਼ ਹੋਈ ਸੀ। ਉਸ ਨੇ ਸ਼ੁਰੂਆਤ ਤੋਂ ਹੀ ਕਣਕ ਦੀ ਫਸਲ ਤੇ ਅਸਰ ਪਾਇਆ ਸੀ। ਹਾਲਾਂਕਿ ਮਸ਼ੀਨਾਂ ਰਾਹੀਂ ਵੀ ਕਣਕ ਦੀ ਬਿਜਾਈ ਕਰਵਾਈ ਗਈ ਸੀ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ