ਗੁਜਰਾਤੀ ਅੰਗੂਰ ਨੇ ਦੱਬੇ ਮਾਲਵੇ ਦੇ ਦੇਸੀ ਅੰਗੂਰ

April 02 2019

ਅੱਜ ਤੋਂ 20-25 ਸਾਲ ਪਹਿਲਾਂ ਪੰਜਾਬ ਵਿਚ ਸੰਨ 1994 ਤੋਂ 2000 ਤਕ ਦੇਸੀ ਅੰਗੂਰਾਂ ਦਾ ਕਾਫ਼ੀ ਬੋਲਬਾਲਾ ਸੀ। ਕਿਸਾਨਾਂ ਨੇ ਅੰਗੂਰਾਂ ਦੀ ਖੇਤੀ ਲਈ ਬਾਗ਼ ਲਾਉਣੇ ਸ਼ੁਰੂ ਕੀਤੇ ਸਨ ਤੇ ਮਾੜੇ ਤੋਂ ਮਾੜੇ ਕਿਸਾਨਾਂ ਨੇ ਵੀ ਆਰਥਿਕ ਲਾਹਾ ਲੈਣ ਲਈ ਅਪਣੇ ਖੇਤਾਂ ਵਿਚ ਬਾਗ਼ ਲਗਾ ਲਏ ਸਨ। ਟਿੱਬਿਆਂ ਵਾਲੀ ਮਾਲਵਾ ਪੱਟੀ ਅੰਗੂਰਾਂ ਦੇ ਬਾਗ਼ਾਂ ਵਾਲਾ ਖੇਤਰ ਬਣ ਗਿਆ ਸੀ। ਵਿਸ਼ੇਸ਼ ਕਰ ਕੇ ਬਠਿੰਡਾ, ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ ਵਿਚ ਕੁੱਝ ਕੁ ਸਾਲਾਂ ਵਿਚ ਹਜ਼ਾਰਾਂ ਏਕੜ ਵਿਚ ਅੰਗੂਰਾਂ ਦੇ ਬਾਗ਼ ਲੱਗ ਗਏ ਸਨ।

 ਕਿਸੇ ਵੇਲੇ ਅੰਗੂਰ ਪਿੰਡਾਂ ਅੰਦਰ ਟਰਾਲੀਆਂ ਤੇ ਵਿਕਣ ਲਈ ਆਇਆ ਕਰਦੇ ਸਨ। ਦਿਨ ਰਾਤ ਦੀ ਮਿਹਨਤ ਤੋਂ ਬਾਅਦ ਪੈਦਾ ਕੀਤੇ ਇਨ੍ਹਾਂ ਅੰਗੂਰਾਂ ਨੂੰ ਲੋਕ ਇਕ ਰੁਪਏ ਕਿਲੋ ਵੀ ਨੱਕ ਮਾਰ ਕੇ ਖ਼ਰੀਦਦੇ ਸਨ। ਮਾਲਵਾ ਪੱਟੀ ਦੇ ਬਾਜ਼ਾਰ ਵਿਚ ਆ ਰਹੇ ਅੰਗੂਰਾਂ ਨਾਲੋਂ ਲੋਕ ਮਹਾਰਾਸ਼ਟਰ ਅਤੇ ਗੁਜਰਾਤ ਦੇ ਅੰਗੂਰਾਂ ਨੂੰ ਵਧੇਰੇ ਪਸੰਦ ਕਰਦੇ ਹਨ ਕਿਉਂਕਿ ਮਾਲਵੇ ਦੇ ਅੰਗੂਰ ਖੱਟੇ ਸਨ ਜਦਕਿ ਗੁਜਰਾਤ ਦੇ ਅੰਗੂਰ ਮਿੱਠੇ। ਜਿਸ ਕਾਰਨ ਦੇਸੀ ਅੰਗੂਰਾਂ ਨਾਲੋਂ ਗੁਜਰਾਤੀ ਅੰਗੂਰਾਂ ਦੀ ਵਿਕਰੀ ਭਾਰੀ ਹੁੰਦੀ ਹੈ। ਮਾਲਵੇ ਦੇ ਬਾਗ਼ਵਾਨ ਅੰਗੂਰ ਦੇ ਖੱਟੇ ਹੋਣ ਕਾਰਨ ਦੁਖੀ ਹਨ।

ਮਾਲਵਾ ਪੱਟੀ ਦੇ ਸੈਂਕੜੇ ਬਾਗ਼ਵਾਨਾਂ ਨੇ ਅੰਗੂਰਾਂ ਦੇ ਬਾਗ਼ਾਂ ਤੋਂ ਵੱਧ ਮੁਨਾਫਾ ਮਿਲਣ ਦੀ ਉਮੀਦ ਕੀਤੀ ਸੀ ਪਰ ਬਾਜ਼ਾਰ ਵਿਚ ਘੱਟ ਭਾਅ ਨੇ ਬਾਗ਼ਵਾਨਾਂ ਦਾ ਕਚੂੰਮਰ ਕੱਢ ਦਿਤਾ ਹੈ। ਕਿਸਾਨਾਂ ਦਾ ਕਹਿਣੈ ਕਿ ਦੇਸੀ ਅੰਗੂਰ ਕਿਤੇ ਵੀ 7-8 ਰੁਪਏ ਕਿਲੋ ਤੋਂ ਵੱਧ ਨਹੀਂ ਵਿਕਦੇ ਸਨ। ਜਿਸ ਕਾਰਨ ਕਿਸਾਨ ਅੰਗੂਰਾਂ ਨੂੰ ਘਾਟੇ ਵਾਲਾ ਸੌਦਾ ਸਮਝ ਕੇ ਇਸ ਦੀ ਖੇਤੀ ਤੋਂ ਤੌਬਾ ਕਰ ਗਿਆ। ਇਹੀ ਕਾਰਨ ਹੈ ਕਿ ਪੂਰੀ ਮਾਲਵਾ ਪੱਟੀ ਵਿਚ ਹੁਣ ਨਾਮਾਤਰ ਹੀ ਬਾਗ਼ ਰਹਿ ਗਏ ਹਨ। ਮਈ ਜੂਨ ਮਹੀਨੇ ਵਿਚ ਦੇਸੀ ਅੰਗੂਰ ਦੀ ਆਮਦ ਨਾਮਾਤਰ ਹੋਣ ਦੀ ਉਮੀਦ ਹੈ।

ਜਾਣਕਾਰੀ ਅਨੁਸਾਰ ਬਾਜ਼ਾਰ ਵਿਚ ਗੁਜਰਾਤ ਅਤੇ ਮਹਾਰਾਸ਼ਟਰ ਦਾ ਜੋ ਅੰਗੂਰ ਆ ਰਿਹਾ ਹੈ। ਉਸ ਨੂੰ ਗਾਹਕ 60 ਤੋਂ 80 ਰੁਪਏ ਕਿਲੋ ਖ਼ਰੀਦ ਕੇ ਖ਼ੁਸ਼ ਹੈ। ਗੁਜਰਾਤੀ ਅੰਗੂਰ ਮਾਲਵੇ ਅੰਗੂਰਾਂ ਨਾਲੋਂ ਅਕਾਰ ਵਿਚ ਲੰਬਾ ਅਤੇ ਮੋਟਾ ਹੁੰਦਾ ਹੈ। ਅਤੇ ਉਸ ਦਾ ਸਵਾਦ ਵੀ ਮਾਲਵੇ ਦੇ ਅੰਗੂਰ ਨਾਲੋਂ ਮਿੱਠਾ ਹੁੰਦਾ ਹੈ। ਫਲ ਵਿਕਰੇਤਾਵਾਂ ਤੇ ਆੜ੍ਹਤੀਆਂ ਦਾ ਮੰਨਣਾ ਹੈ ਕਿ ਬਾਹਰੋਂ ਆਏ ਅੰਗੂਰ ਦੀ ਕੁਆਲਟੀ ਮਾਲਵੇ ਦੇ ਅੰਗੂਰ ਨਾਲੋਂ ਚੰਗੀ ਹੈ ਅਤੇ ਇਸੇ ਕਾਰਨ ਵਿਕਰੀ ਵੱਧ ਹੁੰਦੀ ਹੈ। ਅੱਜ ਦੀ ਘੜੀ ਮਾਲਵਾ ਪੱਟੀ ਵਿਚ ਅੰਗੂਰਾਂ ਦੇ ਬਾਗ਼ ਖ਼ਾਤਮੇ ਦੀ ਕਗਾਰ ਤੇ ਹੈ।

ਸਰਕਾਰ ਦੀਆਂ ਨੀਤੀਆਂ ਤੋਂ ਵੀ ਕਿਸਾਨ ਤੰਗ ਹੈ ਕਿਉਂਕਿ ਸਰਕਾਰ ਬਦਲਵੀਂ ਫ਼ਸਲ ਦੀ ਸਲਾਹ ਤਾਂ ਦਿੰਦੀ ਐ ਪਰ ਮੰਡੀਕਰਨ ਦਾ ਪ੍ਰਬੰਧ ਨਹੀਂ ਕਰਦੀ। ਇਸੇ ਕਰਕੇ ਅੱਕੇ ਕਿਸਾਨਾਂ ਨੇ ਸਾਰੇ ਬਾਗ਼ ਪੁੱਟ ਦਿਤੇ ਤੇ ਮੁੜ ਰਵਾਇਤੀ ਖੇਤੀ ਸ਼ੁਰੂ ਕਰ ਦਿਤੀ। ਸੈਂਕੜਿਆਂ ਦੀ ਗਿਣਤੀ ਵਿਚ ਨਜ਼ਰ ਆਉਂਦੇ ਅੰਗੂਰਾਂ ਦੇ ਬਾਗ਼ ਗਧੇ ਦੇ ਸਿੰਗਾਂ ਵਾਂਗ ਅਲੋਪ ਹੋ ਗਏ। ਹੁਣ ਦੂਰ-ਦੂਰ ਤਕ ਅੰਗੂਰਾਂ ਦੇ ਬਾਗ਼ ਕਿਧਰੇ ਵੀ ਦਿਖਾਈ ਨਹੀਂ ਦਿੰਦੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman