ਪੱਛਮੀ ਬੰਗਾਲ ਚ ਉਗਾਇਆ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ

June 06 2023

ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਮਿਆਜ਼ਾਕੀ ਪੱਛਮੀ ਬੰਗਾਲ ਦੇ ਬੀਰਭੂਮ ਦੇ ਦੁਬਰਾਜਪੁਰ ਚ ਉਗਾਇਆ ਗਿਆ ਹੈ। ਸਥਾਨਕ ਮਸਜਿਦ ਚ ਲਗਾਏ ਗਏ ਇਸ ਅੰਬ ਦੀ ਸ਼ੁੱਕਰਵਾਰ ਨੂੰ ਉੱਥੋਂ ਦੇ ਅਧਿਕਾਰੀਆਂ ਨੇ ਨਿਲਾਮੀ ਕੀਤੀ। ਇਸ ਵਿੱਚ ਉਹਨਾਂ ਨੇ ਲੱਖਾਂ ਰੁਪਏ ਕਮਾਏ, ਜੋ ਮਸਜਿਦ ਦੇ ਵਿਕਾਸ ਲਈ ਵਰਤੇ ਜਾਣਗੇ। ਹਾਲਾਂਕਿ ਉਨ੍ਹਾਂ ਨੇ ਕਮਾਈ ਦਾ ਅੰਕੜਾ ਜਾਰੀ ਨਹੀਂ ਕੀਤਾ ਹੈ।

ਆਮ ਤੌਰ ਤੇ ਜਾਪਾਨ ਚ ਪਾਏ ਜਾਣ ਵਾਲੇ ਇਸ ਅੰਬ ਦਾ ਵਜ਼ਨ 350 ਗ੍ਰਾਮ ਹੁੰਦਾ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਚ ਇਸ ਦੀ ਕੀਮਤ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ। ਅਜਿਹੇ ਚ ਜੇ ਇਕ ਕਿਲੋ ਚ 3 ਅੰਬ ਵੀ ਆ ਜਾਣ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਕ ਅੰਬ ਦੀ ਕੀਮਤ ਕਰੀਬ 90 ਹਜ਼ਾਰ ਰੁਪਏ ਹੋਵੇਗੀ। ਇਸ ਅੰਬ ਦੇ ਕੁਝ ਬੂਟੇ ਝਾਰਖੰਡ ਦੇ ਜਾਮਤਾੜਾ ਵਿੱਚ ਵੀ ਲਗਾਏ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਸਈਦ ਸੋਨਾ ਦੋ ਸਾਲ ਪਹਿਲਾਂ ਵਿਦੇਸ਼ ਯਾਤਰਾ ਤੇ ਗਿਆ ਸੀ। ਉਹ ਉੱਥੋਂ ਮਿਆਜ਼ਾਕੀ ਦਾ ਇੱਕ ਬੂਟਾ ਲੈ ਕੇ ਆਇਆ, ਜੋ ਉਸ ਨੇ ਮਸਜਿਦ ਦੇ ਅਹਾਤੇ ਵਿੱਚ ਲਾਇਆ। ਹੁਣ ਉਹ ਬੂਟਾ ਦਰੱਖਤ ਬਣ ਗਿਆ ਹੈ, ਉਸ ਤੇ ਪਹਿਲੀ ਫ਼ਸਲ ਆ ਗਈ ਹੈ। ਰੁੱਖ ਤੇ 8 ਅੰਬ ਹਨ। ਅਜਿਹੇ ਚ ਪਹਿਲੀ ਫਸਲ ਤੋਂ ਕਰੀਬ 7.5 ਲੱਖ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, 2019 ਵਿੱਚ, ਇਸ ਕਿਸਮ ਦੇ ਦੋ ਅੰਬ ਜਾਪਾਨ ਵਿੱਚ ਨਿਲਾਮੀ ਵਿੱਚ 5 ਮਿਲੀਅਨ ਯੇਨ ਦੀ ਰਿਕਾਰਡ ਤੋੜ ਕੀਮਤ ਵਿੱਚ ਵੇਚੇ ਗਏ ਸਨ, ਜੋ ਕਿ ਲਗਭਗ 45,000 ਅਮਰੀਕੀ ਡਾਲਰ ਦੇ ਬਰਾਬਰ ਹੈ। ਜੇਕਰ ਭਾਰਤੀ ਕਰੰਸੀ ਚ ਹਿਸਾਬ ਕਰੀਏ ਤਾਂ ਇਨ੍ਹਾਂ ਦੋਵਾਂ ਅੰਬਾਂ ਦੀ ਕੀਮਤ ਕਰੀਬ 36 ਲੱਖ ਰੁਪਏ ਬਣਦੀ ਹੈ। ਇਸੇ ਕਰਕੇ ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਮੰਨਿਆ ਜਾਂਦਾ ਹੈ।

ਸ੍ਰੋਤ: abplive