ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਝੋਨੇ ਦੀ ਪਰਾਲੀ ਨੂੰ ਤੇਜ਼ੀ ਨਾਲ ਖੇਤਾਂ ਵਿੱਚ ਗਾਲਣ ਦੀ ਤਕਨੀਕ ਦਾ ਵਿਗਿਆਨਿਕ ਢੰਗ ਨਾਲ ਅਧਿਐਨ ਕਰੇਗੀ ਤਾਂ ਜੋ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ।
ਪਰਾਲੀ ਨੂੰ ਖੇਤਾਂ ਵਿੱਚ ਘੱਟ ਸਮੇਂ ’ਚ ਹੀ ਗਾਲਣ ਦੀ ਤਕਨੀਕ ਦੇ ਸੰਦਰਭ ਵਿੱਚ ਸ੍ਰੀ ਖੰਨਾ ਨੇ ਪੀਏਯੂ ਦੇ ਖੇਤੀ ਮਾਹਿਰਾਂ ਨੂੰ ਇਸ ਸਬੰਧ ਵਿੱਚ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਸ ਵਿਧੀ ਦੇ ਨਫਾ-ਨੁਕਸਾਨ ਨੂੰ ਬਰੀਕੀ ਨਾਲ ਘੋਖਣ ਲਈ ਆਖਿਆ। ਉਨ੍ਹਾਂ ਨੇ ਪੀਏਯੂ ਅਥਾਰਿਟੀ ਨੂੰ ਇਸ ਵਿਧੀ ਦੀ ਪਰਖ ਆਪਣੇ ਨੁਮਾਇਸ਼ੀ ਫਾਰਮਾਂ ਵਿੱਚ ਵੀ ਕਰਨ ਲਈ ਆਖਿਆ ਤਾਂ ਕਿ ਇਸ ਆਰਗੈਨਿਕ ਤਕਨਾਲੋਜੀ ਦੀ ਸਫ਼ਲਤਾ ਦਾ ਮੁਲਾਂਕਣ ਕੀਤਾ ਜਾ ਸਕੇ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਆਪਣੀਆਂ ਸਿਫਾਰਸ਼ਾਂ ਨਾਲ ਸਬੰਧਤ ਰਿਪੋਰਟ ਛੇਤੀ ਸੌਂਪਣ ਨੂੰ ਆਖਿਆ।
ਇਸ ਮੌਕੇ ਖੇਤੀਬਾੜੀ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ, ਖੇਤੀਬਾੜੀ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਤੋਂ ਇਲਾਵਾ ਕਈ ਕਿਸਾਨ ਵੀ ਹਾਜ਼ਰ ਸਨ।
ਖਾਦ ਦੀ ਲੋੜ ਘਟੇਗੀ ਤੇ ਮੁਨਾਫਾ ਵਧੇਗਾ
ਨੁਮਾਇਸ਼ ਦੌਰਾਨ ਦੱਸਿਆ ਗਿਆ ਕਿ ਆਪਣੀ ਕਿਸਮ ਦੀ ਇਹ ਪਹਿਲੀ ਆਰਗੈਨਿਕ ਵਿਧੀ ਹੈ ਜੋ ਪਰਾਲੀ ਨੂੰ ਵੱਢਣ ਅਤੇ ਬਾਹਰ ਲਿਜਾਣ ਤੋਂ ਬਿਨਾਂ ਦੋ ਹਫ਼ਤਿਆਂ ਵਿੱਚ ਗਾਲ ਦਿੰਦੀ ਹੈ। ਇਹ ਵੀ ਦੱਸਿਆ ਗਿਆ ਕਿ ਖੇਤ ਵਿੱਚ ਗਲ ਚੁੱਕੀ ਪਰਾਲੀ ਨੂੰ ਸੌਖਿਆਂ ਹੀ ਮਿੱਟੀ ਵਿੱਚ ਮਿਲਾਇਆ ਜਾ ਸਕਦਾ ਹੈ ਜਿਸ ਨਾਲ ਅਗਲੀ ਫਸਲ ਲਈ ਖਾਦ ਦੀ 35 ਫੀਸਦੀ ਘੱਟ ਲੋੜ ਪਵੇਗੀ। ਮਿੱਟੀ ਵਿੱਚ ਪਰਾਲੀ ਨੂੰ ਮਿਲਾਉਣ ਨਾਲ ਜਾਂ ਪੂਰੀ ਤਰ੍ਹਾਂ ਖਪਾ ਦੇਣ ਨਾਲ ਅਗਲੀ ਫਸਲ ਦੌਰਾਨ ਨਦੀਨ ਦੀ ਪੈਦਾਵਾਰ ਵੀ ਘਟੇਗੀ ਅਤੇ ਇਸ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਧਣ ਦੇ ਨਾਲ-ਨਾਲ ਹੋਰ ਲਾਭ ਵੀ ਮਿਲਣਗੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ