ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਵੱਡੀ ਘਾਟ : ਪੰਨੂੰ

May 14 2020

ਮਜ਼ਦੂਰਾਂ ਦੀ ਘਾਟ ਨੂੰ ਵੇਖਦਿਆਂ ਇਸ ਸਾਲ ਕਿਸਾਨਾਂ ਨੇ ਵੱਡੀ ਗਿਣਤੀ ਚ ਝੋਨੈ ਦੀ ਸਿੱਧੀ ਬਿਜਾਈ ਦਾ ਰਸਤਾ ਅਪਣਾ ਲਿਆ ਹੈ। ਪੰਜਾਬ ਸਰਕਾਰ ਪਿਛਲੇ 7-8 ਸਾਲਾਂ ਤੋਂ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਦੀ ਆ ਰਹੀ ਹੈ। ਪ੍ਰੰਤੂ ਕਈ ਕਾਰਨਾਂ ਕਾਰਨ, ਕਿਸਾਨਾਂ ਨੇ ਇਸ ਵਿਧੀ ਨੂੰ ਅਪਣਾਉਣ ਤੋਂ ਕਿਨਾਰਾ ਹੀ ਕਰੀ ਰਖਿਆ ਅਤੇ ਪੁਰਾਣੇ ਅਜਮਾਏ ਹੋਏ ਢੰਗ, ਖੇਤਾਂ ਚ ਪਾਣੀ ਖੜਾ ਕਰ ਕੇ, ਪਨੀਰੀ ਲਗਾਉਣ ਦਾ ਸਿਲਸਿਲਾ ਜਾਰੀ ਰਖਿਆ। ਇਸ ਸਾਲ 10 ਲੱਖ ਏਕੜ ਰਕਬੇ ਚ ਸਿਧੀ ਬਿਜਾਈ ਦੀ ਸੰਭਾਵਨਾ ਹੈ।

ਪ੍ਰੰਤੂ ਇਸ ਸਾਲ ਕੋਰੋਨਾ ਬਿਮਾਰੀ ਕਾਰਨ, ਪ੍ਰਵਾਸੀ ਮਜ਼ਦੂਰ ਜੋ ਅਪ੍ਰੈਲ ਮਹੀਨੇ, ਰਾਜ ਚ ਉਪਲਬਧ ਸਨ, ਉਹ ਵਾਪਸ ਤੁਰ ਗਏ ਹਨ ਜਾਂ ਜਾਣ ਦੀ ਤਿਆਰੀ ਚ ਹਨ। ਝੋਨੇ ਦੀ ਲੁਆਈ ਸਮੇਂ ਮਜ਼ਦੂਰਾਂ ਦੇ ਵਾਪਸ ਆਉਣ ਦੀ ਸੰਭਾਵਨਾ ਨਹੀਂ ਰਹੀ। ਕਿਸਾਨ ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਨਾਲ ਫ਼ੋਨ ਉਪਰ ਸੰਪਰਕ ਕਰ ਰਹੇ ਹਨ, ਉਨ੍ਹਾਂ ਵਲੋਂ ਝੋਨੇ ਦੀ ਲੁਆਈ ਲਈ ਆਉਣ ਦੀ ਹਾਮੀ ਨਹੀਂ ਭਰੀ ਜਾ ਰਹੀ। ਪੰਜਾਬ ਦੇ ਪਿੰਡਾਂ ਚ ਕਿਸਾਨ ਸਥਾਨਕ ਮਜ਼ਦੂਰਾਂ ਨਾਲ ਪਹਿਲਾਂ ਹੀ ਲਿਖਤੀ ਸਮਝੌਤੇ ਕਰ ਰਹੇ ਹਨ ਪ੍ਰੰਤੂ ਸਥਾਨਕ ਮਜ਼ਦੂਰ 5 ਹਜ਼ਾਰ ਰੁਪਏ ਪ੍ਰਤੀ ਏਕੜ ਲੈ ਕੇ ਵੀ ਸਮਝੌਤੇ ਕਰਨ ਲਈ ਤਿਆਰ ਨਹੀਂ।

ਇਸੇ ਕਾਰਨ ਜਿਨ੍ਹਾਂ ਕਿਸਾਨਾਂ ਪਾਸ 10 ਏਕੜ ਤੋਂ ਵਧ ਜ਼ਮੀਨ ਹੈ, ਨੇ ਝੋਨੈ ਦੀ ਸਿੱਧੀ ਬਿਜਾਈ ਨੂੰ ਅਪਣਾ ਲਿਆ ਹੈ ਜਾਂ ਸਿਧੀ ਬਿਜਾਈ ਲਈ ਤਿਆਰੀ ਕਰ ਰਹੇ ਹਨ। ਜ਼ਿਲ੍ਹਾ ਫ਼ਰੀਦਕੋਟ ਦੇ ਕੁੱਝ ਪਿੰਡਾਂ ਚ ਕਈ ਕਿਸਾਨਾਂ ਨੇ ਪਿਛਲੇ ਇਕ ਹਫ਼ਤੇ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰ ਵੀ ਦਿਤੀ ਹੈ ਅਤੇ ਅਜੇ ਹੋਰ ਕਰਨ ਦੀ ਤਿਆਰੀ ਚ ਹਨ। ਛੋਟੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਤੋਂ ਝਿਜਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਥੋੜੀ ਜ਼ਮੀਨ ਹੈ, ਉਹ ਪਹਿਲਾਂ ਹੀ ਗ਼ਰੀਬ ਹਨ ਅਤੇ ਜੇਕਰ ਸਿੱਧੀ ਬਿਜਾਈ ਦਾ ਝੋਨਾ ਸਫ਼ਲ ਨਾ ਹੋਇਆ ਤਾਂ ਉਹ ਹੋਰ ਵੀ ਆਰਥਕ ਸੰਕਟ ਚ ਫਸ ਜਾਣਗੇ।

ਇਸ ਸਬੰਧੀ ਜਦ ਪੰਜਾਬ ਸਰਕਾਰ ਦੇ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਸ ਸਾਲ 10 ਲੱਖ ਏਕੜ ਰਕਬੇ ਚ ਝੋਨੇ ਦੀ ਸਿੱਧੀ ਬਿਜਾਈ ਦੀ ਸੰਭਾਵਨਾ ਹੈ ਜੋ ਇਕ ਰਿਕਾਰਡ ਹੋਵੇਗਾ। ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਵੱਡੀ ਮਾਤਰਾ ਚ ਹੋਵੇਗੀ ਕਿਉਂਕਿ ਮਜ਼ਦੂਰਾਂ ਚ ਬੜੀ ਘਾਟ ਰਹੇਗੀ।

ਉੁਨ੍ਹਾਂ ਇਹ ਵੀ ਦਸਿਆ ਕਿ ਇਸ ਸਾਲ ਨਰਮੇ ਦੀ ਫ਼ਸਲ ਚ ਵੀ ਕਿਸਾਨਾਂ ਨੇ ਦਿਲਚਸਪੀ ਵਿਖੀ ਹੈ ਅਤੇ 5 ਲੱਖ ਹੈਕਟੇਅਰ ਤੋਂ ਉਪਰ ਨਰਮੇ ਦੀ ਬਿਜਾਈ ਹੋਵੇਗੀ। ਜਿਥੋਂ ਤਕ ਝੋਨੇ ਦਾ ਸਬੰਧ ਹੈ 23 ਲੱਖ ਹੈਕਟੇਅਰ ਚ ਝੋਨੇ ਦੀ ਬਿਜਾਈ ਅਤੇ  ਲੱਖ ਹੈਕਟੇਅਰ ਚ ਬਾਸਮਤੀ ਦੀ ਬਿਜਾਈ ਦਾ ਟੀਚਾ ਹੈ। ਇਸ ਸਾਲ ਝੋਨੇ ਦੀ ਲੁਆਈ ਜੁਲਾਈ ਦੇ ਅਖੀਰ ਤਕ ਚੱਲਣ ਦੀ ਸੰਭਾਵਨਾ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ