ਸਰਕਾਰ ਵਲੋਂ ਕਣਕ ਦੀ ਕਟਾਈ ਸਬੰਧੀ ਜਾਰੀ ਹਦਾਇਤਾਂ ਨੂੰ ਵਾਪਸ ਲੈਣ ਦੀ ਮੰਗ

April 12 2019

ਕਣਕ ਦੀ ਫ਼ਸਲ ਦੀ ਕਟਾਈ ਮੌਕੇ ਜ਼ਿਲ੍ਹਾ ਅਧਿਕਾਰੀਆਂ ਵਲੋਂ ਕੰਬਾਈਨ ਨਾਲ ਐੱਸ.ਐੱਮ.ਐੱਸ. ਸਿਸਟਮ ਲਗਾਉਣ ਸਬੰਧੀ ਜਾਰੀ ਕੀਤੀ ਗਈ ਹਦਾਇਤ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਹੁਕਮ ਤੁਰੰਤ ਵਾਪਸ ਲਏ ਜਾਣ। ਇਸ ਸਬੰਧੀ ਇਲਾਕੇ ਦੇ ਅਗਾਂਹਵਧੂ ਤੇ ਸਟੇਟ ਐਵਾਰਡੀ ਕਿਸਾਨ ਦਲਵਿੰਦਰ ਸਿੰਘ ਕਿਸ਼ਨਪੁਰਾ, ਮੱਖਣ ਸਿੰਘ ਤੇ ਅੰਮਿ੍ਤਪਾਲ ਸਿੰਘ ਆਦਿ ਨੇ ਕਿਹਾ ਕਿ ਸੂਬੇ ਦੇ ਕਈ ਜ਼ਿਲ੍ਹਾ ਅਧਿਕਾਰੀਆਂ ਵਲੋਂ ਕਣਕ ਦੀ ਕਟਾਈ ਸਮੇਂ ਕੰਬਾਈਨ ਤੇ ਐੱਸ.ਐੱਮ.ਐੱਸ. ਸਿਸਟਮ (ਸਟਰਾਅ ਸਿਸਟਮ) ਲਗਾਉਣ, ਕਣਕ ਦੀ ਕਟਾਈ ਦਾ ਸਮਾਂ ਤੈਅ ਕਰਨ ਸਮੇਤ ਹੋਰ ਕਈ ਪ੍ਰਕਾਰ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਹਦਾਇਤਾਂ ਝੋਨੇ ਦੇ ਸੀਜ਼ਨ ਦੌਰਾਨ ਤਾਂ ਵਾਜਿਬ ਸਮਝੀਆਂ ਜਾ ਸਕਦੀਆਂ ਹਨ, ਪਰ ਕਣਕ ਦੀ ਕਟਾਈ ਵੇਲੇ ਇਨ੍ਹਾਂ ਹਦਾਇਤਾਂ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਵੇਲੇ ਕੰਬਾਈਨਾਂ ਤੇ ਸੁਪਰ ਐੱਸ.ਐੱਮ.ਐੱਸ. ਸਿਸਟਮ ਪਰਾਲੀ ਦੀ ਨਾੜ ਨੂੰ ਕੁਤਰਨ ਲਈ ਲਗਾਇਆ ਜਾਂਦਾ ਹੈ ਤਾਂ ਜੋ ਝੋਨੇ ਦੀ ਨਾੜ ਨੂੰ ਆਸਾਨੀ ਨਾਲ ਖੇਤਾਂ ਵਿਚ ਹੀ ਵਾਹਿਆ ਜਾ ਸਕੇ। ਇਸ ਤੋਂ ਇਲਾਵਾ ਝੋਨੇ ਦੇ ਸੀਜ਼ਨ ਦੌਰਾਨ ਮੌਸਮ ਵਿਚ ਨਮੀ ਹੋਣ ਕਾਰਨ ਕਟਾਈ ਦਾ ਸਮਾਂ ਤੈਅ ਕੀਤਾ ਜਾਂਦਾ ਹੈ, ਪਰ ਕਣਕ ਦੇ ਇਸ ਸੀਜ਼ਨ ਚ ਇਹ ਸ਼ਰਤ ਕੋਈ ਮਾਇਨੇ ਨਹੀਂ ਰੱਖਦੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਕਟਾਈ ਸਬੰਧੀ ਜਾਰੀ ਹੁਕਮਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਕਣਕ ਦੀ ਕਟਾਈ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਤੈਅ ਕੀਤਾ ਜਾਵੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ