ਵਿਦੇਸ਼ ਜਾਣ ਦਾ ਸੁਫਨਾ ਟੁੱਟਿਆ ਤਾਂ, ਇਸ ਵਿਦੇਸ਼ੀ ਫਰੂਟ ਦੀ ਕੀਤੀ ਖੇਤੀ, ਹੁਣ ਹੋ ਰਿਹਾ ਚੰਗਾ ਮੁਨਾਫ਼ਾ

August 11 2021

ਅੱਜ ਦਾ ਕਿਸਾਨ ਜਾਗਰੂਕ ਹੁੰਦਾ ਜਾ ਰਿਹਾ ਹੈ। ਉਹ ਚੰਗੀ ਕਮਾਈ ਲਈ ਵੱਖੋਂ-ਵੱਖ ਢੰਗ ਲੱਭ ਰਿਹਾ ਹੈ ਤੇ ਇਸ ਨੂੰ ਆਪਣਾ ਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਗੁਰਦਾਸਪੁਰ ਦਾ ਇੱਕ ਕਿਸਾਨ ਵਿਦੇਸ਼ੀ ਫਰੂਟ ਯਾਨੀ ਡਰੇਗਨ ਫਰੂਟ ਦੀ ਖੇਤੀ ਕਰ ਰਿਹਾ ਹੈ। 6 ਕਨਾਲ ਜ਼ਮੀਨ ਵਿੱਚ ਗੁਰਦਾਸਪੁਰ ਦਾ ਰਹਿਣ ਵਾਲਾ ਦਲਜੀਤ ਸਿੰਘ ਡਰੇਗਨ ਫਰੂਟ ਦੇ ਨਾਲ-ਨਾਲ ਦੂਸਰੀਆਂ ਸਬਜ਼ੀਆਂ ਦੀ ਵੀ ਖੇਤੀ ਕਰਕੇ ਚੰਗਾ ਲਾਭ ਲੈ ਰਿਹਾ ਹੈ। 

ਦਲਜੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਡਰੇਗਨ ਫਰੂਟ ਦੀ ਮੰਡੀਕਰਨ ਨਹੀਂ ਕਰ ਰਿਹਾ, ਕਿਉਂਕਿ ਗ੍ਰਾਹਕ ਮੇਰੇ ਖੇਤਾਂ ਚੋਂ ਹੀ ਆਕੇ ਫਰੂਟ ਦੀ ਖਰੀਦਦਾਰੀ ਕਰ ਲੈਂਦਾ ਹੈ। ਗੁਰਦਾਸਪੁਰ ਦੇ ਪਿੰਡ ਕੈਲੇ ਕਲਾਂ ਦੇ ਕਿਸਾਨ ਦਲਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਕਮਾਈ ਕਰਨ ਲਈ ਉਸਨੇ ਵਿਦੇਸ਼ ਜਾਣ ਦਾ ਮਨ ਬਣਾ ਲਿਆ ਸੀ। ਪਰ ਕਿਸੇ ਕਾਰਨ ਉਹ ਵਿਦੇਸ਼ ਨਾ ਜਾ ਸਕਿਆ। 

ਇਸੇ ਦੌਰਾਨ ਮਾਯੂਸੀ ਦੇ ਆਲਮ ਚ ਉਸ ਦੇ ਇਕ ਦੋਸਤ ਨੇ ਖੇਤੀ ਦੇ ਬਦਲਾਵ ਦੇ ਰੂਪ ਚ ਡਰੇਗਨ ਫਰੂਟ ਦੀ ਖੇਤੀ ਕਰਨ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਦਲਜੀਤ ਸਿੰਘ ਨੇ ਗੁਜਰਾਤ ਚੋਂ 10 ਦਿਨ ਦੀ ਟ੍ਰੇਨਿੰਗ ਲੈ ਕੇ ਆਪਣੇ ਪਿੰਡ 6 ਕਨਾਲ ਜ਼ਮੀਨ ਚ ਡਰੇਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕੀਤੀ। 6 ਕਨਾਲ ਜ਼ਮੀਨ ਵਿੱਚ 300 ਦੇ ਕਰੀਬ ਬੂਟੇ ਲਗਾਏ ਗਏ। ਪਹਿਲੇ ਸਾਲ ਦਲਜੀਤ ਸਿੰਘ ਦੀ ਮੇਹਨਤ ਨੂੰ ਫਲ ਪਿਆ ਤਾਂ ਦਲਜੀਤ ਨੇ ਡਰੇਗਨ ਫਰੂਟ ਦੀ ਖੇਤੀ ਤੋਂ 1 ਲੱਖ ਰੁਪਏ ਕਮਾਏ। 

ਹੁਣ ਇਸ ਵਾਰ ਦੂਸਰੀ ਫਸਲ ਤੋਂ ਇਹ ਮੁਨਾਫ਼ਾ ਵਧਣ ਦੀ ਆਸ ਹੈ। ਦਲਜੀਤ ਸਿੰਘ ਦਾ ਕਹਿਣਾ ਹੈ ਕਿ 1 ਏਕੜ ਦੀ ਡਰੇਗਨ ਫਰੂਟ ਦੀ ਖੇਤੀ ਤੇ ਕਰੀਬ 4 ਲੱਖ ਦਾ ਖਰਚਾ ਆਉਂਦਾ ਹੈ, ਜੋ ਕੇਵਲ ਇਕ ਵਾਰ ਹੀ ਖਰਚ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਲਗਾਤਾਰ 35 ਸਾਲ ਡਰੇਗਨ ਫਰੂਟ ਦੇ ਬੂਟੇ ਫਲ ਦਿੰਦੇ ਰਹਿੰਦੇ ਹਨ। ਬਾਜ਼ਾਰੀ ਕੀਮਤ ਦੀ ਗਲ ਕਰੀਏ ਤਾਂ ਫਲ ਦੀ ਕੁਆਲਿਟੀ ਦੇ ਹਿਸਾਬ ਨਾਲ ਤਾਂ 400 ਤੋਂ 500 ਰੁਪਏ ਪ੍ਰਤੀ ਕਿਲੋ ਕਮਾਈ ਹੁੰਦੀ ਹੈ। 

ਇਕ ਪੌਦੇ ਨੂੰ 15 ਤੋਂ 20 ਕਿਲੋ ਦੇ ਦਰਮਿਆਨ ਫਲ ਲਗਦਾ ਹੈ। ਦਲਜੀਤ ਸਿੰਘ ਦਾ ਕਹਿਣਾ ਹੈ ਕਿ ਅਗਰ ਅਸੀਂ ਇਸ ਡਰੇਗਨ ਫਰੂਟ ਦੀ ਖੇਤੀ ਨੂੰ ਸਰਕਾਰੀ ਤੌਰ ਤੇ ਮਾਨਤਾ ਪ੍ਰਾਪਤ ਕਰਵਾ ਲਈਏ ਤਾਂ ਸਰਕਾਰ ਵੀ ਮਾਲੀ ਮਦਦ ਕਰ ਦਿੰਦੀ ਹੈ। ਓਥੇ ਹੀ ਦਲਜੀਤ ਸਿੰਘ ਨੇ ਦੱਸਿਆ ਕਿ ਮੈਂ 6 ਡਰੇਗਨ ਫਰੂਟ ਦੀ ਖੇਤੀ ਦੇ ਨਾਲ-ਨਾਲ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਉਗਾ ਕੇ ਵੀ ਮੁਨਾਫ਼ਾ ਕਮਾ ਰਿਹਾ ਹਾਂ। 

ਦਲਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੀ ਰਿਵਾਇਤੀ ਫਸਲ ਤੋਂ ਅਲਾਵਾ ਖੇਤੀ ਦੇ ਬਦਲਵੇਂ ਰੂਪ ਅਪਣਾਉਂਦੇ ਹੋਏ ਖੇਤੀ ਨੂੰ ਆਪਣੇ ਲਈ ਲਾਹੇਵੰਦ ਧੰਦਾ ਬਣਾਉਣਾ ਚਾਹੀਦਾ ਹੈ। ਖੇਤੀ ਚ ਹੱਥ ਵਟਾਉਣ ਵਾਲੇ ਦਲਜੀਤ ਸਿੰਘ ਦੇ ਨੋਜਵਾਨ ਬੇਟੇ ਨੇ ਕਿਹਾ ਕਿ ਉਹ ਪੜਾਈ ਦੇ ਨਾਲ-ਨਾਲ ਆਪਣੇ ਪਿਤਾ ਨਾਲ ਖੇਤੀ ਵਿੱਚ ਹੱਥ ਵੀ ਵਟਾਉਂਦਾ ਹੈ ਅਤੇ ਆਪਣੀ ਮਿਹਨਤ ਨੂੰ ਜਦੋਂ ਫਲ ਲਗਦਾ ਵੇਖਦਾ ਹੈ ਤਾਂ ਕਾਫੀ ਖੁਸ਼ੀ ਮਹਿਸੂਸ ਹੁੰਦੀ ਹੈ। 

ਉਸਨੇ ਨੌਜਵਾਨ ਕਿਸਾਨਾਂ ਨੂੰ ਕਿਹਾ ਕਿ ਆਪਣੀ ਪਿਤਾ ਪੁਰਖੀ ਖੇਤੀ ਨੂੰ ਆਪਣਾ ਕੇ ਨਵਾਂ ਰੂਪ ਦਿੰਦੇ ਹੋਏ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਚਾਹੀਦਾ ਹੈ ਤਾਂ ਕਿ ਵਿਦੇਸ਼ਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live