ਤਾਪਮਾਨ ਘਟਣ ਕਾਰਨ ਕਣਕ ਦੀ ਵਾਢੀ ਪੱਛੜਨ ਦੇ ਆਸਾਰ

March 25 2019

ਮਾਲਵਾ ਪੱਟੀ ਵਿੱਚ ਇਸ ਵਾਰ ਅਨਾਜ ਮੰਡੀਆਂ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਪਹਿਲੀ ਅਪਰੈਲ ਤੱਕ ਆਉਣ ਦੀ ਬਜਾਏ ਦੋ ਹਫ਼ਤੇ ਹੋਰ ਪੱਛੜ ਕੇ ਆਉਣ ਦੀ ਸੰਭਾਵਨਾ ਹੈ। ਅਜਿਹਾ ਮੌਸਮ ਦੇ ਮਿਜਾਜ਼ ਬਦਲਣ ਕਾਰਨ ਹੋਇਆ ਹੈ।

ਖੇਤੀਬਾੜੀ ਵਿਭਾਗ ਅਨੁਸਾਰ ਪਿਛਲੇ ਸਾਲਾਂ ਦੌਰਾਨ ਮਾਰਚ ਦੇ ਅਖ਼ਰੀਲੇ ਦਿਨਾਂ ਵਿੱਚ ਕਣਕ ਦੀ ਵਾਢੀ ਆਰੰਭ ਹੋ ਗਈ ਸੀ, ਪਰ ਇਸ ਵਾਰ ਮੌਸਮ ਵਿੱਚ ਰਾਤ ਦੀ ਠੰਢ ਰਹਿਣ ਕਾਰਨ ਕਣਕਾਂ ਅਜੇ ਕੱਚੀਆਂ ਦਿਖਾਈ ਦੇ ਰਹੀਆਂ ਹਨ।

ਦੂਜੇ ਪਾਸੇ ਬੇਸ਼ੱਕ ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਨੇ ਪਹਿਲੀ ਅਪਰੈਲ ਤੋਂ ਕਣਕ ਦੀ ਖ਼ਰੀਦ ਲਈ ਬਕਾਇਦਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ, ਪਰ ਬਦਲਦੇ ਮੌਸਮ ਕਾਰਨ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਵਾਰ ਮਾਲਵਾ ਪੱਟੀ ਵਿੱਚ ਨਵੀਂ ਕਣਕ ਦੀ ਕੋਈ ਵੀ ਢੇਰੀ ਪਹਿਲੀ ਅਪਰੈਲ ਨੂੰ ਮੰਡੀ ਵਿੱਚ ਵਿਕਣ ਲਈ ਨਹੀਂ ਪੁੱਜ ਸਕੇਗੀ।

ਖੇਤੀਬਾੜੀ ਵਿਭਾਗ ਦੇ ਬਠਿੰਡਾ ਸਥਿਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਮੌਸਮ ਵਿਚ ਲਗਾਤਾਰ ਠੰਢ ਬਣੀ ਰਹਿਣ ਕਾਰਨ ਕਣਕ ਦੀ ਵਾਢੀ ਪਿਛਲੇ ਸਾਲਾਂ ਦੇ ਮੁਕਾਬਲੇ ਭਾਵੇਂ ਲੇਟ ਹੋ ਗਈ ਹੈ, ਪਰ ਐਤਕੀ ਮੌਸਮ ਮੁਤਾਬਿਕ ਕਣਕ ਦੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜੇ ਜਾਣਗੇ। ਸ੍ਰੀ ਸਿੱਧੂ ਮੁਤਾਬਕ ਕਣਕ ਦੀ ਫਸਲ ਦੇ ਚੰਗੇ ਝਾੜ ਲਈ ਰਾਤ ਦਾ ਮੌਸਮ ਠੰਢਕ ਭਰਿਆ ਹੋਣਾ ਬੇਹੱਦ ਜ਼ਰੂਰੀ ਹੈ, ਜੋ ਇਸ ਵਾਰ ਚੱਲ ਰਿਹਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਦੇ ਅਖਰੀਲੇ ਹਫ਼ਤੇ ਕਣਕ ਦੀ ਹੱਥੀਂ ਵਾਢੀ ਆਰੰਭ ਹੋ ਗਈ ਸੀ, ਪਰ ਇਸ ਵਾਰ ਇਹ ਵਾਢੀ ਪੂਰੇ ਖੇਤਰ ਵਿਚ ਕਿਧਰੇ ਵੀ ਸ਼ੁਰੂ ਨਾ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ