ਭਾਰਤ ਵਿਚ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਮੱਝ ਹੈ ਰੇਸ਼ਮਾ , ਇਕ ਦਿਨ ਵਿਚ 33.8 ਲੀਟਰ ਦੁੱਧ ਦੇ ਕੇ ਬਣਾਇਆ ਰਿਕਾਰਡ

March 03 2022

ਹਰਿਆਣਾ ਦੇ ਕੈਥਲ ਦੇ ਪਿੰਡ ਬੁੱਢਾ ਖੇੜਾ ਨੂੰ ਸੁਲਤਾਨ ਝੋਟੇ ਨੇ ਪੂਰੇ ਭਾਰਤ ਵਿਚ ਮਸ਼ਹੂਰ ਕੀਤਾ ਸੀ। ਹੁਣ ਸੁਲਤਾਨ ਨਹੀਂ ਰਿਹਾ ਪਰ ਉਸ ਦੇ ਮਾਲਕ ਨੂੰ ਹੁਣ ਆਪਣੀ ਮੱਝ ‘ਰੇਸ਼ਮਾ’ ਤੋਂ ਨਵੀਂ ਪਛਾਣ ਮਿਲੀ ਹੈ। ਦਰਅਸਲ ਮੁਰਾਹ ਨਸਲ ਦੀ ਮੱਝ ਨੇ 33.8 ਲੀਟਰ ਦੁੱਧ ਦੇ ਕੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਉਹ ਹੁਣ ਪੂਰੇ ਭਾਰਤ ਵਿਚ ਸਭ ਤੋਂ ਵੱਧ ਦੁੱਧ ਪੈਦਾ ਕਰਨ ਵਾਲੀ ਮੱਝ ਬਣ ਗਈ ਹੈ।

ਰੇਸ਼ਮਾ ਨੇ ਜਦੋਂ ਪਹਿਲੀ ਵਾਰ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਨੇ 19-20 ਲੀਟਰ ਦੁੱਧ ਦਿੱਤਾ। ਦੂਜੀ ਵਾਰ ਉਸ ਨੇ 30 ਲੀਟਰ ਦੁੱਧ ਦਿੱਤਾ। ਜਦੋਂ ਰੇਸ਼ਮਾ ਤੀਜੀ ਵਾਰ ਮਾਂ ਬਣੀ ਤਾਂ ਉਸ ਨੇ 33.8 ਲੀਟਰ ਦੁੱਧ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ। ਨਰੇਸ਼ ਨੇ ਦੱਸਿਆ ਕਿ ਉਹਨਾਂ ਨੇ ਇਸ ਨੂੰ 1.40 ਲੱਖ ਚ ਖਰੀਦਿਆ ਸੀ।

ਉਹ ਇਸ ਦੀ ਡਾਈਟ ਦਾ ਪੂਰਾ ਖ਼ਿਆਲ ਰੱਖਦੇ ਹਨ। ਕਈ ਡਾਕਟਰਾਂ ਦੀ ਟੀਮ ਨੇ ਰੇਸ਼ਮਾ ਦਾ 7 ਵਾਰ ਦੁੱਧ ਕੱਢ ਕੇ ਦੇਖਿਆ, ਜਿਸ ਤੋਂ ਬਾਅਦ ਉਹ ਭਾਰਤ ਵਿਚ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਬਣ ਗਈ। ਬੀਤੇ ਦਿਨੀਂ ਨੈਸ਼ਨਲ ਡੇਅਰੀ ਵਿਕਾਸ ਬੋਰਡ (ਐਨਡੀਡੀਬੀ) ਤੋਂ ਰਿਕਾਰਡ 33.8 ਲੀਟਰ ਦੇ ਪ੍ਰਮਾਣ ਪੱਤਰ ਨਾਲ ਰੇਸ਼ਮਾ ਨੂੰ ਉੱਨਤ ਕਿਸਮਾਂ ਦੀ ਪਹਿਲੇ ਨੰਬਰ ਦੀ ਸ਼੍ਰੇਣੀ ਵਿਚ ਲਿਆਂਦਾ ਗਿਆ ਹੈ।

ਰੇਸ਼ਮਾ ਦੇ ਦੁੱਧ ਦੀ ਫੈਟ ਦੀ ਗੁਣਵੱਤਾ 10 ਵਿਚੋਂ 9.31 ਹੈ। ਰੇਸ਼ਮਾ ਦਾ ਦੁੱਧ ਕੱਢਣ ਲਈ ਦੋ ਲੋਕ ਲੱਗਦੇ ਹਨ। ਰੇਸ਼ਮਾ ਨੇ ਡੇਅਰੀ ਫਾਰਮਿੰਗ ਐਸੋਸੀਏਸ਼ਨ ਵਲੋਂ ਕਰਵਾਏ ਪਸ਼ੂ ਮੇਲੇ ਵਿਚ ਵੀ 31.213 ਲੀਟਰ ਦੁੱਧ ਦੇ ਕੇ ਪਹਿਲਾ ਇਨਾਮ ਜਿੱਤਿਆ ਸੀ। ਇਸ ਤੋਂ ਇਲਾਵਾ ਰੇਸ਼ਮਾ ਕਈ ਹੋਰ ਐਵਾਰਡ ਵੀ ਜਿੱਤ ਚੁੱਕੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman