ਲੱਖਾਂ ਕਿਸਾਨ ਪੈਦਾ ਕੀਤਾ ਫਲ ਸੜਕਾਂ ਤੇ ਸੁੱਟਣ ਲਈ ਮਜਬੂਰ, ਚੀਨ ਤੇ ਇਹ ਇਲਜ਼ਾਮ

February 09 2022

ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆ ਭਰ ਚ ਹਾਹਾਕਾਰ ਮਚਾਈ ਹੈ। ਮਾਹਰ ਅਜੇ ਵੀ ਕਹਿ ਰਹੇ ਹਨ ਕਿ ਇਸ ਦਾ ਪ੍ਰਭਾਵ ਆਉਣ ਵਾਲੇ ਕਈ ਸਾਲਾਂ ਤੱਕ ਰਹੇਗਾ। ਕੋਰੋਨਾ ਨੂੰ ਲੈ ਕੇ ਹਮੇਸ਼ਾ ਇਹ ਆਰੋਪ ਲਗਾਇਆ ਜਾਂਦਾ ਰਿਹਾ ਹੈ ਕਿ ਚੀਨ ਨੇ ਇਸ ਵਾਇਰਸ ਨੂੰ ਪੂਰੀ ਦੁਨੀਆ ਚ ਫੈਲਾਇਆ ਹੈ। ਹਾਲਾਂਕਿ ਚੀਨ ਖੁਦ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਚੀਨ ਦੇ ਕਈ ਖੇਤਰਾਂ ਵਿੱਚ, ਇੱਕ ਵਾਰ ਫਿਰ ਤੋਂ ਕੋਰੋਨਾ ਨੂੰ ਲੈ ਕੇ ਸਖ਼ਤ ਫੈਸਲੇ ਲਏ ਜਾ ਰਹੇ ਹਨ। ਇਸ ਸਖ਼ਤ ਫੈਸਲੇ ਕਾਰਨ ਕਈ ਦੇਸ਼ਾਂ ਤੋਂ ਆਉਣ ਵਾਲੇ ਫਲਾਂ ਦੇ ਵਾਹਨ ਸਰਹੱਦ ਤੇ ਖੜ੍ਹੇ ਹਨ। ਦਰਅਸਲ, ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਚੀਨ ਵਿੱਚ ਇਨ੍ਹੀਂ ਦਿਨੀਂ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਸਖ਼ਤ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਚੀਨ ਨੂੰ ਵੀਅਤਨਾਮ, ਮਿਆਂਮਾਰ, ਥਾਈਲੈਂਡ ਤੇ ਲਾਓਸ ਵਰਗੇ ਦੇਸ਼ਾਂ ਤੋਂ ਡ੍ਰੈਗਨ ਫਰੂਟ ਦੀ ਸਪਲਾਈ ਕੀਤੀ ਜਾਂਦੀ ਹੈ।

ਚੀਨੀ ਦਰਾਮਦ ਇਨ੍ਹੀਂ ਦਿਨੀਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਨੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਫਲਾਂ ਤੇ ਸਖ਼ਤ ਨਜ਼ਰ ਰੱਖੀ ਹੋਈ ਹੈ, ਜਿਸ ਕਾਰਨ ਚੀਨ ਦੀਆਂ ਸਰਹੱਦਾਂ ਤੇ ਵੀਅਤਨਾਮ, ਮਿਆਂਮਾਰ, ਥਾਈਲੈਂਡ ਤੇ ਲਾਓਸ ਤੋਂ ਆਉਣ ਵਾਲੇ ਟਰੱਕਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਹਾਲਤ ਇਹ ਹੈ ਕਿ ਫਲ ਸਰਹੱਦ ਤੇ ਹੀ ਸੜ ਰਹੇ ਹਨ।

ਰਿਪੋਰਟ ਮੁਤਾਬਕ ਇਹ ਫਲ ਜਿਥੋਂ ਆ ਰਹੇ ਹਨ, ਇਸ ਦਾ ਅਸਰ ਕਿਸਾਨਾਂ ਤੇ ਵੀ ਪੈ ਰਿਹਾ ਹੈ। ਵੀਅਤਨਾਮ ਦੇ ਡਰੈਗਨ ਫਰੂਟ ਦੇ ਕਿਸਾਨ, ਜੋ ਜ਼ਿਆਦਾਤਰ ਫਲ ਚੀਨ ਨੂੰ ਭੇਜਦੇ ਹਨ, ਬਹੁਤ ਜ਼ਿਆਦਾ ਕਰਜ਼ਦਾਰ ਹਨ। ਪਾਬੰਦੀਆਂ ਨੇ ਵੀਅਤਨਾਮ ਵਿੱਚ ਡਰੈਗਨ ਫਰੂਟ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਮਾਰਿਆ ਹੈ। ਚੀਨ ਦੇ ਸਖ਼ਤ ਨਿਯਮਾਂ ਕਾਰਨ ਉਥੋਂ ਦੇ ਕਿਸਾਨ ਆਪਣਾ ਫਲ ਸੜਕਾਂ ਤੇ ਸੁੱਟਣ ਲਈ ਮਜਬੂਰ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਅਜਿਹਾ ਚੀਨ ਕਾਰਨ ਹੋ ਰਿਹਾ ਹੈ।

ਇੰਨਾ ਹੀ ਨਹੀਂ ਮਿਆਂਮਾਰ ਚ ਵੀ ਤਰਬੂਜ਼ ਦੇ ਨਿਰਯਾਤਕ ਆਪਣਾ ਫਲ ਸੜਕਾਂ ਤੇ ਸੁੱਟ ਰਹੇ ਹਨ ਕਿਉਂਕਿ ਟਰੱਕ ਡਰਾਈਵਰਾਂ ਨੂੰ ਚੀਨ ਚ ਮਾਲ ਲਿਆਉਣ ਤੋਂ ਪਹਿਲਾਂ 15 ਦਿਨਾਂ ਲਈ ਕੁਆਰੰਟੀਨ ਚ ਰਹਿਣਾ ਪੈਂਦਾ ਹੈ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਚੀਨੀ ਅਧਿਕਾਰੀਆਂ ਦਾ ਆਰੋਪ ਹੈ ਕਿ ਵੀਅਤਨਾਮ ਤੋਂ ਆਏ ਡਰੈਗਨ ਫਰੂਟ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਫਲ ਵੇਚਣ ਵਾਲੇ ਸੁਪਰਮਾਰਕੀਟਾਂ ਨੂੰ ਬੰਦ ਕਰ ਦਿੱਤਾ। ਇਸ ਕਾਰਨ ਵੀਅਤਨਾਮ ਵਿੱਚ ਡਰੈਗਨ ਫਰੂਟ, ਅੰਬ ਤੇ ਅਨਾਨਾਸ ਦੇ 10 ਲੱਖ ਤੋਂ ਵੱਧ ਕਿਸਾਨ ਪ੍ਰਭਾਵਿਤ ਹੋਏ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live