ਬੇਟ ਖੇਤਰ ਵਿੱਚ 22 ਏਕੜ ਕਣਕ ਦੀ ਫ਼ਸਲ ਬਰਬਾਦ

March 13 2019

ਸਥਾਨਕ ਬਲਾਕ ਦੇ ਪਿੰਡ ਮੁਕਾਰਬਪੁਰ ਵਿੱਚ ਇੱਕ ਕਿਸਾਨ ਦੀ ਮੀਂਹ ਦੇ ਪਾਣੀ ਕਾਰਨ 12 ਏਕੜ ਕਣਕ ਦੀ ਫ਼ਸਲ ਸੁੱਕ ਕੇ ਬਰਬਾਦ ਹੋ ਗਈ।

ਪੀੜਤ ਕਿਸਾਨ ਰਜਿੰਦਰਪਾਲ ਸਿੰਘ ਰਾਜੂ ਪੁੱਤਰ ਸਾਬਕਾ ਸਰਪੰਚ ਦੀਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 12 ਏਕੜ ਜ਼ਮੀਨ 36 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਕਣਕ ਦੀ ਫ਼ਸਲ ਬੀਜੀ ਸੀ ਪਰ ਜਦੋਂ ਹੁਣ ਕਣਕ ਪੱਕਣ ਨੇੜੇ ਖੜ੍ਹੀ ਸੀ ਤਾਂ ਅਚਾਨਕ ਪਿਛਲੇ ਦਿਨਾਂ ਦੌਰਾਨ ਪਏ ਮੀਂਹ ਦੇ ਪਾਣੀ ਦੇ ਜ਼ਮੀਨ ਵਿੱਚ ਖੜ੍ਹ ਜਾਣ ਕਾਰਨ 10 ਏਕੜ ਕਣਕ ਦੀ ਫ਼ਸਲ ਬਿਲਕੁਲ ਹੀ ਸੁੱਕ ਕੇ ਬਰਬਾਦ ਹੋ ਗਈ, ਜਦੋਂ ਕਿ 2 ਏਕੜ ਕਣਕ 50 ਫ਼ੀਸਦੀ ਬਰਬਾਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਵਿੱਚ ਪਾਣੀ ਦੇ ਖੜ੍ਹ ਜਾਣ ਕਾਰਨ ਇਹ ਫ਼ਸਲ ਬਰਬਾਦ ਹੋਈ, ਕਿਉਂਕਿ ਪਾਣੀ ਦਾ ਨਿਕਾਸ ਕਿਸੇ ਵੀ ਪਾਸੇ ਨਹੀਂ ਹੋ ਸਕਿਆ। ਕਣਕ ਦੀ ਫ਼ਸਲ ਵਿੱਚ ਪਾਈ ਖਾਦ ਸਮੇਤ ਕੀਤੀਆਂ ਦਵਾਈ ਦੀਆਂ ਸਪਰੇਆਂ ਸਮੇਤ ਉਨ੍ਹਾਂ ਦਾ 6 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ।

ਇਸ ਤੋਂ ਇਲਾਵਾ ਪਿੰਡ ਹਾਫਿਜ਼ਾਬਾਦ ਦੇ ਕਿਸਾਨ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵੀ 10 ਏਕੜ ਕਣਕ ਦੀ ਫ਼ਸਲ ਪਏ ਮੀਂਹ ਦੇ ਪਾਣੀ ਕਾਰਨ ਬਰਬਾਦ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਮੀਨ ਜੋ ਕਿ ਪਿੰਡ ਸਲਾਹਪੁਰ ਵਿੱਚ 4 ਏਕੜ, ਹਾਫਿਜ਼ਾਬਾਦ ਵਿੱਚ 2 ਏਕੜ ਅਤੇ ਖਾਨਪੁਰ ਵਿੱਚ 4 ਏਕੜ ਜ਼ਮੀਨ 42 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈ ਹੋਈ ਸੀ। ਕਣਕ ਦੀ ਫ਼ਸਲ ਦੇ ਬਰਬਾਦ ਹੋਣ ਕਾਰਨ ਉਨ੍ਹਾਂ ਦਾ 5.50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਜ਼ਿਕਰਯੋਗ ਹੈ ਕਿ ਬੇਟ ਖੇਤਰ ਵਿੱਚ ਪਏ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀ ਦਰਜਨ ਏਕੜ ਕਣਕ ਦੀ ਫ਼ਸਲ ਸੁੱਕ ਕੇ ਬਰਬਾਦ ਹੋ ਗਈ। ਪੀੜਤ ਕਿਸਾਨਾਂ ਰਜਿੰਦਰਪਾਲ ਸਿੰਘ ਅਤੇ ਅਵਤਾਰ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ

ਘਨੌਲੀ (ਜਗਮੋਹਨ ਸਿੰਘ): ਥੋੜ੍ਹੇ ਦਿਨ ਪਹਿਲਾਂ ਹੋਈ ਬੇਮੌਸਮੀ ਬਰਸਾਤ ਦੌਰਾਨ ਘਨੌਲੀ ਭਰਤਗੜ੍ਹ ਖੇਤਰ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫਸਲ ਖੇਤਾਂ ਵਿੱਚ ਲਗਾਤਾਰ ਪਾਣੀ ਖੜ੍ਹਨ ਕਾਰਨ ਬਰਬਾਦ ਹੋ ਗਈ। ਪਿੰਡ ਖਰੋਟਾ ਵਿੱਚ ਇਕੱਤਰ ਹੋਏ ਕਿਸਾਨਾਂ ਸਰਪੰਚ ਪ੍ਰੇਮ ਸਿੰਘ ਖਰੋਟਾ, ਸਰਪੰਚ ਰਣਜੀਤ ਸਿੰਘ ਅਵਾਨਕੋਟ, ਕੇਹਰ ਸਿੰਘ, ਬਲਦੇਵ ਸਿੰਘ, ਨਰਿੰਦਰ ਸਿੰਘ, ਹਰਦੇਵ ਸਿੰਘ, ਸਰਬਣ ਸਿੰਘ ਨੇ ਦੱਸਿਆ ਪਿਛਲੇ ਕੁੱਝ ਦਿਨਾਂ ਦੌਰਾਨ ਲਗਾਤਾਰ ਹੋਈ ਬਰਸਾਤ ਕਾਰਨ ਪਿੰਡ ਖਰੋਟਾ, ਆਲੋਵਾਲ, ਕੀਮਤਪੁਰ, ਹਿੰਮਤਪੁਰ, ਅਵਾਨਕੋਟ, ਮਾਜਰੀ ਗੁੱਜਰਾਂ ਤੇ ਭਰਤਗੜ੍ਹ ਵਿੱਚ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਖ਼ਰਾਬ ਹੋਈ ਫਸਲ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ