ਸਟਰਾਅ ਬੈਰੀ ਦੀ ਖੇਤੀ ਕਰਨ ਵਾਲਾ ਉੁਦਮੀ ਕਿਸਾਨ ਪ੍ਰਦੂਮਨ ਸਿੰਘ

July 07 2021

ਅੱਜ ਪੰਜਾਬ ਦੀ ਖੇਤੀ ਨਿਘਰਦੇ ਹਲਾਂਤਾ ਵਿਚੋਂ ਲੰਘ ਰਹੀ ਹੈ। ਕਣਕ-ਝੋਨੇ ਦੇ ਫਸਲੀ ਚੱਕਰ ਦੀ ਬਹੁਤਾਤ ਹੋਣ ਕਰਕੇ ਖੇਤੀ ਦਵਾਈਆਂ ਅਤੇ ਖਾਦਾ ਦੀ ਬੇਲੋੜੀ ਵਰਤੋਂ ਵੱਧ ਗਈ ਹੈ।ਜਿਸ ਕਾਰਨ ਧਰਤੀ ਅਤੇ ਪਾਣੀ ਦੁਸ਼ਿਤ ਹੋ ਰਹੇ ਹਨ। ਇਸ ਦੇ ਨਾਲ ਹੀ ਖੇਤੀ ਖਰਚੇ ਵੀ ਬਹੁਤ ਵੱਧ ਗਏ ਹਨ।

ਹੁਣ ਸਮੇਂ ਦੀ ਲੋੜ ਹੈ ਕਿ ਫਸਲੀ ਬਦਲਾ ਲਿਆਂਦਾ ਜਾਵੇ ਅਤੇ ਹੋਰ ਨਵੇਂ ਫਸਲੀ ਚੱਕਰ ਨੂੰ ਅਪਣਾਇਆ ਜਾਵੇ।

ਨਵੇਂ ਫਸਲੀ ਚੱਕਰ ਨੂੰ ਅਪਣਾਉਣ ਵਾਲੇ ਇਕ ਕਿਸਾਨ ਜਿਸਦਾ ਨਾਮ ਪ੍ਰਦੂਮਨ ਸਿੰਘ ਹੈ। ਉਹ ਇਕ ਨਵੀਨਤਮ ਸੋਚ ਰੱਖਣ ਵਾਲਾ ਅਗਾਂਹਵਧੂ ਕਿਸਾਨ ਹੈ।ਉਹ ਪਿੰਡ ਰੁਕਾਲੀ ਮਾਈ ਮਾਨਗੜ੍ਹ, ਤਹਿ. ਚਮਕੌਰ ਸਾਹਿਬ ਜਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ ਅਤੇ 50 ਏਕੜ ਰਕਬੇ ਦੀ ਖੇਤੀ ਕਰਦਾ ਹੈ।ਜਿਸ ਵਿਚੋਂ 20 ਏਕੜ ਰਕਬਾ ਉਸ ਦਾ ਆਪਣਾ ਹੈ ਅਤੇ 30 ਏਕੜ ਰਕਬਾ ਉਹ ਹਰ ਸਾਲ ਠੇਕੇ ਤੇ ਲੈਂਦਾ ਹੈ। ਭਾਵੇਂ ਉਸ ਦੀ ਪੜ੍ਹਾਈ ਮੈਟ੍ਰਿਕੁਲੇਸ਼ਨ ਤੱਕ ਦੀ ਹੈ। ਪਰ ਉਹ ਖੇਤੀ ਨਵੀਨੀਕਰਨ ਵਿਚ ਵਿਸ਼ਵਾਸ਼ ਰੱਖਦਾ ਹੈ ਅਤੇ ਉਸ ਦਾ ਖੇਤੀ ਤਜਰਬਾ 25 ਸਾਲ ਤੋਂ ਵੱਧ ਹੈ।ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿੱਗਿਆਨ ਕੇਂਦਰ ਰੋਪੜ੍ਹ ਤੋਂ ਲਗਾਤਾਰ ਸੇਧਾ ਲੈਂਦਾ ਰਹਿੰਦਾ ਹੈ।ਪ੍ਰਦੂਮਨ ਸਿੰਘ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਕਣਕ ਝੋਨੇ ਦੀ ਖੇਤੀ ਹੀ ਕਰਦਾ ਸੀ।ਪਰ ਕੁਦਰਤੀ ਸੋਮਿਆ ਦੀ ਘਾਟ ਕਾਰਨ ਅਤੇ ਖੇਤੀ ਖਰਚਿਆ ਦੇ ਵਧਣ ਕਾਰਨ ਉਸ ਨੇ ਕਣਕ-ਝੋਨੇ ਦੀ ਖੇਤੀ ਵਿਚ ਬਦਲਾਅ ਕਰਨ ਬਾਰੇ ਸੋਚਿਆ। ਉਸ ਨੇ ਸੰਨ 2002 ਵਿਚ 5 ਏਕੜ ਰਕਬੇ ਵਿਚ ਸਟਰਾਅ ਬੈਰੀ ਦੀ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਇਹ ਰਕਬਾ ਵਧਾ ਕੇ 2016 ਵਿਚ 15 ਏਕੜ ਤੱਕ ਕਰ ਲਿਆ। ਸਟਰਾਅ ਬੈਰੀ ਦੇ 5 ਏਕੜ ਰਕਬੇ ਵਿਚ ਉਸ ਨੇ ਡਰਿੱਪ ਸਿਸਟਮ ਲਗਾਇਆ ਹੋਇਆ ਹੈ ਤਾਂ ਕਿ ਪਾਣੀ ਅਤੇ ਖਾਦਾਂ ਦੀ ਬੱਚਤ ਹੋ ਸਕੇ। ਇਸ ਫਸਲ ਦੇ ਵਿਚ ਉਹ ਪੋਲੀਥੀਨ ਜਾਂ ਝੋਨੇ ਦੀ ਪਰਾਲੀ ਦੀ ਮਲਚ ਕਰਦਾ ਹੈ ਅਤੇ ਪੁਰਜੋਰ ਸਰਦੀ ਵਿਚ ਸਟਰਾਅ ਬੈਰੀ ਦੀ ਸੁਰੰਗਾ ਵਿਚ ਖੇਤੀ ਕਰਦਾ ਹੈ। ਮਾਰਕਿਟ ਵਿਚ ਸਟਰਾਅ ਬੈਰੀ ਦਾ ਚੰਗਾਂ ਮੁੱਲ ਪ੍ਰਾਪਤ ਕਰਨ ਲਈ ਉਹ ਅਗੇਤੀ ਕਿਸਮ ਸਵੀਟ ਚਾਰਲੀ ਲਗਾਉਂਦਾ ਹੈ ਅਤੇ ਮੁੱਖ ਮੋਸਮ ਵਿਚ ਕਾਮਾ ਰੋਜਾ ਤੇ ਚੈਂਡਲਰ ਕਿਸਮਾਂ ਲਗਾਉਂਦਾ ਹੈ। ਬਾਕੀ ਬੱਚਦੇ 35 ਏਕੜ ਰਕਬੇ ਵਿਚ ਖੇਤੀ ਬਦਲਾ ਲਿਆਉਣ ਲਈ ਉਹ ਕਮਾਦ, ਆਲੂ, ਮਟਰ, ਟਮਾਟਰ, ਖਰਬੂਜਾ, ਖੀਰਾ ਅਤੇ ਚਾਰਾ ਬੀਜਦਾ ਹੈ।ਟਮਾਟਰ ਦੀ ਫਸਲ ਨੂੰ ਉਹ ਬਾਸਾਂ ਦਾ ਸਹਾਰਾ ਦੇਕੇ ਲਗਾਉਂਦਾ ਹੈ ਤਾਂ ਕਿ ਫਲ ਸਾਫ ਅਤੇ ਵਧੀਆ ਪੈਦਾ ਹੋ ਸਕੇ। ਖਰਬੂਜੇ ਅਤੇ ਖੀਰੇ ਦੀ ਫਸਲ ਵਿਚ ਉਹ ਪੋਲੀਥੀਨ ਅਤੇ ਝੋਨੇ ਦੀ ਪਰਾਲੀ ਨਾਲ ਮਲਚਿੰਗ ਕਰਦਾ ਹੈ। ਇਕ ਏਕੜ ਰਕਬੇ ਵਿਚ ਸ਼ਿਮਲਾ ਮਿਰਚ ਅਤੇ ਬੀਜ ਰਹਿਤ ਖੀਰੇ ਦੀ ਖੇਤੀ ਕਰਨ ਲਈ ਉਸ ਨੇ ਪੋਲੀ ਹਾਉਸ ਵੀ ਲਗਾਇਆ ਹੋਇਆ ਹੈ। ਜਿਸ ਵਿਚ ਖਾਦ ਅਤੇ ਪਾਣੀ ਡਰਿਪ ਸਿਸਟਮ ਨਾਲ ਦਿੱਤਾ ਜਾਂਦਾ ਹੈ। ਪਾਣੀ ਦੀ ਬਚਤ ਕਰਨ ਲਈ ਉਸ ਨੇ ਆਪਣੇ 12 ਏਕੜ ਰਕਬੇ ਵਿਚ ਅੰਡਰ ਗਰਾਂਉਂਡ ਪਾਈਪ ਲਾਈਨ ਸਿਸਟਮ ਲਗਾਇਆ ਹੋਇਆ ਹੈ।

ਪ੍ਰਦੂਮਨ ਸਿੰਘ ਆਪਣੀ ਵਰਤੋਂ ਕਰਨ ਲਈ ਅਤੇ ਵੇਚਣ ਲਈ ਸਟਰਾਅ ਬੈਰੀ ਦੇ ਪੌਦੇ ਰਨਰ ਤੋਂ ਆਪ ਤਿਆਰ ਕਰਦਾ ਹੈ। ਪਲਾਸਟਿਕ ਦੇ ਚਾਹ ਵਾਲੇ ਗਲਾਸਾਂ ਵਿਚ ਉਹ ਰਨਰ ਤੋਂ ਸਟਰਾਅ ਬੈਰੀ ਦੇ ਬੂਟੇ ਸਤੰਬਰ ਮਹੀਨੇ ਵਿਚ ਤਿਆਰ ਕਰਦਾ ਹੈ। ਅੱਧੇ ਏਕੜ ਵਿਚ ਤਿਆਰ ਕੀਤੇ ਰਨਰ ਤੋਂ ਸਾਢੇ ਤਿੰਨ ਏਕੜ ਸਟਰਾਅ ਬੈਰੀ ਦੀ ਫਸਲ ਲਗਾਈ ਜਾਂਦੀ ਹੈ। ਆਮ ਤੋਰ ਤੇ ਕਿਸਾਨ ਸਟਰਾਅ ਬੈਰੀ ਦੀਆਂ ਦੋ ਕਤਾਰਾਂ ਇਕ ਬੈਡ ਤੇ ਲਗਾਉਂਦੇ ਹਨ। ਪਰ ਪ੍ਰਦੂਮਨ ਸਿੰਘ ਨੇ ਇਕ ਤਜਰਬਾ ਕੀਤਾ ਹੈ ਕਿ ਜੇਕਰ 3 ਫੁੱਟ ਚੋੜੇ ਬੈਡ ਤੇ ਸਟਰਾਅ ਬੈਰੀ ਦੀਆ ਚਾਰ ਕਤਾਰਾਂ ਲਗਾਈਆ ਜਾਣ ਤਾਂ 10 ਤੋਂ 15 ਫੀਸਦੀ ਝਾੜ ਵਿਚ ਵਾਧਾ ਹੁੰਦਾ ਹੈ। ਇਸ ਅਭਿਆਸ ਨੂੰ ਉਹ ਸੰਨ 2007 ਤੋਂ ਆਪਣੇ ਖੇਤਾ ਵਿਚ ਅਪਣਾ ਰਿਹਾ ਹੈ। ਉਹ ਸਟਰਾਅ ਬੈਰੀ ਦੀ ਮਾਰਕਿਟਿੰਗ ਲੁਧਿਆਣਾਂ, ਜਲੰਧਰ, ਚੰਡੀਗੜ੍ਹ, ਦਿੱਲੀ ਅਤੇ ਕਲਕੱਤਾ ਦੀਆਂ ਮੰਡੀਆਂ ਵਿਚ ਆਪ ਕਰਦਾ ਹੈ। ਉਸ ਨੇ 9ਘ6 ਵਰਗ ਮੀਟਰ ਦਾ ਪੈਕ ਹਾਉਸ ਬਣਾਇਆ ਹੈ। ਜਿਸ ਵਿਚ ਉਹ ਫੱਲ ਅਤੇ ਸਬਜੀਆਂ ਦੀ ਗਰੇਡਿੰਗ ਅਤੇ ਪੈਕਿੰਗ ਕਰਦਾ ਹੈ।ਉਹ ਸਟਰਾਅ ਬੈਰੀ ਵਾਸਤੇ 250 ਗ੍ਰਾਮ ਦੀ ਪਲਾਸਟਿਕ ਪੈਕਿੰਗ ਕਰਦਾ ਹੈ ਅਤੇ 250 ਗ੍ਰਾਮ ਦੇ 8 ਡੱਬਿਆਂ ਨੂੰ ਦੋ ਕਿਲੋ ਦੇ ਇਕ ਕੋਰੂਗੇਟਿਡ ਫਾਈਬਰ ਡੱਬੇ ਵਿਚ ਪੈਕ ਕਰਦਾ ਹੈ। ਪ੍ਰਦੂਮਨ ਸਿੰਘ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਕ੍ਰਮਵਾਰ 2006, 2007 ਅਤੇ 2009 ਵਿਚ ਸਟਰਾਅ ਬੈਰੀ ਵਿਚ ਪਹਿਲਾ ਇਨਾਮ, ਕੰਸੋਲੇਸ਼ਨ ਇਨਾਮ ਅਤੇ ਦੂਜਾ ਇਨਾਮ ਪ੍ਰਾਪਤ ਕੀਤੇ ਹਨ। ਉਸ ਨੂੰ ਭਾਰਤੀ ਖੇਤੀ ਖੋਜ ਸੰਸਥਾ ਵੱਲੋਂ ਉਤਰੀ ਖੇਤੀਬਾੜੀ ਖੇਤਰੀ ਮੇਲਾ 2018 ਵਿਚ ਸਭ ਤੋਂ ਵੱਧੀਆ ਕਿਸਾਨ ਹੋਣ ਲਈ ਸਨਮਾਨਿਤ ਕੀਤਾ ਗਿਆ ਹੈ। 

ਪ੍ਰਦੂਮਨ ਸਿੰਘ ਦੇ ਤਜ਼ਰੁਬੇ ਦੇ ਅਧਾਰ ਤੇ ਜੇਕਰ ਅਸੀ ਮੋਟੇ ਤੌਰ ਤੇ ਝੋਨਾ-ਸਟਰਾਅ ਬੈਰੀ ਅਤੇ ਝੋਨਾ-ਕਣਕ ਦੇ ਫਸਲੀ ਚੱਕਰਾਂ ਦੀ ਆਪਸੀ ਤੁਲਨਾ ਕਰੀਏ ਤਾਂ ਝੋਨਾ- ਸਟਰਾਅ ਬੈਰੀ ਫਸਲੀ ਚੱਕਰ ਤੋਂ ਲਗਭਗ 3,17,520/- ਪ੍ਰਤੀ ਏਕੜ ਦੀ ਨਿਰੋਲ ਆਮਦਨ ਅਤੇ ਕਣਕ-ਝੋਨੇ ਦੇ ਫਸਲੀ ਚੱਕਰ ਤੋਂ 63,520/- ਰੁਪਏ ਪ੍ਰਤੀ ਏਕੜ ਦੀ ਨਿਰੋਲ ਆਮਦਨ ਹੁੰਦੀ ਹੈ।

ਪ੍ਰਦੂਮਨ ਸਿੰਘ ਦਾ ਮੰਨਣਾ ਹੈ ਕਿ ਸਟਰਾਅ ਬੈਰੀ ਦੀ ਫਸਲ ਪੈਦਾ ਕਰਨ ਲਈ ਵੱਧ ਲੇਬਰ ਦੀ ਲੋੜ ਪੈਂਦੀ ਹੈ ਅਤੇ ਲੇਬਰ ਮਹਿੰਗੀ ਹੈ।

ਉਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਖੇਤੀ ਉਹ ਕਰ ਰਿਹਾ ਹੈ, ਉਸ ਦਾ ਸ਼ੁਰੂਆਤੀ ਖਰਚਾ ਵੀ ਜਿਆਦਾ ਹੈ, ਇਸ ਕਰਕੇ ਸਟਰਾਅ ਬੈਰੀ ਦੀ ਖੇਤੀ ਨੂੰ ਵਧਾਵਾ ਦੇਣ ਲਈ ਸਰਕਾਰ ਵੱਲੋਂ ਘੱਟ ਵਿਆਜ ਦਰ ਤੇ ਕਰਜ ਦੀ ਉਪਲੱਭਦਤਾ ਕਰਾਈ ਜਾਣੀ ਚਾਹੀਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran