ਪੰਜਾਬ ਵਿੱਚ ਗੰਨੇ ਦੀ ਖੇਤੀ ਵਿੱਚ ਆ ਰਹੀ ਖਟਾਸ ਦਾ ਜ਼ਿੰਮੇਵਾਰ ਕੌਣ ?

November 23 2022

ਪੰਜਾਬ ਵਿੱਚ ਹਰ ਸਾਲ ਤਕਰੀਬਨ 2.5 ਲੱਖ ਏਕੜ ਵਿਚ ਗੰਨੇ ਦੀ ਫਸਲ ਹੁੰਦੀ ਹੈ। ਜੇਕਰ ਪ੍ਰਤੀ ਏਕੜ 250 ਕੁਇੰਟਲ ਗੰਨਾ ਪੈਦਾ ਹੁੰਦਾ ਹੈ ਤਾਂ ਪੰਜਾਬ ਵਿੱਚ ਗੰਨੇ ਦੀ ਕੁੱਲ ਉਪਜ 6 ਕਰੋੜ 25 ਲੱਖ ਟਨ ਹੋ ਜਾਂਦੀ ਹੈ ਪਰ ਹੁਣ ਪੰਜਾਬ ਦੇ ਕਿਸਾਨ ਗੰਨੇ ਤੋਂ ਤੌਬਾ ਕਰਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬ ਵਿਚ ਹੁਣ ਕਿਸਾਨ ਇਸ ਫਸਲ ਨੂੰ ਲਗਾਉਣਾ ਹੌਲੀ ਹੌਲੀ ਘਟਾ ਰਹੇ ਹਨ। ਕਿਸਾਨਾਂ ਦੇ ਮੁਤਾਬਕ ਗੰਨੇ ਦੀ ਫਸਲ ਇਕ ਅਜਿਹੀ ਫਸਲ ਹੈ ਜਿਸ ਵਿਚ ਖ਼ਰਚਾ ਬਹੁਤ ਆਉਂਦਾ ਹੈ ਉੱਤੋਂ ਸਮੇਂ ਸਿਰ ਭੁਗਤਾਨ ਨਾ ਹੋਣ ਕਰਕੇ ਨੁਕਸਾਨ ਹੋਰ ਹੁੰਦਾ ਹੈ।
ਪੰਜਾਬ ਵਿਚ ਗੰਨੇ ਦੀ ਫਸਲ ਦਾ ਮਿੱਲਾਂ ਨਹੀਂ ਕਰਦਿਆਂ ਸਮੇਂ ਤੇ ਭੁਗਤਾਨ: ਪੰਜਾਬ ਵਿਚ 12 ਸਰਕਾਰੀ ਤੇ 7 ਪ੍ਰਵੀਏਟ ਖੰਡ ਮਿੱਲਾਂ ਹਨ। ਪੰਜਾਬ ਦੇ ਕਿਸਾਨ ਕਾਫੀ ਸਮੇਂ ਤੋਂ ਇਨ੍ਹਾਂ ਮਿੱਲਾਂ ਵਿਚ ਆਪਣਾ ਗੰਨਾ ਵੇਚ ਮੁਨਾਫ਼ਾ ਕਮਾਂਉਦੇ ਸਨ ਪਰ ਹੁਣ ਇਹ ਮਿੱਲਾਂ ਪੁਰਾਣੇ ਸਮੇਂ ਵਾਂਗ ਕਿਸਾਨਾਂ ਦੀ ਗੰਨੇ ਦੀ ਫਸਲ ਦਾ ਭੁਗਤਾਨ ਕਰਨ ਵਿਚ ਕਈ ਮਹੀਨੇ ਨਹੀਂ ਬਲਕਿ ਸਾਲ ਲਗਾ ਦਿੰਦਿਆਂ ਹਨ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਆਪਣੀ ਰਕਮ ਲਈ ਇਹਨਾਂ ਮਿੱਲਾਂ ਦੇ ਸਾਹਮਣੇ ਅਤੇ ਸੜਕਾਂ ਤੱਕ ਧਰਨੇ ਲਗਾਉਣੇ ਪੈਂਦੇ ਹਨ। ਅੱਜ ਹਾਲਾਤ ਇਹ ਹੈ ਕਿ ਇਹਨਾਂ ਧਰਨਿਆਂ ਕਰਕੇ ਕਿਸਾਨ ਆਮ ਲੋਕਾਂ ਅੱਗੇ ਬੁਰੇ ਬਣ ਰਹੇ ਹਨ। ਅੱਜ ਕਿਸਾਨਾਂ ਦਾ ਇਹਨਾਂ ਮਿੱਲਾਂ ਵੱਲ ਕਰੋੜਾਂ ਰੁਪਏ ਬਕਾਇਆ ਖੜਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਇਹੀ ਕਾਰਨ ਹੈ ਕਿ ਹੁਣ ਕਿਸਾਨ ਇਸ ਫਸਲ ਤੋਂ ਹੌਲੀ ਹੌਲੀ ਤੌਬਾ ਕਰ ਰਹੇ ਹਨ।
ਖੰਡ ਮਿੱਲਾਂ ਦਾ ਸਮੇਂ ਸਿਰ ਨਾ ਖੁਲ੍ਹਣਾ: ਅੱਜ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਹੋਂਣ ਦਾਵਾ ਤੇ ਕਰਦੀ ਹੈ ਪਰ ਅਸਲ ਵਿਚ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ। ਕਿਸਾਨ ਆਗੂ ਜਰਨੈਲ ਸਿੰਘ ਮੁਤਾਬਕ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਭਾਜਪਾ ਸਰਕਾਰ ਹੈ ਅਤੇ ਉਥੇ ਖੰਡ ਮਿੱਲਾਂ ਖੁੱਲ੍ਹ ਚੁੱਕੀਆਂ ਹਨ ਪਰ ਪੰਜਾਬ ਵਿਚ ਇਸ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ। ਉਹਨਾ ਮੁਤਾਬਕ ਪਹਿਲੇ ਤਾਂ ਇਸ ਪਾਰਟੀ ਦੇ ਨੇਤਾ ਬਹੁਤ ਕਹਿੰਦੇ ਸੀ ਕਿ ਉਹ ਹਰ ਹਾਲ ਕਿਸਾਨਾਂ ਦੇ ਨਾਲ ਹਨ ਪਰ ਇਸ ਗੱਲ ਦੀ ਸੱਚਾਈ ਸਭ ਦੇਖ ਰਹੇ ਹਨ ਕਿ ਪੰਜਾਬ ਵਿਚ ਖੰਡ ਮਿੱਲਾਂ ਹੁਣ ਤੱਕ ਨਹੀਂ ਖੁਲ੍ਹੀਆਂ। ਉਨ੍ਹਾ ਦੇ ਮੁਤਾਬਕ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੋਟਿਸ ਜਾਰੀ ਕਰੇ ਕਿ ਅਜਿਹੀ ਕੀ ਕਮੀ ਹੈ ਕਿ ਨਾਲਦੀਆਂ ਸੂਬਿਆਂ ਵਿਚ ਮਿੱਲਾਂ ਖੁੱਲ ਚੁਕੀਆਂ ਹਨ ਪਰ ਪੰਜਾਬ ਵਿਚ ਮਿੱਲਾਂ ਨੂੰ ਖੋਲਣ ਦੀ ਨੋਟੀਫਿਕੇਸ਼ਨ ਤੋਂ ਬਾਅਦ ਵੀ ਮਿੱਲਾਂ ਨਹੀਂ ਖੁਲ ਰਹੀਆਂ।
ਖੰਡ ਮਿੱਲਾਂ ਨਾਂ ਖੁੱਲ੍ਹਣ ਉੱਤੇ ਗੰਨਾ ਕਿਸਾਨਾਂ ਨੇ CM ਨੂੰ ਸੁਣਾਈਆਂ ਖਰੀਆਂ ਖਰੀਆਂ
ਪੰਜਾਬ ਸਰਕਾਰ ਅਸਿੱਧੇ ਤੌਰ ਤੇ ਖੁਦ ਨਹੀਂ ਚਹੁੰਦੀ ਕਿ ਕਿਸਾਨ ਗੰਨੇ ਦਾ ਉਤਪਾਦਨ ਕਰਨ: ਕਿਸਾਨਾਂ ਮੁਤਾਬਕ ਇਕ ਪਾਸੇ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਜਗ੍ਹਾ ਹੋਰ ਫ਼ਸਲਾਂ ਲਗਾਉਣ ਨੂੰ ਕਹਿ ਰਹੀ ਹੈ ਕਿਉਂਕਿ ਇਹ ਫਸਲ ਪਾਣੀ ਜ਼ਿਆਦਾ ਪੀਦੀ ਹੈ। ਦੂਸਰੇ ਪਾਸੇ ਉਨ੍ਹਾਂ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਜੋ ਗੰਨੇ ਵਰਗੀ ਫਸਲ ਦਾ ਉਤਪਾਦਨ ਕਰ ਰਹੇ ਹਨ। ਉਨ੍ਹਾਂ ਦੇ ਮੁਤਾਬਕ ਗੰਨੇ ਦੀ ਫਸਲ ਇੱਕ ਵਾਰ ਬੀਜਣ ਤੋਂ ਬਾਅਦ ਤਿੰਨ ਵਾਰ ਇਹ ਫਸਲ ਲਈ ਜਾ ਸਕਦੀ ਹੈ ਪਰ ਹੁਣ ਜਿੱਦਾਂ ਜਿੱਦਾਂ ਕਿਸਾਨਾਂ ਦੀ ਇਸ ਫਸਲ ਨੂੰ ਤਿੰਨ ਸਾਲ ਹੋ ਰਹੇ ਹਨ ਉਹ ਆਪਣੇ ਖੇਤਾਂ ਵਿਚ ਗੰਨੇ ਦੀ ਜਗ੍ਹਾ ਹੋਰ ਫਸਲ ਲਗਾਉਣ ਨੂੰ ਤਿਆਰ ਬੈਠੇ ਹਨ। ਉਨ੍ਹਾਂ ਦੇ ਮੁਤਾਬਕ ਜੇ ਸਰਕਾਰ ਦਾ ਅਜਿਹਾ ਹੀ ਰਵੱਇਆ ਰਿਹਾ ਤਾਂ ਇੱਕ ਦਿਨ ਪੰਜਾਬ ਵਿਚ ਕਿਸਾਨ ਗੰਨੇ ਦਾ ਉਤਪਾਦਨ ਬੰਦ ਕਰ ਦੇਣਗੇ।
ਕਿਸਾਨ ਗੰਨੇ ਦੀ ਫ਼ਸਲ ਵਿੱਚ ਹੋਰ ਫਸਲਾਂ ਲਗਾ ਕੇ ਕਮਾ ਸਕਦੇ ਹਨ ਵੱਧ ਪੈਸੇ: ਉਧਰ ਇਸ ਪੂਰੇ ਮਾਮਲੇ ਵਿਚ ਖੇਤੀਬਾੜੀ ਮਾਹਿਰ ਕਿਸਾਨਾਂ ਨੂੰ ਇਹ ਸਲਾਹ ਦੇ ਰਹੇ ਹਨ ਕਿ ਉਹ ਗੰਨੇ ਦੀ ਫਸਲ ਵਿੱਚ ਹੋਰ ਫਸਲਾਂ ਲਗਾ ਕੇ ਜਿਆਦਾ ਮੁਨਾਫਾ ਕਮਾ ਸਕਦੇ ਹਨ। ਉਹਨਾਂ ਦੇ ਮੁਤਾਬਿਕ ਜੇ ਕਿਸਾਨ ਨਰਮੇ ਫਸਲ ਅਤੇ ਝੋਨੇ ਨੂੰ ਛੱਡ ਕੋਈ ਹੋਰ ਫ਼ਸਲ ਲੰਘਾਉਂਦੇ ਹਨ ਤਾਂ ਇਸ ਨਾਲ ਕਿਸਾਨਾਂ ਨੂੰ ਵੱਧ ਮੁਨਾਫਾ ਹੋ ਸਕਦਾ ਹੈ ਪਰ ਇਸ ਦੇ ਦੂਸਰੇ ਪਾਸੇ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਸਰਕਾਰ ਦੀਆਂ ਗਲਤ ਪਲਿਸੀਆਂ ਜਿਸ ਵਿੱਚ ਗੰਨੇ ਦੀ ਫ਼ਸਲ ਦਾ ਸਹੀ ਮੁੱਲ ਨਾ ਮਿਲਣਾ ਗੰਨੇ ਦੀ ਫਸਲ ਦਾ ਸਮੇਂ ਸਿਰ ਭੁਗਤਾਨ ਨਾ ਹੋਣਾ ਅਤੇ ਖੰਡ ਮਿੱਲਾਂ ਦਾ ਸਮੇਂ ਸਿਰ ਨਾ ਖੁਲ੍ਹਣਾ ਸ਼ਾਮਿਲ ਹੈ। ਉਨ੍ਹਾਂ ਮੁਤਾਬਕ ਜੇਕਰ ਸਰਕਾਰ ਇਸ ਬਾਬਤ ਸਹੀ ਕਦਮ ਚੱਕਦੀ ਹੈ ਤਾਂ ਹੀ ਇਸ ਫਸਲ ਨੂੰ ਬਚਾਇਆ ਜਾ ਸਕਦਾ ਹੈ ਨਹੀਂ ਤੇ ਹੌਲੀ ਹੌਲੀ ਕਿਸਾਨ ਇਸ ਫਸਲ ਤੋਂ ਤੌਬਾ ਕਰ ਲੈਣਗੇ ਅਤੇ ਫੇਰ ਸ਼ਾਇਦ ਮਿੱਲਾਂ ਦੀ ਲੋੜ ਹੀ ਨਾ ਪਏ।
 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: etvbharat Punjabi