ਖੇਤੀ ਰਹਿੰਦ ਖੂਹੰਦ ਦੀ ਸੰਭਾਲ ਲਈ ਮਸ਼ੀਨਰੀ ਦੀ ਸਬਸਿਡੀ ਤੇ ਖ੍ਰੀਦ ਲਈ ਵਿਭਾਗ ਵੱਲੋਂ ਪ੍ਰਵਾਨਗੀ ਪੱਤਰ ਜਾਰੀ

September 07 2022

ਜ਼ਿਲ੍ਹਾ ਜਲੰਧਰ ਵਿੱਚ ਕਰਾਪ ਰੇਜ਼ੀਡਿਊ ਮੈਨੇਜ਼ਮੈਂਟ ਸਕੀਮ ਅਧੀਨ 473 ਮਸ਼ੀਨਾਂ ਦੀ ਖ੍ਰੀਦ ਲਈ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ। ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਸਾਲ ਜ਼ਿਲ੍ਹਾ ਜਲੰਧਰ ਵਿੱਚ ਖੇਤੀ ਮਸ਼ੀਨਰੀ ਦੀ ਸਕੀਮ ਅਧੀਨ ਸਬਸਿਡੀ ਪ੍ਰਾਪਤ ਕਰਨ 3418 ਮਸ਼ੀਨਾਂ ਲਈ ਜ਼ਿਲ੍ਹੇ ਦੇ ਕਿਸਾਨਾਂ ਨੇ ਬਿਨੈ-ਪੱਤਰ ਆਨਲਾਈਨ ਭੇਜੇ ਸੀ। ਉਪਰੰਤ ਸਰਕਾਰ ਦੇ ਬਜਟ ਅਨੁਸਾਰ  ਜ਼ਿਲ੍ਹਾ ਪ੍ਰਸਾਸ਼ਨ ਦੀ ਹਾਜ਼ਰੀ ਵਿੱਚ ਡਰਾਅ ਕੱਢਿਆ ਗਿਆ ਸੀ, ਜਿਸ ਅਨੁਸਾਰ 473 ਮਸ਼ੀਨਾਂ ਦੀ ਖ੍ਰੀਦ ਕਰਨ ਲਈ ਪ੍ਰਾਵਾਨਗੀ ਪੱਤਰ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਿਸਾਨ ਇਸ ਸਬੰਧੀ ਨਿਰਧਾਰਿਤ ਪੋਰਟਲ ਤੋਂ ਆਪਣੀ ਆਈ.ਡੀ. ਦਰਸਾਉਂਦੇ ਹੋਏ ਪਵਾਨਗੀ ਪੱਤਰ ਦਾ ਪ੍ਰਿੰਟ ਲੈ ਸਕਦੇ ਹਨ। ਇਸ ਅਨੁਸਾਰ ਨਿਰਧਾਰਿਤ ਮਸ਼ੀਨ ਦੀ ਰਜਿਸਟਰਡ ਨਿਰਮਾਤਾ ਪਾਸੋਂ ਖ੍ਰੀਦ ਕਰ ਸਕਦੇ ਹਨ। ਸਹਾਇਕ ਖੇਤੀਬਾੜੀ ਇੰਜ ਜਲੰਧਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਵਾਨਗੀ ਪੱਤਰ ’ਤੇ ਦਰਸਾਈ ਮਿਤੀ ਤੋਂ 14 ਦਿਨਾਂ ਵਿੱਚ ਮਸ਼ੀਨ ਦੀ ਖ੍ਰੀਦ ਕਰਨੀ ਜ਼ਰੂਰੀ ਹੈ।
ਮਸ਼ੀਨ ਦੀ ਖ੍ਰੀਦ ਉਪਰੰਤ ਸਬੰਧਤ ਲਾਭਾਤਰੀ ਕਿਸਾਨ/ਸਹਿਕਾਰੀ ਸਭਾ ਮਸ਼ੀਨ ਦਾ ਖ੍ਰੀਦ ਬਿੱਲ ਮਸ਼ੀਨ ਨਿਰਮਾਤਾ ਰਾਹੀਂ ਆਪਣੀ ਹਾਜ਼ਰੀ ਵਿੱਚ ਦਰਸਾਏ ਪੋਰਟਲ ’ਤੇ ਅਪਲੋਡ ਕਰਵਾਉਣਗੇ ਅਤੇ ਉਪਰੰਤ ਬਣਦੀ ਸਬਸਿਡੀ ਦੀ ਰਾਸ਼ੀ ਕਿਸਾਨ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਾਇਮ ਕਰਕੇ ਹੋਰ ਲੌੜੀਂਦੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।