ਪੰਜਾਬ ਨੇ ਕਣਕ ਦੀ ਖ਼ਰੀਦ ਦਾ 100 ਲੱਖ ਮੀਟਰਕ ਟਨ ਦਾ ਅੰਕੜਾ ਕੀਤਾ ਪਾਰ

May 08 2020

ਕੋਵਿਡ-19 ਦਰਮਿਆਨ ਕਰਫਿਊ/ਲੌਕਡਾਊਨ ਦੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਨੇ ਕਣਕ ਦੀ ਖ਼ਰੀਦ ਵਿੱਚ 100 ਲੱਖ ਮੀਟਰਕ ਟਨ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ 22 ਦਿਨਾਂ ਦੇ ਸਮੇਂ ’ਚ ਸੂਬੇ ਵਿੱਚ ਖ਼ਰੀਦ ਦਾ 78 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। 

ਉਨ੍ਹਾਂ ਦੱਸਿਆ ਕਿ ਹਾੜੀ ਦੇ ਇਸ ਸੀਜ਼ਨ ਦੌਰਾਨ 135 ਲੱਖ ਮੀਟਰਕ ਟਨ ਦਾ ਅਨੁਮਾਨ ਮਿੱਥਿਆ ਹੈ ਅਤੇ ਹੁਣ ਤੱਕ ਮੰਡੀਆਂ ਵਿੱਚ 105.14 ਲੱਖ ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ ਤਕਰੀਬਨ 104 ਲੱਖ ਟਨ ਕਣਕ ਖ਼ਰੀਦੀ ਵੀ ਜਾ ਚੁੱਕੀ ਹੈ।

ਮੰਡੀਆਂ ’ਚ ਪੜਾਅਵਾਰ ਕਣਕ ਲਿਆਉਣ ਦਾ ਕੰਮ ਪਾਸ ਪ੍ਰਣਾਲੀ ਨੇ ਕੀਤਾ ਸੁਖਾਲਾ, ਹੁਣ ਤੱਕ 13.71 ਲੱਖ ਪਾਸ ਜਾਰੀ  

ਕਰਫਿਊ ਦੇ ਮੱਦੇਨਜ਼ਰ ਮੰਡੀਆਂ ਵਿੱਚ ਪੜਾਅਵਾਰ ਫ਼ਸਲ ਲਿਆਉਣ ਲਈ ਮੰਡੀ ਬੋਰਡ ਵੱਲੋਂ ਲਾਗੂ ਕੀਤੀ ਗਈ ਪਾਸ ਪ੍ਰਣਾਲੀ ਨੇ ਕਿਸਾਨਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 13.71 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।

ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਹਾੜੀ ਦਾ ਮੌਜੂਦਾ ਮੰਡੀਕਰਨ ਸੀਜ਼ਨ ਪਿਛਲੇ ਸਾਰੇ ਸੀਜ਼ਨਾਂ ਨਾਲੋਂ ਵੱਖਰਾ ਅਤੇ ਵੱਧ ਚੁਣੌਤੀਪੂਰਨ ਸੀ ਕਿਉਂਕਿ ਕਣਕ ਦੀ ਖ਼ਰੀਦ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮੰਡੀਆਂ ਵਿੱਚ ਭੀੜ-ਭੜੱਕਾ ਰੋਕਣਾ ਵੱਡੀ ਜ਼ਿੰਮੇਵਾਰੀ ਸੀ। 

ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਫ਼ਸਲ ਦੀ ਖ਼ਰੀਦ ਦੌਰਾਨ ਕਿਸਾਨਾਂ, ਆੜ੍ਹਤੀਆ, ਮਜ਼ਦੂਰਾਂ ਅਤੇ ਹੋਰ ਸਟਾਫ਼ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਉਂਤਬੰਦੀ ਕੀਤੀ ਜਿਸ ਤਹਿਤ ਇਸ ਵਾਰ ਮੰਡੀਆਂ ਦੀ ਗਿਣਤੀ 1834 ਤੋਂ ਦੁੱਗਣੀ ਕਰਕੇ 4000 ਤੱਕ ਕਰ ਦਿੱਤੀ ਗਈ ਅਤੇ ਫ਼ਸਲ ਲਾਹੁਣ ਲਈ 30-30 ਦੇ ਡੱਬੇ ਬਣਾਏ ਗਏ ਤਾਂ ਕਿ ਕਿਸੇ ਵੀ ਥਾਂ ’ਤੇ ਭੀੜ ਨਾ ਜੁੜੇ। ਇਸ ਤੋਂ ਇਲਾਵਾ ਸਮਾਜਿਕ ਦੂਰੀ ਸਮੇਤ ਸਿਹਤ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਵੀ ਬੋਰਡ ਨੂੰ ਸਫ਼ਲਤਾ ਹਾਸਲ ਹੋਈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਹਿੰਦੁਸਤਾਨ ਟਾਇਮਸ ਪੰਜਾਬੀ