ਜ਼ਮੀਨ ਦੀ ਕਮੀ ਕਰਕੇ ਕੰਧਾਂ ਤੇ ਉਗਾਈਆਂ ਸਬਜ਼ੀਆਂ, ਲੱਖਾਂ-ਕਰੋੜਾਂ ਦਾ ਕਾਰੋਬਾਰ

December 10 2021

ਤਕਨੀਕੀ ਪੱਖੋਂ ਇਜ਼ਰਾਇਲ ਨੂੰ ਸਿਰਤਾਜ਼ ਮੰਨ ਲਿਆ ਜਾਵੇ ਤਾਂ ਇਸ ਚ ਕੋਈ ਅਤਿਕਥਨੀ ਨਹੀਂ। ਫਿਰ ਇਹ ਤਕਨੀਕ ਚਾਹੇ ਖੇਤੀ ਦੀ ਹੋਵੇ, ਹਥਿਆਰਾਂ ਦੀ ਜਾਂ ਕੰਪਿਊਟਰ-ਇੰਟਰਨੈੱਟ ਨਾਲ ਜੁੜੀ ਹੋਈ। ਇਥੋਂ ਤੱਕ ਕਿ ਇਜ਼ਰਾਇਲ ਨੇ ਕੰਧਾਂ ਤੇ ਸਬਜ਼ੀਆਂ ਉਗਾਉਣ ਦਾ ਕੰਮ ਵੀ ਸੰਭਵ ਕਰ ਦਿਖਾਇਆ ਹੈ।

ਖੇਤੀ ਦੇ ਮਾਮਲੇ ਚ ਇਜ਼ਰਾਇਲ ਦੀਆਂ ਤਕਨੀਕਾਂ ਦੀ ਮਿਸਾਲ ਪਹਿਲਾਂ ਹੀ ਦੁਨੀਆ ਭਰ ਚ ਦਿੱਤੀ ਜਾਂਦੀ ਹੈ। ਹੁਣ ਇਜ਼ਰਾਇਲ ਨੇ ਜ਼ਮੀਨ ਦੀ ਕਮੀ ਦੇਖਦਿਆਂ ਦੀਵਾਰਾਂ ਤੇ ਵੀ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਜ਼ਰਾਇਲੀ ਕੰਪਨੀ ਗ੍ਰੀਨਵਾਲ ਨੇ ਖੇਤੀ ਦੀ ਖਾਸ ਵਿਧੀ ਵਰਟੀਕਲ ਗਾਰਡਨ ਬਾਜ਼ਾਰ ਚ ਵੀ ਉਪਲਬਧ ਕਰਵਾ ਦਿੱਤੀ ਹੈ। ਇਸ ਤਕਨੀਕ ਦੇ ਸਹਾਰੇ ਕਿਸੇ ਵੀ ਜਗ੍ਹਾ ਖੇਤੀ ਕੀਤੀ ਜਾ ਸਕਦੀ ਹੈ।

ਇਸ ਤਕਨੀਕ ਸਹਾਰੇ ਲੋਕ ਘਰ ਦੀਆਂ ਛੱਤਾਂ ਅਤੇ ਕੰਧਾਂ ਤੇ ਝੋਨਾ, ਮੱਕੀ ਤੇ ਕਣਕ ਸਣੇ ਕੋਈ ਵੀ ਫਸਲ ਬੀਜ ਸਕਦੇ ਹਨ। ਗ੍ਰੀਨਵਾਲ ਇਸ ਵਿਧੀ ਨਾਲ ਖੇਤੀ ਕਰਨ ਲਈ ਉਪਜਾਊ ਮਿੱਟੀ ਉਪਲਬਧ ਕਰਵਾਉਂਦੀ ਹੈ ਜੋ ਕਿਸੇ ਵੀ ਫਸਲ ਲਈ ਸਮਰੱਥ ਹੈ। ਵਰਟੀਕਲ ਪਲਾਂਟਿੰਗ ਸਿਸਟਮ ਦੇ ਤਹਿਤ ਪੌਦਿਆਂ ਨੂੰ ਸਮਾਲ ਮੌਡਊਲਰ ਯੂਨਿਟ ਚ ਲਾਇਆ ਜਾਂਦਾ ਹੈ।

ਪੌਦੇ ਬਾਹਰ ਨਾ ਡਿੱਗਣ ਇਸ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਹਰ ਪੌਦੇ ਨੂੰ ਕੰਪਿਊਟਰ ਦੀ ਮਦਦ ਨਾਲ ਵਿਸ਼ੇਸ਼ ਵਿਧੀ ਰਾਹੀਂ ਪਾਣੀ ਪਹੁੰਚਾਇਆ ਜਾਂਦਾ ਹੈ। ਜਦੋਂ ਇਨ੍ਹਾਂ ਤੋਂ ਅਨਾਜ ਜਾਂ ਫਲ, ਸਬਜ਼ੀਆਂ ਉੱਗਣ ਦਾ ਸਮਾਂ ਹੁੰਦਾ ਹੈ ਤਾਂ ਇਨ੍ਹਾਂ ਨੂੰ ਕੰਧ ਤੋਂ ਕੁਝ ਸਮੇਂ ਲਈ ਹੇਠਾਂ ਲਾਹ ਲਿਆ ਜਾਂਦਾ ਹੈ।

ਦੀਵਾਰਾਂ ਤੇ ਲਾਈਆਂ ਗਈਆਂ ਫਸਲਾਂ ਦੀ ਸਿੰਜਾਈ ਲਈ ਗ੍ਰੀਨਵਾਲ ਇਜ਼ਰਾਇਲੀ ਕੰਪਨੀ ਨੇਤਾਫਿਮ ਵੱਲੋਂ ਵਿਕਸਿਤ ਬੂੰਦ-ਬੂੰਦ ਸਿੰਜਾਈ ਵਿਧੀ ਦੀ ਵਰਤੋ ਕਰਦੀ ਹੈ। ਗ੍ਰੀਨਵਾਲ ਨੇ ਕੰਧਾਂ ਤੇ ਖੇਤੀ ਲਈ ਮਾਨਿਟਰ, ਸੈਂਸਰ ਤੇ ਕੰਟਰੋਲ ਵਿਸਟਮ ਨੂੰ ਇਜ਼ਰਾਇਲੀ ਵਾਟਰ ਮੈਨੇਜਮੈਂਟ ਕੰਪਨੀ ਗੈਲਕਾਨ ਦੀ ਮਦਦ ਨਾਲ ਵਿਕਸਤ ਕੀਤਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live