ਸੂਰਜਮੁਖੀ ਦਾ ਬੀਜ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

February 09 2022

ਸੂਰਜਮੁਖੀ ਦਾ ਬਿਜਾਈ ਦਾ ਸਮਾਂ ਨੇੜੇ ਆ ਗਿਆ ਹੈ ਪਰ ਬਾਜ਼ਾਰ ਵਿਚ ਬੀਜ  ਨਾ ਹੋਣ ਕਰਕੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਇਸ ਸਬੰਧੀ ਕਿਸਾਨਾਂ ਦੀ ਬੈਠਕ ਭਾਕਿਯੂ ਦੇ ਮੀਡੀਆ ਬੁਲਾਰੇ ਰਾਕੇਸ਼ ਬੈਂਸ ਤੇ ਜਸਬੀਰ ਸਿੰਘ ਮਾਮੂ ਮਾਜਰਾ ਦੀ ਪ੍ਰਧਾਨਗੀ ਹੇਠ  ਸ਼ਾਹਬਾਦ ਦੇ ਸ਼ਹੀਦ ਊਧਮ ਸਿੰਘ ਸਮਾਰਕ ਵਿਚ ਹੋਈ। ਇਸ ਮੌਕੇ ਰਾਕੇਸ਼ ਬੈਂਸ ਨੇ ਕਿਹਾ ਕਿ ਸੂਰਜਮੁਖੀ ਦੇ ਬੀਜ ਨੂੰ ਲੈ ਕੇ ਕਈ ਵਾਰ ਪ੍ਰਸ਼ਾਸ਼ਨ ਤੇ ਕਿਸਾਨਾਂ ਵਿਚ ਗੱਲਬਾਤ ਹੋਈ ਹੈ। ਸ੍ਰੀ ਬੈਂਸ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਰਜਮੁਖੀ ਦਾ ਬੀਜ ਬਲੈਕ ਵਿੱਚ ਬਾਜ਼ਾਰੋਂ 7 ਤੋਂ 9 ਹਜ਼ਾਰ ਰੁਪਏ ਪ੍ਰਤੀ ਥੈਲੀ ਮਿਲ ਰਿਹਾ ਹੈ। ਜਦਕਿ ਇਸ ਥੈਲੀ ਦਾ ਕੰਪਨੀ ਮੁੱਲ 1600-1700 ਰੁਪਏ ਤੱਕ ਹੈ। ਇਸ ਸਬੰਧੀ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਵਲੋਂ 11 ਫਰਵਰੀ ਨੂੰ ਸ਼ਾਹਬਾਦ ਅਨਾਜ ਮੰਡੀ ਵਿਚ ਕਿਸਾਨ ਆਰਾਮ ਘਰ ਵਿਚ ਬੈਠਕ ਬੁਲਾਈ ਗਈ ਹੈ। ਇਸ ਵਿਚ ਅਗਾਮੀ ਰਣਨੀਤੀ ਤੈਅ ਕੀਤੀ ਜਾਏਗੀ। ਇਸ ਮੌਕੇ ਛੋਟੂ ਰਾਮ ਮਛਰੌਲੀ, ਉਪਕਾਰ ਸਿੰਘ ਨਲਵੀ, ਰਾਮ ਸ਼ਰਣ ਖਰੀਂਡਵਾ, ਸੁਖਚੈਨ ਸਿੰਘ ਪਾਡਲੂ, ਬਲਵਿੰਦਰ ਨਲਵੀ, ਵਿਕਰਮ ਸਿੰਘ ਦੇਊ ਮਾਜਰਾ ਮੌਜੂਦ ਸਨ।

ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮੰਗਿਆ

ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਸੂਬਾ ਬੁਲਾਰੇ  ਨੇ ਸੂਬਾ ਸਰਕਾਰ ਤੋਂ ਬੇਮੌਸਮੀ ਬਰਸਾਤ ਨਾਲ ਖਰਾਬ ਹੋਈ ਕਿਸਾਨਾਂ ਦੀ ਕਣਕ, ਸਰ੍ਹੋਂ, ਆਲੂ ਤੇ ਸਬਜ਼ੀ ਦੀਆਂ ਫਸਲਾਂ ਦੀ ਤੁਰੰਤ ਵਿਸ਼ੇਸ਼  ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਭਾਕਿਯੂ ਟਿਕੈਤ ਦੇ ਸੂਬਾ ਬੁਲਾਰੇ ਰਾਮ ਧਾਰੀ ਢੁਡੀ ਨੇ ਬਾਬੈਨ ਵਿੱਚ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਗੱਲ ਕਰ ਰਹੀ ਹੈ  ਪਰ ਦੂਜੇ ਪਾਸੇ ਉਨ੍ਹਾਂ ਨੂੰ ਫਸਲ ਦਾ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨ ਅੰਦੋਲਨ ਖਤਮ ਕਰਾਉਂਦੇ ਸਮੇਂ ਕਿਹਾ ਸੀ ਕਿ ਕਿਸਾਨਾਂ ਦੀ ਫਸਲ ’ਤੇ ਐੱਮਐਸਪੀ ਗਾਰੰਟੀ ਲਈ ਕਮੇਟੀ ਬਣਾਈ ਜਾਵੇਗੀ। ਇਹ ਵਾਅਦਾ ਵੀ ਅਜੇ ਤੱਕ ਪੂਰਾ ਨਹੀਂ ਕੀਤਾ। ਇਸ ਮੌਕੇ ਭਾਕਿਯੂ ਜ਼ਿਲ੍ਹਾ ਪ੍ਰਧਾਨ ਰਾਮ ਕੁਮਾਰ ਖੈਰਾ, ਜਸਬੀਰ ਮਿਰਜਾਪੁਰ, ਮਦਨ ਪਾਲ ਬਪਦਾ, ਰਿੰਕੂ ਖੈਰੀ ਮੌਜੂਦ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune