ਬਨੂੜ ਮੰਡੀ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਈ

April 05 2019

ਇਥੋਂ ਦੀ ਅਨਾਜ ਮੰਡੀ ਵਿਚ ਅੱਜ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ। ਮੰਡੀ ਵਿੱਚ ਬੁੱਧਵਾਰ ਨੂੰ ਬਨੂੜ ਦੇ ਕਿਸਾਨ ਹਰਪਾਲ ਸਿੰਘ ਕਣਕ ਲੈ ਕੇ ਆਏ ਸਨ। ਅਸ਼ੋਕ ਐਂਡ ਕੰਪਨੀ ਕੋਲ ਆਈ ਕਣਕ ਦੀ ਪਹਿਲੀ ਢੇਰੀ ਦੀ ਬੋਲੀ ਕਰਾਉਣ ਅਤੇ ਸਰਕਾਰੀ ਖਰੀਦ ਆਰੰਭ ਕਰਾਉਣ ਲਈ ਅੱਜ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਸ਼ਿਰਕਤ ਕੀਤੀ। ਇਸ ਮੌਕੇ ਡੀਐਫਐਸਓ ਹੇਮਰਾਜ ਸ਼ਰਮਾ, ਏਐਫਐਸਓ ਹਰਦੀਪ ਸਿੰਘ, ਨੈਬ ਤਹਿਸੀਲਦਾਰ ਹਰਨੇਕ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਓਪਿੰਦਰ ਸਿੰਘ ਕੋਠਾਗੁਰੂ, ਬਲਬੀਰ ਸਿੰਘ ਜੌਲਾ, ਆੜਤੀ ਪੁਨੀਤ ਜੈਨ, ਅਸ਼ੋਕ ਕੁਮਾਰ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ। ਐਸਡੀਐਮ ਨੇ ਇਸ ਮੌਕੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਏਜੰਸੀਆਂ ਨੂੰ ਕਣਕ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ, ਕਣਕ ਦੀ ਖਰੀਦ, ਭਰਾਈ ਅਤੇ ਚੁਕਾਈ ਤੋਂ ਇਲਾਵਾ ਅਦਾਇਗੀ ਵੀ ਨਾਲੋ-ਨਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਐਸਡੀਐਮ ਨੇ ਆਖਿਆ ਕਿ ਕਣਕ ਦੀ ਸਰਕਾਰੀ ਖਰੀਦ ਅੱਜ ਆਰੰਭ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਐਸਡੀਐਮ ਨੇ ਇਸ ਮੌਕੇ ਮੰਡੀ ਦੇ ਆੜ੍ਹਤੀਆਂ ਨਾਲ ਵੀ ਮੀਟਿੰਗ ਕੀਤੀ। ਇਸ ਮੌਕੇ ਖਰੀਦ ਅਧਿਕਾਰੀ ਕਸ਼ਮੀਰਾ ਸਿੰਘ, ਗਗਨਦੀਪ ਕੌਸ਼ਿਕ, ਗੁਰਜਿੰਦਰ ਸਿੰਘ ਆਦਿ ਵੀ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ