ਬਨੂੜ ਮੰਡੀ ਵਿੱਚ ਐਫ਼ਸੀਆਈ ਨੇ ਨਾ ਖਰੀਦੀ ਕਣਕ

April 26 2019

ਬਨੂੜ ਮੰਡੀ ਵਿੱਚ ਅੱਜ ਐਫ਼ਸੀਆਈ ਨੇ ਕਣਕ ਦੀ ਖਰੀਦ ਨਹੀਂ ਕੀਤੀ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਮੰਡੀ ਵਿੱਚ ਅੱਜ ਤੀਜੇ ਦਿਨ ਵੀ ਬਾਰਦਾਨੇ ਦੀ ਸਮੱਸਿਆ ਹੱਲ ਨਹੀਂ ਹੋਈ ਤੇ ਕਿਸਾਨਾਂ ਨੂੰ ਆਪਣੀ ਵਿਕੀ ਹੋਈ ਕਣਕ ਦੀ ਭਰਾਈ ਕਰਾਉਣ ਲਈ ਮੰਡੀ ਵਿੱਚ ਰਾਤਾਂ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਮੰਡੀ ਵਿੱਚ ਐਫ਼ਸੀਆਈ ਵੱਲੋਂ ਖਰੀਦੀ ਗਈ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਵੀ ਕਣਕ ਲਿਆ ਰਹੇ ਕਿਸਾਨ ਬਹੁਤ ਪ੍ਰੇਸ਼ਾਨ ਹਨ।

ਮੰਡੀ ਵਿੱਚ ਐਫ਼ਸੀਆਈ ਕੋਲ ਆੜ੍ਹਤੀਆਂ ਦੀਆਂ ਛੇ ਦੁਕਾਨਾਂ ਸਨ ਜਿਨ੍ਹਾਂ ਉੱਤੋਂ ਅੱਜ ਕੋਈ ਖਰੀਦ ਨਹੀਂ ਕੀਤੀ ਗਈ। ਇਨ੍ਹਾਂ ਆੜ੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਬਾਰਦਾਨਾ ਵੀ ਨਹੀਂ ਭੇਜਿਆ ਗਿਆ। ਮਾਰਕੀਟ ਕਮੇਟੀ ਦੇ ਸਕੱਤਰ ਉਪਿੰਦਰ ਸਿੰਘ ਕੋਠਾਗੁਰੂ ਨੇ ਐਫ਼ਸੀਆਈ ਵੱਲੋਂ ਅੱਜ ਕਣਕ ਨਾ ਖਰੀਦੇ ਜਾਣ ਅਤੇ ਬਾਰਦਾਨਾ ਨਾ ਭੇਜਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਮਾਰਕਫੈੱਡ ਅਤੇ ਵੇਅਰਹਾਊਸਿੰਗ ਏਜੰਸੀਆਂ ਦੇ ਬਾਰਦਾਨੇ ਦੀ ਵੀ ਘਾਟ ਚੱਲ ਰਹੀ ਹੈ।

ਪਿੰਡ ਸਨੇਟਾ ਤੋਂ ਕਣਕ ਲੈਕੇ ਆਏ ਰਵਿੰਦਰ ਸਿੰਘ, ਬਠਲਾਣਾ ਦੇ ਨੰਬਰਦਾਰ ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਬਾਰਦਾਨਾ ਨਾ ਹੋਣ ਕਾਰਨ ਉਹ ਆਪਣੀ ਵਿਕੀ ਹੋਈ ਕਣਕ ਦੀ ਭਰਾਈ ਨਾ ਹੋਣ ਕਾਰਨ ਮੰਡੀ ਵਿੱਚ ਰਾਤਾਂ ਕੱਟਣ ਲਈ ਮਜ਼ਬੂਰ ਹਨ। ਮੰਡੀ ਵਿੱਚ ਡੇਢ ਲੱਖ ਦੇ ਕਰੀਬ ਬੋਰੀਆਂ ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਹਨ। ਇਨ੍ਹਾਂ ਬੋਰੀਆਂ ਵਿੱਚੋਂ ਬਹੁਤਾਤ ਬੋਰੀਆਂ ਐਫ਼ਸੀਆਈ ਦੀਆਂ ਹਨ। ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਚੌਧਰੀ ਮੁਹੰਮਦ ਸਦੀਕ ਬਨੂੜ, ਕਰਤਾਰ ਸਿੰਘ ਨੰਡਿਆਲੀ ਆਦਿ ਨੇ ਪੰਜਾਬ ਸਰਕਾਰ ਉੱਤੇ ਕਣਕ ਦੇ ਖਰੀਦ ਪ੍ਰਬੰਧਾਂ ਵਿੱਚ ਫੇਲ੍ਹ ਰਹਿਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਾਰਦਾਨਾ ਦੀ ਘਾਟ ਅਤੇ ਲਿਫ਼ਟਿੰਗ ਵਿੱਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਕਿਸਾਨ ਸਖ਼ਤ ਐਕਸ਼ਨ ਤੋਂ ਗੁਰੇਜ਼ ਨਹੀਂ ਕਰਨਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ