ਵੈਟਨਰੀ ਖੇਤਰ ਵਿਚ ਉਦਮੀ ਬਣਨ ਸੰਬੰਧੀ ਅਪਾਰ ਸੰਭਾਵਨਾਵਾਂ- ਵੈਟਨਰੀ ਮਾਹਿਰ

August 03 2021

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਸੰਸਥਾ ਵਿਕਾਸ ਯੋਜਨਾ ਇਕਾਈ ਵਲੋਂ ਇਕ ਵਿਸ਼ੇਸ਼ ਮਾਹਿਰ ਭਾਸ਼ਣ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ’ਵੈਟਨਰੀ ਸਿੱਖਿਅਤਾਂ ਲਈ ਉਦਮੀ ਮੌਕੇ’।ਇਸ ਭਾਸ਼ਣ ਲਈ ਡਾ. ਡੀ ਵੀ ਆਰ ਪ੍ਰਕਾਸ਼ਾ ਰਾਓ, ਪ੍ਰਧਾਨ, ਰਾਸ਼ਟਰੀ ਅਕੈਡਮੀ ਵੈਟਨਰੀ ਵਿਗਿਆਨ (ਭਾਰਤ) ਉਚੇਚੇ ਤੌਰ ’ਤੇ ਯੂਨੀਵਰਸਿਟੀ ਵਿਖੇ ਪਹੁੰਚੇ। ਡਾ. ਰਾਓ ਇਕ ਉੱਘੇ ਵੈਟਨਰੀ ਵਿਗਿਆਨੀ ਹਨ ਜਿਨ੍ਹਾਂ ਨੇ ਕਿ ਆਪਣੇ ਆਪ ਨੂੰ ਬਤੌਰ ਉਦਮੀ ਸਥਾਪਿਤ ਕੀਤਾ ਹੈ।

ਉਹ ਪ੍ਰਕਾਸ਼ ਫੂਡ ਐਂਡ ਫੀਡ ਮਿਲਜ਼ ਦੇ ਮੁਖੀ ਅਤੇ ਪ੍ਰਬੰਧਕੀ ਨਿਰੇਦਸ਼ਕ ਹਨ।ਇਸ ਕੰਪਨੀ ਦੀਆਂ ਦੋ ਉਤਪਾਦਨ ਇਕਾਈਆਂ ਹਨ ਜਿਨ੍ਹਾਂ ਵਿਚੋਂ ਇਕ ਕਾਂਚੀਪੂਰਮ ਅਤੇ ਦੂਸਰੀ ਸ਼ੋਲਾਵਰਮ (ਤਾਮਿਲਨਾਡੂ) ਵਿਖੇ ਹੈ। ਇਹ ਕੰਪਨੀ ਭਾਰਤ ਵਿਚ ਆਪਣਾ ਕਾਰੋਬਾਰ ਕਰਨ ਤੋਂ ਇਲਾਵਾ ਅਰਬ, ਵੀਅਤਨਾਮ ਅਤੇ ਹੋਰ ਮੁਲਕਾਂ ਵਿਚ ਵੀ ਆਪਣੇ ਉਤਪਾਦ ਬਰਾਮਦ ਕਰ ਰਹੀ ਹੈ। ਇਹ ਕੰਪਨੀ ਪਿਛਲੇ 35 ਸਾਲ ਤੋਂ ਮੁਰਗੀ ਪਾਲਣ ਉਦਯੋਗ ਦੀਆਂ ਖੁਰਾਕੀ ਲੋੜਾਂ ਅਤੇ ਪ੍ਰੋਟੀਨ ਤਕਨਾਲੋਜੀ ਉਪਲਬਧ ਕਰਵਾਉਣ ਵਿਚ ਮੋਹਰੀ ਕੰਪਨੀ ਹੈ।

ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਸੰਸਥਾ ਵਿਕਾਸ ਯੋਜਨਾ ਦੇ ਮੁੱਖ ਨਿਰੀਖਕ ਨੇ ਨੌਜਵਾਨ ਵੈਟਨਰੀ ਸਿੱਖਿਅਤਾਂ ਨੂੰ ਉਦਮੀਪਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸੰਸਥਾ ਵਿਕਾਸ ਯੋਜਨਾ ਬਾਰੇ ਦੱਸਣ ਦੇ ਨਾਲ ਇਸ ਦੇ ਮੁੱਖ ਉਦਮੀਪਨ ਮੰਤਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਰਾਓ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਆਪਣੀ ਜੀਵਨ ਯਾਤਰਾ ਬਾਰੇ ਦੱਸਦਿਆਂ ਇਕ ਵੈਟਨਰੀ ਡਾਕਟਰ ਤੋਂ ਉਦਮੀ ਬਣਨ ਦੇ ਆਪਣੇ ਕਾਰਜ ਬਾਰੇ ਦੱਸਿਆ।ਉਨ੍ਹਾਂ ਨੇ ਵਿਸਥਾਰ ਵਿਚ ਦੱਸਿਆ ਕਿ ਆਪਣਾ ਉਦਮ ਸਥਾਪਿਤ ਕਰਨ ਵਿਚ ਇਕ ਵੈਟਨਰੀ ਡਾਕਟਰ ਦੇ ਕੋਲ ਕਿਸ ਤਰ੍ਹਾਂ ਦੇ ਮੌਕੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਆਪਣਾ ਕਾਰੋਬਾਰ ਸਥਾਪਿਤ ਕਰਕੇ ਸਵੈ-ਨਿਰਭਰ ਹੋਣਾ ਇਕ ਚੰਗਾ ਵਿਕਲਪ ਹੈ ਕਿਉਂਕਿ ਸਰਕਾਰੀ ਨੌਕਰੀਆਂ ਦੇ ਮੌਕੇ ਘੱਟ ਹੋ ਰਹੇ ਹਨ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਡਾ. ਰਾਓ ਦੇ ਪ੍ਰੇਰਨਾਦਾਇਕ ਭਾਸ਼ਣ ਸੰਬੰਧੀ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਦੱਸੇ ਨੁਕਤਿਆਂ ਸੰਬੰਧੀ ਪੂਰਨ ਸਹਿਮਤੀ ਰੱਖਦੇ ਹਨ ਅਤੇ ਸਾਡੇ ਨੌਜਵਾਨ ਵਿਦਿਆਰਥੀਆਂ ਨੂੰ ਨਵੀਆਂ ਪੁਲਾਂਘਾਂ ਪੁੱਟਣੀਆਂ ਚਾਹੀਦੀਆਂ ਹਨ।

ਉਨ੍ਹਾਂ ਨੇ ਉਦਮੀਪਨ ਮੁਹਾਰਤ ਸੰਬੰਧੀ ਵੈਟਨਰੀ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ, ਕਿਸਾਨਾਂ, ਔਰਤਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ, ਪਸ਼ੂ ਹਸਪਤਾਲ ਨੇ ਸਾਰੇ ਪਤਵੰਤੇ ਮਹਿਮਾਨਾਂ ਅਤੇ ਇਸ ਭਾਸ਼ਣ ਨੂੰ ਸੁਣਨ ਵਾਲੇ ਸਰੋਤਿਆਂ ਦਾ ਧੰਨਵਾਦ ਕੀਤਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran