ਵੈਟਨਰੀ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਬੌਧਿਕ, ਖੋਜ ਅਤੇ ਮਲਟੀਮੀਡੀਆ ਸੰਪਤੀ ਸੰਬੰਧੀ ਡਿਜੀਟਲ ਕੋਸ਼ (ਸੰਗ੍ਰਹਿ)

July 13 2021

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਯੂਨੀਵਰਸਿਟੀ ਦੀ ਵਿਗਿਆਨਕ, ਬੌਧਿਕ ਅਤੇ ਮਲਟੀਮੀਡੀਆ ਸੰਪਤੀ ਨੂੰ ਸੰਗ੍ਰਹਿ ਕਰਨ ਹਿਤ ਇਕ ਡਿਜੀਟਲ ਕੋਸ਼ ਦੀ ਸ਼ੁਰੂਆਤ ਕੀਤੀ ਹੈ। ਇਹ ਕੋਸ਼ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਅਤੇ ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਵਲੋਂ ਸੂਚਨਾ ਤਕਨਾਲੋਜੀ ਅਤੇ ਲਾਇਬ੍ਰੇੁਰੀ ਪੇਸ਼ੇਵਰਾਂ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ।

ਕੋਸ਼ ਵਿਚ ਯੂਨੀਵਰਸਿਟੀ ਦੇ ਉਹ ਸਾਰੇ ਖੋਜ ਪੱਤਰ ਸੰਗ੍ਰਹਿਤ ਕੀਤੇ ਜਾਣਗੇ ਜੋ ਕਿ ਖੋਜ ਪੱਤਿ੍ਰਕਾਵਾਂ ਵਿਚ ਬਹੁਤ ਉੱਚ ਪ੍ਰਮਾਣਿਕਤਾ ਨਾਲ ਪ੍ਰਕਾਸ਼ਿਤ ਹੁੰਦੇ ਹਨ। ਇਸ ਤੋਂ ਇਲਾਵਾ ਮੀਡੀਆ ਖੇਤਰ ਵਿਚ ਅਤੇ ਰੇਡੀਓ, ਟੀ ਵੀ ’ਤੇ ਪ੍ਰਸਾਰਿਤ ਹੋਈਆਂ ਮਾਹਿਰਾਂ ਦੀਆਂ ਵਾਰਤਾਵਾਂ ਵੀ ਇਥੇ ਸੰਭਾਲੀਆਂ ਜਾਣਗੀਆਂ। ਇਸ ਸੰਗ੍ਰਹਿ ਨੂੰ ਯੂਨੀਵਰਸਿਟੀ ਦੇ ਅਧਿਆਪਕ, ਵਿਦਿਆਰਥੀ ਅਤੇ ਖੋਜਾਰਥੀ ਪਹੁੰਚ ਕਰ ਸਕਣਗੇ ਅਤੇ ਆਪਣੀਆਂ ਅਧਿਆਪਨ ਅਤੇ ਖੋਜ ਗਤੀਵਿਧੀਆਂ ਵਿਚ ਕੰਮ ਲਿਆ ਸਕਣਗੇ। ਇਸ ਦੇ ਨਾਲ ਯੂਨੀਵਰਸਿਟੀ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਪੂਰਨ ਰੂਪ ਵਿਚ ਸੰਕਲਿਤ ਹੋ ਸਕਣਗੀਆਂ।ਇਸ ਸੰਬੰਧੀ ਸਿੱਖਿਅਤ ਕਰਨ ਲਈ ਯੂਨੀਵਰਸਿਟੀ ਦੇ ਮਨੁੱਖੀ ਸਾਧਨ ਪ੍ਰਬੰਧਨ ਨਿਰਦੇਸ਼ਾਲੇ ਵਲੋਂ ਅਧਿਆਪਕਾਂ ਨੂੰ ਸਿਖਲਾਈ ਵੀ ਦਿੱਤੀ ਗਈ ਹੈ।

ਡਾ. ਸਿੰਘ ਨੇ ਕਿਹਾ ਕਿ ਇਸ ਡਿਜੀਟਲ ਕੋਸ਼ ਰਾਹੀਂ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਜੋ ਕਿ ਕਈ ਰਿਪੋਰਟਾਂ ਵਿਚ ਕੰਮ ਆਉਂਦੀਆਂ ਹਨ ਉਨ੍ਹਾਂ ਨੂੰ ਵੀ ਮਹਿਫ਼ੂਜ਼ ਰੱਖਿਆ ਜਾਵੇਗਾ। ਯੂਨੀਵਰਸਿਟੀ ਦੀਆਂ ਮਹੱਤਵਪੂਰਣ ਫੋਟੋਆਂ ਅਤੇ ਮਲਟੀਮੀਡੀਆ ਵੇਰਵੇ ਵੀ ਇਸ ਵਿਚ ਸ਼ਾਮਿਲ ਹੋਣਗੇ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿਚ ਵਰਤਿਆ ਜਾ ਸਕੇ।

ਡਾ. ਇੰਦਰਜੀਤ ਸਿੰਘ ਨੇ ਡਾ. ਬਾਂਗਾ, ਡਾ. ਗਿੱਲ, ਡਾ. ਨਿਰਮਲ ਸਿੰਘ ਅਤੇ ਸ਼੍ਰੀ ਪਰਮਿੰਦਰਦੀਪ ਸਿੰਘ ਮਾਂਗਟ ਨੂੰ ਇਸ ਡਿਜੀਟਲ ਕੋਸ਼ ਦੇ ਕੰਮ ਨੂੰ ਸਿਰੇ ਚੜ੍ਹਾਉਣ ਲਈ ਮੁਬਾਰਕਬਾਦ ਵੀ ਦਿੱਤੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran