ਵੈਟਨਰੀ ਯੂਨੀਵਰਸਿਟੀ ਨੇ ਮੂੰਹ-ਖੁਰ ਦੀ ਬੀਮਾਰੀ ਸੰਬੰਧੀ ਸਾਂਝੀਆਂ ਕੀਤੀਆਂ ਹਿਦਾਇਤਾਂ

August 11 2021

ਮੂੰਹ-ਖੁਰ ਦੀ ਬੀਮਾਰੀ ਪਸ਼ੂਆਂ ਵਿਚ ਵਿਸ਼ਾਣੂਆਂ ਦੀ ਲਾਗ ਵਾਲੀ ਬੀਮਾਰੀ ਹੈ ਜੋ ਕਿ ਇਕ ਪਸ਼ੂ ਤੋਂ ਦੂਜੇ ਪਸ਼ੂ ਤਕ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਹ ਜਾਣਕਾਰੀ ਡਾ. ਦੀਪਤੀ ਨਾਰੰਗ, ਮੁਖੀ, ਵੈਟਨਰੀ ਮਾਇਕਰੋਬਾਇਓਲੋਜੀ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਝ ਇਲਾਕਿਆਂ ਵਿਚ ਇਸ ਬੀਮਾਰੀ ਦੀਆਂ ਘਟਨਾਵਾਂ ਦੀ ਸੂਚਨਾ ਮਿਲੀ ਹੈ ਇਸ ਲਈ ਇਹਤਿਆਤੀ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ।

ਉਨ੍ਹਾਂ ਕਿਹਾ ਕਿ ਇਸ ਵਿਸ਼ਾਣੂ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ ਜੋ ਕਿ ਇਸ ਬੀਮਾਰੀ ਦਾ ਕਾਰਣ ਬਣਦੇ ਹਨ।ਜਿਨ੍ਹਾਂ ਵਿਚ ਇਕ ਕਿਸਮ ਜ਼ਿਆਦਾ ਪਾਈ ਜਾਂਦੀ ਹੈ। ਇਹ ਵਿਸ਼ਾਣੂ ਗਾਂਵਾਂ, ਮੱਝਾਂ, ਭੇਡਾਂ, ਬੱਕਰੀਆਂ ਅਤੇ ਸੂਰਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਦੁਧਾਰੂ ਪਸ਼ੂ ਜ਼ਿਆਦਾ ਇਸ ਦੇ ਨੁਕਸਾਨ ਵਿਚ ਆਉਂਦੇ ਹਨ। ਇੰਝ ਡੇਅਰੀ ਕਿਸਾਨਾਂ ਨੂੰ ਜਿਥੇ ਆਰਥਿਕ ਤੌਰ ’ਤੇ ਸੱਟ ਵੱਜਦੀ ਹੈ ਉਥੇ ਉਨ੍ਹਾਂ ਦੇ ਪਸ਼ੂਆਂ ਦਾ ਵੀ ਨੁਕਸਾਨ ਹੁੰਦਾ ਹੈ। ਬਰਸਾਤੀ ਮੌਸਮ ਵਿਚ ਇਹ ਬੀਮਾਰੀ ਆਪਣਾ ਪ੍ਰਚੰਡ ਰੂਪ ਵੀ ਵਿਖਾਉਂਦੀ ਹੈ। ਇਸ ਲਈ ਇਸ ਮੌਸਮ ਵਿਚ ਪਸ਼ੂਆਂ ਨੂੰ ਖਾਸ ਬਚਾਅ ਦੀ ਲੋੜ ਹੈ ਅਤੇ ਇਸ ਬੀਮਾਰੀ ਤੋਂ ਬਚਾਅ ਹਿਤ ਪਸ਼ੂਆਂ ਨੂੰ ਛੇ ਮਹੀਨੇ ਬਾਅਦ ਟੀਕੇ ਜਰੂਰ ਲਵਾਉਣੇ ਚਾਹੀਦੇ ਹਨ। ਇਨ੍ਹਾਂ ਟੀਕਿਆਂ ਨਾਲ ਤਿੰਨੋਂ ਕਿਸਮ ਦੇ ਵਿਸ਼ਾਣੂਆਂ ਤੋਂ ਬਚਾਅ ਹੁੰਦਾ ਹੈ।

ਅਜਿਹੇ ਸਮੇਂ ਸਾਨੂੰ ਫਾਰਮਾਂ ਦੀ ਜੈਵਿਕ ਸੁਰੱਖਿਆ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਫਾਰਮਾਂ ਨੂੰ ਸਾਫ ਅਤੇ ਕੀਟਾਣੂ ਰਹਿਤ ਰੱਖਣਾ ਚਾਹੀਦਾ ਹੈ। ਦੁੱਧ ਚੋਣ ਵਾਲੀਆਂ ਮਸ਼ੀਨਾਂ, ਰੱਸੇ, ਫੀਡ, ਚਾਰਾ ਅਤੇ ਹੋਰ ਸੰਦਾਂ ਨੂੰ ਵਰਤਣ ਲੱਗਿਆਂ ਸਿਹਤਮੰਦ ਅਤੇ ਬੀਮਾਰ ਪਸ਼ੂ ਦੀ ਪਛਾਣ ਕਰਕੇ ਅਲੱਗ-ਅਲੱਗ ਵਰਤਣਾ ਚਾਹੀਦਾ ਹੈ। ਕਾਮਿਆਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਇਕੋ ਕਾਮਾ ਬੀਮਾਰ ਅਤੇ ਸਿਹਤਮੰਦ ਪਸ਼ੂ ਕੋਲ ਨਾ ਜਾਵੇ।ਫਾਰਮਾਂ ਨੂੰ ਥੋੜ੍ਹੇ ਅੰਤਰਾਲ ਬਾਅਦ ਹੀ ਕਿਰਮ ਰਹਿਤ ਕਰਦੇ ਰਹਿਣਾ ਚਾਹੀਦਾ ਹੈ।

ਬਹੁਤੇ ਪਸ਼ੂਆਂ ਨੂੰ ਇਕੋ ਥਾਂ ਝੁੰਡ ਬਣਾ ਕੇ ਨਹੀਂ ਰੱਖਣਾ ਚਾਹੀਦਾ।ਜੇਕਰ ਕਿਸੇ ਪਸ਼ੂ ਨੂੰ ਤੇਜ਼ ਬੁਖਾਰ, ਮੂੰਹ ਜਾਂ ਪੈਰਾਂ ਵਿਚ ਛਾਲੇ ਅਤੇ ਮੂੰਹ ’ਚੋਂ ਜ਼ਿਆਦਾ ਲਾਰ ਵੱਗ ਰਹੀ ਹੋਵੇ ਤਾਂ ਉਸ ਨੂੰ ਬੀਮਾਰੀ ਦੇ ਲੱਛਣ ਸਮਝਣਾ ਚਾਹੀਦਾ ਹੈ।ਅਜਿਹੇ ਮੌਕੇ ’ਤੇ ਪਸ਼ੂ ਨੂੰ ਦੂਸਰੇ ਪਸ਼ੂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਪਸ਼ੂ ਦੀ ਸਿੱਖਿਅਤ ਵੈਟਨਰੀ ਡਾਕਟਰ ਕੋਲੋਂ ਹੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਬੀਮਾਰੀ ਦਾ ਨਿਰੀਖਣ ਕਰਕੇ ਉਸ ਢੰਗ ਨਾਲ ਪ੍ਰਬੰਧਨ ਕਰਨਾ ਚਾਹੀਦਾ ਹੈ। ਮੂੰਹ-ਖੁਰ ਦੀ ਬੀਮਾਰੀ ਨੂੰ ਕਾਬੂ ਕਰਨ ਅਤੇ ਪਸ਼ੂਆਂ ਦਾ ਬਚਾਅ ਕਰਨ ਲਈ ਸਰਕਾਰੀ ਪੱਧਰ ’ਤੇ ਰਾਸ਼ਟਰੀ ਯੋਜਨਾ ਚੱਲ ਰਹੀ ਹੈ ਪਸ਼ੂ ਪਾਲਕਾਂ ਨੂੰ ਉਸ ਅਧੀਨ ਆਪਣੇ ਪਸ਼ੂਆਂ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran