ਵੈਟਨਰੀ ਯੂਨੀਵਰਸਿਟੀ ਵਲੋਂ ਅਗਲੇ ਹਫ਼ਤੇ ਤੋਂ ਕਿਸਾਨਾਂ ਦੇ ਤਿੰਨ ਸਿਖਲਾਈ ਕੋਰਸ

August 04 2021

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵਲੋਂ ’ਭਾਰਤ ਕਾ ਅੰਮਿ੍ਰਤ ਮਹੋਤਸਵ-ਭਾਰਤ ਦੀ ਅਜ਼ਾਦੀ ਦੇ 75 ਵਰ੍ਹੇ’ ਸੰਕਲਪ ਅਧੀਨ ਤਿੰਨ ਸਿਖਲਾਈ ਕੋਰਸ 09 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ ਹਨ।ਇਨ੍ਹਾਂ ਸਿਖਲਾਈ ਕੋਰਸਾਂ ਵਿਚ ਇਕ ਕੋਰਸ ਦੋ ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ, ਦੂਸਰਾ ਇਕ ਹਫ਼ਤੇ ਦਾ ਬੱਕਰੀ ਪਾਲਣ ਸਿਖਲਾਈ ਕੋਰਸ ਅਤੇ ਤੀਸਰਾ ਇਕ ਹਫ਼ਤੇ ਦਾ ਸੂਰ ਪਾਲਣ ਸਿਖਲਾਈ ਕੋਰਸ ਹੋਵੇਗਾ।

ਵਿਭਾਗ ਦੇ ਮੁਖੀ, ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸਿਖਲਾਈ ਕੋਰਸਾਂ ਵਿਚ ਸਾਰੇ ਬੁਨਿਆਦੀ ਪਹਿਲੂਆਂ ਸੰਬੰਧੀ ਜਾਣਕਾਰੀ ਦਿੱਤੀ ਜਾਏਗੀ।ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਜਿਥੇ ਆਪਣੇ ਭਾਸ਼ਣਾਂ ਰਾਹੀਂ ਸਿੱਖਿਆਰਥੀਆਂ ਨੂੰ ਸਿੱਖਿਅਤ ਕਰਨਗੇ ਉਥੇ ਵਿਹਾਰਕ ਗਿਆਨ ਦੇ ਰੂਪ ਵਿਚ ਉਨ੍ਹਾਂ ਨੂੰ ਫਾਰਮਾਂ ’ਤੇ ਪ੍ਰਯੋਗੀ ਗਿਆਨ ਦਿੱਤਾ ਜਾਏਗਾ ਅਤੇ ਵੱਖੋ-ਵੱਖਰੀਆਂ ਥਾਂਵਾਂ ਦੇ ਦੌਰੇ ਵੀ ਕਰਵਾਏ ਜਾਣਗੇ।ਸਿੱਖਿਆਰਥੀਆਂ ਨੂੰ ਨਸਲ ਪ੍ਰਬੰਧਨ, ਖੁਰਾਕ ਪ੍ਰਬੰਧਨ, ਢਾਰਾ ਪ੍ਰਬੰਧ, ਟੀਕਾਕਰਨ, ਮਲ੍ਹੱਪ ਰਹਿਤ ਕਰਨਾ, ਬੀਮਾਰੀਆਂ ’ਤੇ ਕਾਬੂ, ਕਿੱਤੇ ਦੀ ਆਰਥਿਕਤਾ ਦੇ ਨਾਲ ਨਾਲ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਲਈ ਵੀ ਜਾਣਕਾਰੀ ਦਿੱਤੀ ਜਾਏਗੀ।

ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਸਾਰੇ ਉਮੀਦਵਾਰਾਂ ਨੂੰ ਕੋਰੋਨਾ ਬਚਾਅ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਏਗਾ ਅਤੇ ਜੇ ਕੋਈ ਉਮੀਦਵਾਰ ਇਸਦੀ ਪਾਲਣਾ ਨਹੀਂ ਕਰੇਗਾ ਤਾਂ ਉਸਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਏਗੀ।ਇਹ ਸਿਖਲਾਈ ਕੋਰਸ ਔਰਤਾਂ ਵਾਸਤੇ ਬਿਲਕੁਲ ਮੁਫ਼ਤ ਹੋਣਗੇ ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਕਿੱਤਿਆਂ ਵਿਚ ਆਉਣ ਵਾਸਤੇ ਹੋਰ ਵਧੇਰੇ ਉਤਸਾਹਿਤ ਕੀਤਾ ਜਾ ਸਕੇ।

ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ https://www.gadvasu.in/ ਤੋਂ ਫਾਰਮ ਡਾਊਨਲੋਡ ਕਰਕੇ ਭਰ ਸਕਦੇ ਹਨ।ਇਹ ਫਾਰਮ ਯੂਨੀਵਰਸਿਟੀ ਦੇ ਮਹੀਨਾਵਾਰ ਰਸਾਲਾ ’ਵਿਗਿਆਨਕ ਪਸ਼ੂ ਪਾਲਣ’ ਵਿਚ ਵੀ ਪ੍ਰਕਾਸ਼ਿਤ ਹੁੰਦਾ ਹੈ।ਉਥੋਂ ਵੀ ਇਹ ਭਰਿਆ ਜਾ ਸਕਦਾ ਹੈ।ਭਰਨ ਤੋਂ ਬਾਅਦ ਇਸ ਫਾਰਮ ਨੂੰ ਯੂਨੀਵਰਸਿਟੀ ਦੇ ਕਿਸਾਨ ਸੇਵਾ ਕੇਂਦਰ ਵਿਖੇ ਜਮ੍ਹਾਂ ਕਰਵਾ ਦਿੱਤਾ ਜਾਵੇ।

ਕਿਸੇ ਹੋਰ ਜਾਣਕਾਰੀ ਵਾਸਤੇ ਯੂਨੀਵਰਸਿਟੀ ਦੇ ਸਹਾਇਤਾ ਨੰਬਰ 0161-2414005, 2414026 ਜਾਂ 2553364 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran