ਪੰਜਾਬ ਦੇ 4 ਲੱਖ ਹੈਕਟੇਅਰ ਰਕਬੇ ਚ ਨਹੀਂ ਹੋ ਸਕੀ ਕਣਕ ਦੀ ਬਿਜਾਈ

December 07 2017

ਗੁਰਦਾਸਪੁਰ- ਹਾੜੀ ਦੇ ਇਸ ਸੀਜ਼ਨ ਚ ਦਸੰਬਰ ਮਹੀਨੇ ਦੇ 5 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ 4 ਲੱਖ ਹੈਕਟੇਅਰ ਰਕਬੇ ਚ ਕਣਕ ਦੀ ਬਿਜਾਈ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ। ਬਿਜਾਈ ਦਾ ਕੰਮ ਕਰੀਬ 20 ਦਿਨ ਪਛੜ ਜਾਣ ਲਈ ਜ਼ਿਆਦਾਤਰ ਕਿਸਾਨ ਅੱਗ ਲਾਏ ਬਗੈਰ ਪਰਾਲੀ ਨੂੰ ਨਿਪਟਾਉਣ ਚ ਆਈਆਂ ਦਿੱਕਤਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਜਦੋਂ ਕਿ ਕੁਝ ਥਾਵਾਂ ਤੇ ਸਮੋਗ ਅਤੇ ਵਾਤਾਵਰਣ ਨਾਲ ਸਬੰਧਤ ਹੋਰ ਸਮੱਸਿਆਵਾਂ ਵੀ ਸਾਹਮਣੇ ਆਈਆਂ ਹਨ। ਅਜਿਹੀ ਸਥਿਤੀ ਵਿਚ ਹੁਣ ਇਸ ਸਾਲ ਕਰੀਬ 7 ਤੋਂ 8 ਫ਼ੀਸਦੀ ਰਕਬੇ ਚ ਕਣਕ ਦੀ ਬਿਜਾਈ ਘੱਟ ਹੋਣ ਅਤੇ ਪਿਛੇਤੀ ਬੀਜੀ ਜਾਣ ਵਾਲੀ ਕਣਕ ਦੀ ਪੈਦਾਵਾਰ ਘਟਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਪੰਜਾਬ ਅੰਦਰ 32 ਲੱਖ ਹੈਕਟੇਅਰ ਰਕਬੇ ਚ ਹੋ ਸਕੀ ਬਿਜਾਈ

ਪਿਛਲੇ ਸਾਲਾਂ ਦੌਰਾਨ ਜ਼ਿਆਦਾਤਰ ਕਿਸਾਨ ਬਿਜਾਈ ਦਾ ਕੰਮ 15 ਤੋਂ 20 ਨਵੰਬਰ ਤੱਕ ਮੁਕੰਮਲ ਕਰ ਲੈਂਦੇ ਸਨ ਪਰ ਇਸ ਸਾਲ 30 ਨਵੰਬਰ ਤੱਕ ਬੜੀ ਮੁਸ਼ਕਿਲ ਨਾਲ 27 ਲੱਖ ਹੈਕਟੇਅਰ ਰਕਬੇ ਚ ਕਣਕ ਦੀ ਬਿਜਾਈ ਹੋ ਸਕੀ, ਜਦੋਂ ਕਿ ਬਾਕੀ ਦਾ 8 ਲੱਖ ਹੈਕਟੇਅਰ ਖ਼ਾਲੀ ਰਹਿ ਗਿਆ। ਹੁਣ ਵੀ ਬੀਤੇ ਕੱਲ ਤੱਕ ਬੜੀ ਮੁਸ਼ਕਿਲ ਨਾਲ ਕਰੀਬ 32 ਲੱਖ ਹੈਕਟੇਅਰ ਚ ਕਿਸਾਨਾਂ ਨੇ ਬਿਜਾਈ ਕੀਤੀ ਹੈ, ਜਦੋਂ ਕਿ ਖੇਤੀਬਾੜੀ ਵਿਭਾਗ ਵੱਲੋਂ ਮਿੱਥੇ ਗਏ ਕਰੀਬ 35 ਲੱਖ ਹੈਕਟੇਅਰ ਦੇ ਟੀਚੇ ਮੁਤਾਬਿਕ ਬਾਕੀ ਦਾ ਰਕਬਾ ਖ਼ਾਲੀ ਪਿਆ ਹੋਇਆ ਹੈ। ਪਿਛਲੇ ਸਾਲਾਂ ਦੌਰਾਨ ਹੁਣ ਤੱਕ ਬਿਜਾਈ ਦਾ ਤਕਰੀਬਨ 98-99 ਫ਼ੀਸਦੀ ਕੰਮ ਖ਼ਤਮ ਹੋ ਜਾਂਦਾ ਸੀ। ਸਿਰਫ਼ ਉਹੀ ਖੇਤ ਖ਼ਾਲੀ ਰਹਿੰਦੇ ਸਨ ਜਿਨ੍ਹਾਂ ਵਿਚ ਕਿਸਾਨਾਂ ਵੱਲੋਂ ਆਲੂ, ਮਟਰ ਤੇ ਗੰਨੇ ਦੀ ਫ਼ਸਲ ਬੀਜੀ ਗਈ ਹੋਵੇ ਪਰ ਇਸ ਸਾਲ ਅਜਿਹੇ ਖੇਤਾਂ ਦੇ ਇਲਾਵਾ ਬਾਸਮਤੀ ਵਾਲੇ ਖੇਤ ਵੀ ਖ਼ਾਲੀ ਪਏ ਹੋਏ ਹਨ।

ਸਮੋਗ ਅਤੇ ਮੌਸਮ ਸਮੇਤ ਕਈ ਕਾਰਨ ਜ਼ਿੰਮੇਵਾਰ

ਬਹੁ-ਗਿਣਤੀ ਕਿਸਾਨ ਇਹ ਦਾਅਵਾ ਕਰ ਰਹੇ ਹਨ ਕਿ ਜਦੋਂ ਕਣਕ ਦੀ ਬਿਜਾਈ ਦਾ ਢੁੱਕਵਾਂ ਸਮਾਂ ਸੀ ਤਾਂ ਉਸ ਮੌਕੇ ਨਵੰਬਰ ਦੇ ਪਹਿਲੇ ਹਫ਼ਤਿਆਂ ਦੌਰਾਨ ਕਿਸਾਨਾਂ ਲਈ ਪਰਾਲੀ ਨੂੰ ਅੱਗ ਲਾਏ ਬਗੈਰ ਨਿਪਟਾਉਣ ਦਾ ਕੰਮ ਸਿਰਦਰਦੀ ਬਣਿਆ ਹੋਇਆ ਸੀ। ਉਨ੍ਹਾਂ ਨੇ ਬਹੁਤ ਮੁਸ਼ਕਿਲ ਨਾਲ ਪਰਾਲੀ ਨੂੰ ਖ਼ਤਮ ਕੀਤਾ ਹੈ ਅਤੇ ਬਾਅਦ ਵਿਚ ਸਮੋਗ ਵਰਗੀਆਂ ਸਮੱਸਿਆਵਾਂ ਕਾਰਨ ਖੇਤ ਸਮੇਂ ਸਿਰ ਤਿਆਰ ਨਹੀਂ ਹੋਏ, ਜਿਸ ਦੇ ਨਤੀਜੇ ਵਜੋਂ ਇਸ ਸਾਲ ਕਣਕ ਦੀ ਬਿਜਾਈ ਦਾ ਕੰਮ ਪੱਛੜ ਗਿਆ ਹੈ।

Source: Gaonconnection