ਹੁਣ ਟਮਾਟਰ ਨੇ ਮਚਾਇਆ ਕਹਿਰ, ਦੇਸ਼ ਭਰ ਚ 120 ਰੁਪਏ ਕਿਲੋ ਤੋਂ ਟੱਪੀ ਕੀਮਤ

November 25 2021

ਮਹਿੰਗਾਈ ਦੀ ਮਾਰ ਤੋਂ ਆਮ ਆਦਮੀ ਪ੍ਰੇਸ਼ਾਨ ਹੈ। ਪੈਟਰੋਲ ਤੇ ਡੀਜ਼ਲ ਤੋਂ ਲੈ ਕੇ ਸਬਜ਼ੀਆਂ ਤੱਕ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹੁਣ ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਲੋਕਾਂ ਦੇ ਗੁੱਸੇ ਨਾਲ ਲਾਲ ਕੀਤਾ ਹੋਇਆ ਹੈ। ਆਲਮ ਇਹ ਹੈ ਕਿ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਈ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਜ਼ਿਆਦਾ ਮੀਂਹ ਕਾਰਨ ਕੁਝ ਦੱਖਣੀ ਰਾਜਾਂ ਵਿੱਚ ਪ੍ਰਚੂਨ ਮੁੱਲ 120 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਚੇਨਈ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 100 ਰੁਪਏ ਪ੍ਰਤੀ ਕਿਲੋ, ਪੁਡੂਚੇਰੀ ਵਿੱਚ 90 ਰੁਪਏ ਪ੍ਰਤੀ ਕਿਲੋ, ਬੈਂਗਲੁਰੂ ਵਿੱਚ 88 ਰੁਪਏ ਪ੍ਰਤੀ ਕਿਲੋ ਤੇ ਹੈਦਰਾਬਾਦ ਵਿੱਚ 65 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਉਮੀਦ ਹੈ ਕਿ ਜਨਵਰੀ-ਫਰਵਰੀ ਤੱਕ ਦੇਸ਼ ਦੇ ਲੋਕਾਂ ਨੂੰ ਟਮਾਟਰ ਦੀਆਂ ਕੀਮਤਾਂ ਚ ਰਾਹਤ ਮਿਲ ਸਕਦੀ ਹੈ। ਥੋਕ ਸਬਜ਼ੀ ਵਪਾਰੀਆਂ ਅਨੁਸਾਰ ਟਮਾਟਰ ਦੀ ਨਵੀਂ ਫ਼ਸਲ 15 ਅਕਤੂਬਰ ਨੂੰ ਬੀਜੀ ਗਈ ਸੀ, ਜਿਸ ਨੂੰ ਤਿਆਰ ਹੋਣ ਵਿੱਚ ਘੱਟੋ-ਘੱਟ ਤਿੰਨ ਮਹੀਨੇ ਲੱਗੇਗਾ। ਅਜਿਹੇ ਚ ਉਮੀਦ ਜਤਾਈ ਜਾ ਰਹੀ ਹੈ ਕਿ ਜਨਵਰੀ-ਫਰਵਰੀ ਤੱਕ ਟਮਾਟਰ ਦੀਆਂ ਕੀਮਤਾਂ ਚ ਕਮੀ ਆ ਸਕਦੀ ਹੈ।

ਇਸ ਸੀਜ਼ਨ ਚ ਟਮਾਟਰ ਦਾ ਭਾਅ 20 ਤੋਂ 30 ਰੁਪਏ ਪ੍ਰਤੀ ਕਿਲੋ ਤੇ ਹੁੰਦਾ ਹੈ, ਪਰ ਇਹ 100 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਵਿਕ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਟਮਾਟਰ ਦੀ ਜ਼ਿਆਦਾਤਰ ਸਪਲਾਈ ਦੱਖਣੀ ਰਾਜਾਂ ਤੋਂ ਆ ਰਹੀ ਹੈ ਤੇ ਇਨ੍ਹਾਂ ਰਾਜਾਂ ਚ ਬਾਰਿਸ਼ ਕਾਰਨ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਇਸ ਦਾ ਇਕ ਹੋਰ ਕਾਰਨ ਇਹ ਹੈ ਕਿ ਵਿਆਹਾਂ ਦੇ ਸੀਜ਼ਨ ਕਾਰਨ ਟਮਾਟਰਾਂ ਦੀ ਮੰਗ ਵਧ ਗਈ ਹੈ, ਜਿਸ ਕਾਰਨ ਕੀਮਤਾਂ ਵਧ ਗਈਆਂ ਹਨ।

ਆਜ਼ਾਦਪੁਰ ਮੰਡੀ ਦੇ ਥੋਕ ਸਬਜ਼ੀ ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਦੱਖਣੀ ਭਾਰਤ ਚ ਇਸੇ ਤਰ੍ਹਾਂ ਬਾਰਸ਼ ਜਾਰੀ ਰਹੀ ਤਾਂ ਟਮਾਟਰਾਂ ਦੇ ਭਾਅ ਹੋਰ ਵਧ ਸਕਦੇ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ 167 ਕੇਂਦਰਾਂ ਦੇ ਅੰਕੜਿਆਂ ਮੁਤਾਬਕ ਰਾਜਧਾਨੀ ਦਿੱਲੀ ਚ ਟਮਾਟਰ 72 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live