ਕਿਸਾਨ ਭਰਾਵਾਂ ਲਈ ਚਾਨਣ ਮੁਨਾਰਾ ਦਰਸ਼ਨ ਸਿੰਘ

December 01 2021

ਬਲਾਕ ਨੂਰਪੁਰ ਬੇਦੀ ਦੇ ਇਕ ਛੋਟੇ ਜਿਹੇ ਪਿੰਡ ਕਾਂਗੜ ’ਚ ਇਕ ਗੋਰਾ ਸਿੱਖ ਵੱਸਦਾ ਹੈ, ਜੋ ਹੁਣ ਦਰਸ਼ਨ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਦਾ ਜਨਮ ਭਾਵੇਂ ਦੱਖਣੀ ਫਰਾਂਸ ’ਚ 5 ਅਕਤੂਬਰ 1957 ਨੂੰ ਹੋਇਆ ਪਰ ਉਸ ਨੂੰ ਪੰਜਾਬ ਦੀ ਭੂਮੀ ਦੀ ਸੋਂਧੀ ਖ਼ੁਸ਼ਬੂ ਤੇ ਇਸ ਦੇ ਸ਼ੁੱਧ ਵਾਤਾਵਰਨ ਨੇ ਆਪਣੇ ਵੱਲ ਆਕਰਸ਼ਿਤ ਕੀਤਾ। ਪਿੰਡ ਕਾਂਗੜ ਦਾ ਸਾਫ਼- ਸੁਥਰਾ ਵਾਤਾਵਰਨ ਉਸ ਦੇ ਦਿਲ ਨੂੰ ਮੋਹ ਗਿਆ ਤੇ ਉਸ ਦੀ ਆਤਮਾ ਨੂੰ ਸਕੂਨ ਮਿਲਿਆ । ਇੱਥੇ ਆ ਕੇ ਉਸ ਨੇ ਬਾਬੇ ਨਾਨਕ ਦੇ ਸਿਧਾਂਤ ’ਤੇ ਚੱਲਦਿਆਂ ਕਿਰਤ ਕਰਨ ’ਚ ਵਿਸ਼ਵਾਸ ਰੱਖਦਿਆਂ ਜੈਵਿਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕੀਤੀ ਸੀ। ਉਸ ਨੂੰ 1991 ’ਚ 6 ਮਹੀਨੇ ਦਾ ਵੀਜ਼ਾ ਮਿਲਿਆ। ਉਸ ਨੇ ਸਭ ਤੋਂ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ ਤੇ ਫਿਰ ਪੰਜਾਬ ਦੇ ਵੱਖ- ਵੱਖ ਗੁਰਧਾਮਾਂ ਦੇ ਦਰਸ਼ਨ ਕੀਤੇ।

ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ ਫਰਾਂਸ ’ਚ ਹੋਇਆ। ਸਕੂਲ ਸਮੇਂ ਤੋਂ ਹੀ ਉਸ ਨੂੰ ਪੜ੍ਹਾਈ ਦੇ ਨਾਲ- ਨਾਲ ਖੇਤੀਬਾੜੀ ਦਾ ਸ਼ੌਕ ਸੀ। ਉਸ ਨੇ 1976 ’ਚ ਦੱਖਣੀ ਅਫਰੀਕਾ, ਸਵਿਟਜ਼ਰਲੈਂਡ, ਤੁਰਕੀ, ਇਰਾਨ ਤੇ ਅਫ਼ਗਾਨਿਸਤਾਨ ਤਕ ਸਾਈਕਲ ’ਤੇ ਯਾਤਰਾ ਕੀਤੀ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਉਸ ਨੇ ਸਾਰਾ ਭਾਰਤ ਦੇਖਿਆ। ਉਸ ਦਾ ਪਹਿਲਾਂ ਨਾਂ ਮਿਸ਼ਲ ਸੀ। ਉਹ ਮਾਈਕਲ ਈਸਾਈ ਪਰਿਵਾਰ ’ਚ ਜਨਮਿਆ। ਉਹ ਜਦੋਂ ਸ੍ਰੀ ਆਨੰਦਪੁਰ ਸਾਹਿਬ ਆਇਆ ਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ 1991 ’ਚ ਅੰਮ੍ਰਿਤਪਾਨ ਕੀਤਾ। ਉਹ ਦੱਸਦਾ ਹੈ ਕਿ ਇੱਥੋਂ ਉਸ ਦਾ ਨਵਾਂ ਜਨਮ ਹੋਇਆ ਤੇ ਗੁਰੂ ਦੀ ਹਜ਼ੂਰੀ ’ਚ ਉਸ ਦਾ ਨਾਂ ਦਰਸ਼ਨ ਸਿੰਘ ਰੱਖਿਆ ਗਿਆ।

1980 ’ਚ ਉਹ ਸੇਵਾ ਗ੍ਰਾਮ ਆਸ਼ਰਮ (ਗਾਂਧੀ ਜੀ ਆਸ਼ਰਮ) ਗੁਜਰਾਤ ਗਿਆ, ਜਿੱਥੇ ਉਹ ਇਕ ਮਹੀਨਾ ਰਿਹਾ ਸੀ। ਇਸ ਦੌਰਾਨ ਉਸ ਨੇ ਇੱਥੇ ਦੇ ਲੋਕਾਂ ਨੂੰ ਪਹਿਲੀ ਵਾਰ ਕੁਦਰਤੀ ਖੇਤੀ ਕਰਦਿਆਂ ਦੇਖਿਆ। ਉਸ ਦਾ ਮੰਨਣਾ ਹੈ ਕਿ ਅਸਲੀ ਖੇਤੀ ਤਾਂ ਕੁਦਰਤੀ ਖੇਤੀ ਹੀ ਹੈ ਕਿਉਂਕਿ ਕੁਦਰਤ ਦੇ ਨਾਲ ਕੰਮ ਕਰਨਾ ਅਸਲੀ ਆਨੰਦ ਹੈ। ਇਸ ਲਈ ਉਸ ਨੇ ਕੁਦਰਤੀ ਖੇਤੀ ਨੂੰ ਹੀ ਅਪਣਾਇਆ। ਉਸ ਨੇ ਆਪਣੇ ਫਾਰਮ ਦਾ ਨਾਂ ਰਜ਼ਾ ਫਾਰਮ ਰੱਖਿਆ ਪਰ ਇਲਾਕੇ ਦੇ ਲੋਕ ਇਸ ਨੂੰ ਅੰਗਰੇਜ਼ ਦਾ ਫਾਰਮ ਜਾਂ ਗੋਰੇ ਦਾ ਫਾਰਮ ਆਖਦੇ ਹਨ।

ਰਸਾਇਣਾਂ ਨਾਲ ਬਣੀ ਕੈਂਸਰ ਵਾਲੀ ਧਰਤੀ

ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਜ਼ਹਿਰਾਂ ਤੇ ਰਸਾਇਣਕ ਖਾਦਾਂ ਦੀ ਵਰਤੋਂ ਕਰ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਕੈਂਸਰ ਕਰ ਦਿੱਤਾ ਹੈ। ਪੰਜਾਬ ਦਾ ਕਿਸਾਨ ਥੋੜ੍ਹੇ ਜਿਹੇ ਲਾਲਚ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਖ਼ਤਮ ਕਰਨ ’ਤੇ ਲੱਗਿਆ ਹੋਇਆ ਹੈ, ਜਿਸ ਨਾਲ ਇੱਥੇ ਪੈਦਾ ਹੋਣ ਵਾਲੀ ਹਰ ਚੀਜ਼ ਜ਼ਹਿਰੀ ਪੈਦਾ ਹੋ ਰਹੀ ਹੈ। ਇਹ ਹੀ ਕਾਰਨ ਕਿ ਫ਼ਸਲਾਂ ਦੀ ਵੱਧ ਪੈਦਾਵਾਰ ਲੈਣ ਲਈ ਕਿਸਾਨ ਅੰਨੇ੍ਹਵਾਹ ਜ਼ਹਿਰਾਂ ਤੇ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਲੱਗ ਗਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਉਸ ਨੇ ਦੱਸਿਆ ਕਿ ਪੁਰਾਣੇ ਸਮੇਂ ’ਚ ਪੰਜਾਬ ਦੇ ਕਿਸਾਨ ਸਿਰਫ਼ ਤੇ ਸਿਰਫ਼ ਲੂਣ ਬਾਹਰੋਂ ਲੈਂਦੇ ਸਨ। ਬਾਕੀ ਸਭ ਕੁਝ ਉਹ ਆਪ ਸ਼ੁੱਧ ਤੇ ਸਾਫ਼- ਸੁਥਰਾ ਪੈਦਾ ਕਰਦੇ ਸਨ। ਉਸ ਵਕਤ ਪੈਦਾਵਾਰ ਤਾਂ ਘੱਟ ਸੀ ਪਰ ਉਹ ਫ਼ਸਲ ਜ਼ਹਿਰੀ ਨਹੀਂ ਸੀ।

ਦਰਸ਼ਨ ਸਿੰਘ ਆਪਣੀ ਵਰਤੋਂ ਵਾਲੀਆਂ ਚੀਜ਼ਾਂ ਆਪਣੇ ਖੇਤਾਂ ’ਚ ਉਗਾਉਂਦਾ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਸਮੇਂ ਨੂੰ ਅਜਾਈਂ ਬਰਬਾਦ ਕਰਦੀ ਰਹਿੰਦੀ ਹੈ। ਜਿਹੜਾ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ, ਉਹ ਜ਼ਿੰਦਗੀ ਦੀ ਦੌੜ ’ਚ ਬਹੁਤ ਪਿੱਛੇ ਰਹਿ ਜਾਂਦਾ ਹੈ। ਜਿਹੜਾ ਇਨਸਾਨ ਸਮੇਂ ਨੂੰ ਅਜਾਈਂ ਨਹੀਂ ਗੁਆਉਂਦਾ, ਉਸ ਨੂੰ ਹਰ ਖੇਤਰ ’ਚ ਸਫਲਤਾ ਪ੍ਰਾਪਤ ਹੁੰਦੀ ਹੈ। ਉਹ ਵਿਅਕਤੀ ਠੀਕ ਸਮੇਂ ’ਤੇ ਹਰ ਕੰਮ ਕਰਦਾ ਹੈ, ਜਿਸ ਕਰਕੇ ਉਸ ਦੇ ਸਿਰ ’ਤੇ ਵਾਧੂ ਦਾ ਬੋਝ ਨਹੀਂ ਰਹਿੰਦਾ। ਉਸ ਦਾ ਕਹਿਣਾ ਹੈ ਕਿ ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਇਕਰਾਰ ਦਾ ਪੱਕਾ ਰਹਿੰਦਾ ਹੈ, ਜਿਸ ਕਾਰਨ ਉਹ ਝੂਠ ਵੀ ਨਹੀਂ ਬੋਲਦਾ। ਸੱਚ ਬੋਲਣ ਦਾ ਗੁਣ ਵੀ ਉਸ ’ਚ ਆਪਣੇ ਆਪ ਸ਼ਾਮਲ ਹੋ ਜਾਂਦਾ ਹੈ । ਇਸ ਤਰ੍ਹਾਂ ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਹਰ ਖੇਤਰ ’ਚ ਆਪਣੀ ਕਦਰ ਕਰਵਾਉਂਦਾ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬੀ ਨੌਜਵਾਨ ਆਪਣਾ ਸਮਾਂ ਮੋਬਾਈਲ ਚਲਾ ਕੇ, ਵਿਹਲੇ ਫਿਰ ਕੇ ਤੇ ਨਸ਼ੇ ਕਰਕੇ ਗੁਆਈ ਜਾਂਦੇ ਹਨ।

ਕੁਦਰਤ ਨਾਲ ਪਿਆਰ

ਪੰਜਾਬ ਦੀ ਧਰਤੀ ਨਾਲ ਦਿਲੋਂ ਪਿਆਰ ਕਰਨ ਵਾਲੇ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਅੰਗਰੇਜ਼ ਕੁਦਰਤ ਨਾਲ ਬਹੁਤ ਹੀ ਪਿਆਰ ਕਰਦੇ ਹਨ। ਜੇ ਅਸੀਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਸਾਨੂੰ ਉਸ ਦਾ ਖਮਿਆਜ਼ਾ ਭੁਗਤਣਾ ਹੀ ਪਵੇਗਾ ਕਿਉਂਕਿ ਪੰਜਾਬ ਦੀ ਧਰਤੀ ’ਚ ਖਾਦਾਂ ਦਾ ਪ੍ਰਯੋਗ ਕਰਨ ਨਾਲ ਦੁਰਲੱਭ ਗੰਡੋਏ ਦੀਆਂ ਪ੍ਰਜਾਤੀਆਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਗੰਡੋਏ ਧਰਤੀ ਦੀ ਪੈਦਾਵਾਰ ਵਧਾਉਣ ’ਚ ਅਹਿਮ ਰੋਲ ਅਦਾ ਕਰਦੇ ਹਨ। ਉਸ ਦੇ ਦੱਸਣ ਮੁਤਾਬਿਕ ਹਰ ਬੂਟੇ ਦਾ ਇਨਸਾਨੀ ਜ਼ਿੰਦਗੀ ’ਚ ਅਹਿਮ ਰੋਲ ਹੁੰਦਾ ਹੈ। ਕਈ ਜੜ੍ਹੀਆਂ-ਬੂਟੀਆਂ ਕਈ ਭਿਆਨਕ ਰੋਗਾਂ ਨੂੰ ਠੀਕ ਕਰਨ ’ਚ ਸਮਰੱਥ ਹਨ, ਜਿਸ ਦਾ ਆਧੁਨਿਕਤਾ ਦੇ ਯੁੱਗ ’ਚ ਕੋਈ ਇਲਾਜ ਨਹੀਂ। ਉਸ ਨੇ ਆਪਣੇ ਚੌਗਿਰਦੇ ’ਚ ਆਲੂ, ਕਣਕ, ਝੋਨਾ, ਅੰਬ, ਆੜੂ, ਔਲੇ, ਹਲਦੀ, ਸੁੰਢ, ਮਿਰਚਾਂ, ਗੰਨਾ, ਸਦਾਬਹਾਰ ਨਿੰਬੂ, ਕਟਹਲ, ਨਿੰਬੂ ਬੂਟੀ ਤੇ ਵੱਖ- ਵੱਖ ਤਰ੍ਹਾਂ ਦੇ ਬੂਟੇ ਲਾਏ ਹੋਏ ਹਨ। ਉਸ ਨੇ ਕਿਹਾ ਕਿ ਉਹ ਕਦੇ ਵੀ ਬੂਟਿਆਂ ਨੂੰ ਨਹੀਂ ਕੱਟਦੇ। ਉਹ ਜੰਗਲੀ ਜੀਵਾਂ ਨੂੰ ਬਹੁਤ ਪਿਆਰ ਕਰਦਾ ਹੈ। ਉਹ ਸੱਪਾਂ ਨੂੰ ਕਦੇ ਨਹੀਂ ਮਾਰਦਾ ਕਿਉਂਕਿ ਉਸ ਦਾ ਇਹ ਮੰਨਣਾ ਹੈ ਕਿ ਇਹ ਕਿਸਾਨ ਦੇ ਦੁਸ਼ਮਣ ਨਹੀਂ ਸਗੋਂ ਕਿਸਾਨ ਦੇ ਦੋਸਤ ਹਨ।

ਪੈਦਾ ਕਰਨੇ ਚਾਹੀਦੇ ਨੇ ਦੇਸੀ ਬੀਜ

ਦਰਸ਼ਨ ਸਿੰਘ ਨੇ ਦੱਸਿਆ ਕਿ ਜੇ ਪੰਜਾਬ ਦੇ ਕਿਸਾਨ ਆਪਣਾ ਪੁਰਾਣਾ ਵਿਰਸਾ ਸਾਂਭ ਲੈਣ ਤਾਂ ਕਿਸੇ ਵੀ ਹਾਈਬਿ੍ਰਡ ਬੀਜ ਦੀ ਜ਼ਰੂਰਤ ਨਹੀਂ ਹੋਵੇਗੀ। ਪਹਿਲਾਂ ਕਿਸਾਨ ਆਪਣਾ ਬੀਜ ਖ਼ੁਦ ਤਿਆਰ ਕਰ ਲੈਂਦਾ ਸੀ। ਹੁਣ ਪੰਜਾਬ ਦਾ ਕਿਸਾਨ ਆਪਣੇ ਹੱਥੀਂ ਕੰਮ ਨਹੀਂ ਕਰਦਾ ਤੇ ਉਹ ਦੂਜੇ ਦੇ ਹੱਥਾਂ ਵੱਲ ਤੱਕਦਾ ਰਹਿੰਦਾ ਹੈ । ਪੰਜਾਬ ’ਚ ਪੰਜਾਬੀ ਹੁਣ ਜੋ ਖਾਣਾ ਖਾ ਰਹੇ ਹਨ, ਉਹ ਜ਼ਹਿਰੀਲਾ ਹੋ ਚੁੱਕਿਆ ਹੈ ਕਿਉਂਕਿ ਅੱਜਕੱਲ੍ਹ ਜੋ ਵੀ ਅਸੀਂ ਉਗਾ ਰਹੇ ਹਾਂ, ਉਹ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਕਰਨ ਨਾਲ ਜ਼ਹਿਰੀਲਾ ਹੋ ਚੁੱਕਿਆ ਹੈ । ਪੰਜਾਬੀਆਂ ਦਾ ਖਾਣਾ ਤਾਂ ਸਾਤਵਿਕ ਹੈ । ਪੰਜਾਬ ਦੀ ਅਸਲੀ ਖ਼ੁਰਾਕ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਹੈ, ਜੋ ਦੁਨੀਆ ਭਰ ’ਚ ਮਸ਼ਹੂਰ ਹੈ। ਇਸ ਦਾ ਦੁਨੀਆ ’ਚ ਕੋਈ ਮੇਲ ਨਹੀਂ।

ਮਿਲਣਾ ਚਾਹੀਦੈ ਫ਼ਸਲ ਦਾ ਸਹੀ ਮੁੱਲ

ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਜੇ ਸਰਕਾਰਾਂ ਘੱਟੋ-ਘੱਟ ਸਮਰਥਨ ਮੁੱਲ ਯਾਨੀ ਐੱਮਐੱਸਪੀ ਨਹੀਂ ਦਿੰਦੀਆਂ ਤਾਂ ਖੇਤੀਬਾੜੀ ਘਾਟੇ ਵਾਲਾ ਕੰਮ ਹੋ ਜਾਵੇਗਾ। ਜੇ ਕਿਸਾਨ ਨੂੰ ਆਪਣੀ ਫ਼ਸਲ ਦਾ ਸਹੀ ਮੁੱਲ ਨਹੀਂ ਮਿਲੇਗਾ ਤਾਂ ਦੇਸ਼ ਦੇ ਕਿਸਾਨਾਂ ਦਾ ਕਿਵੇਂ ਕੰਮ ਚੱਲੇਗਾ? ਖੇਤੀ ਕਰਨ ’ਚ ਕਿਸਾਨ ਦੀ ਜੋ ਲਾਗਤ ਲੱਗ ਰਹੀ ਹੈ, ਉਸ ਨੂੰ ਹੁਣ ਉਹ ਵੀ ਨਹੀਂ ਮਿਲ ਰਹੀ। ਇਸ ਕਾਰਨ ਕਿਸਾਨਾਂ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਕਿਸਾਨ ਦੀਆਂ ਜ਼ਮੀਨਾਂ ਵਿਕ ਰਹੀਆਂ ਹਨ। ਜੇ ਕਿਸਾਨ ਅਨਾਜ ਉਗਾਵੇਗਾ ਨਹੀਂ ਤਾਂ ਜਨਤਾ ਕਿੱਥੋਂ ਖਾਵੇਗੀ ? ਜੇ ਕਿਸਾਨ ਘਾਟੇ ’ਚ ਕੰਮ ਕਰਦਾ ਰਹੇਗਾ ਤਾਂ ਇਕ ਦਿਨ ਪੰਜਾਬ ਦਾ ਕਿਸਾਨ ਖੇਤੀ ਕਰਨਾ ਛੱਡ ਦੇਵੇਗਾ। ਕਿਸਾਨ ਲੋਕਾਂ ਦਾ ਢਿੱਡ ਭਰ ਕੇ ਦੇਸ਼ ਦੀ ਸੇਵਾ ’ਚ ਵੀ ਅਹਿਮ ਰੋਲ ਅਦਾ ਕਰਦਾ ਹੈ, ਜਿਸ ਕਾਰਨ ਉਸ ਨੂੰ ਅੰਨ ਦਾਤਾ ਕਿਹਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਉਹ ਆਪਣੇ ਧੀਆਂ-ਪੁੱਤ ਦੇਸ਼ ਦੀ ਰਾਖੀ ਲਈ ਸਰਹੱਦਾਂ ’ਤੇ ਭੇਜਦਾ ਹੈ, ਇਸ ਲਈ ਉਸ ਨੂੰ ਅੰਨ ਦਾਤਾ ਕਿਹਾ ਜਾਦਾ ਹੈ।

ਦੁੱਧ ਲਈ ਪਾਲੀਆਂ ਗਊਆਂ

ਦਰਸ਼ਨ ਸਿੰਘ ਨੇ ਦੇਸੀ ਨਸਲ ਦੀਆਂ ਗਊਆਂ ਰੱਖੀਆਂ ਹੋਈਆਂ ਹਨ। ਇਨ੍ਹਾਂ ਨੂੰ ਉਹ ਬੰਨ੍ਹ ਕੇ ਨਹੀਂ ਰੱਖਦਾ ਸਗੋਂ ਉਨ੍ਹਾਂ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਜਿਵੇਂ ਉਹ ਆਜ਼ਾਦ ਘੁੰਮ ਰਹੀਆਂ ਹੋਣ।

ਖੇਤ ਤਿਆਰ ਕਰਨ ਲਈ ਕੀਤੀ ਸਖ਼ਤ ਮਿਹਨਤ

ਦਰਸ਼ਨ ਸਿੰਘ ਨੇ ਦੱਸਿਆ ਕਿ ਇੱਥੋਂ ਦੀ ਧਰਤੀ ਰੇਤਲੀ ਹੈ, ਇਸ ਲਈ ਉਸ ਨੇ ਇਨ੍ਹਾਂ ਖੇਤਾਂ ਨੂੰ ਖੇਤੀ ਲਈ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ। ਇੱਥੋਂ ਦੀ ਜ਼ਮੀਨ ਨੂੰ ਖੇਤ ਲਈ ਤਿਆਰ ਕਰਨ ਦਾ ਪਹਿਲਾ ਪੜਾਅ ਸੀ ਪਹਾੜ ’ਚੋਂ ਚੀਕਣੀ ਮਿੱਟੀ ਲਿਆ ਕੇ ਇਨ੍ਹਾਂ ਖੇਤਾਂ ’ਚ ਤਰਤੀਬਵੱਧ ਵਿਛਾਉਣਾ। ਬਾਅਦ ’ਚ ਗੰਡੋਇਆਂ ਵੱਲੋਂ ਤਿਆਰ ਕੀਤੀ ਖਾਦ ਖੇਤਾਂ ’ਚ ਪਾਈ। ਉਸ ਨੇ ਦੱਸਿਆ ਕਿ ਉਹ ਕਦੇ ਵੀ ਰਸਾਇਣਕ ਖਾਦਾਂ ਦੀ ਵਰਤੋਂ ਨਹੀਂ ਕਰਦਾ। ਕਿਸੇ ਵੀ ਫ਼ਸਲ ਨੂੰ ਜੇ ਕੋਈ ਬਿਮਾਰੀ ਲੱਗਦੀ ਹੈ ਤਾਂ ਫ਼ਸਲ ਦਾ ਪੁਰਾਣੇ ਤਰੀਕਿਆਂ ਨਾਲ ਹੀ ਇਲਾਜ ਕਰਦਾ ਹੈ। ਇਸ ਲਈ ਉਹ ਕੁਦਰਤੀ ਚੀਜ਼ਾਂ ਜਿਵੇਂ ਗਊ ਮੂਤਰ, ਨਿੰਮ ਦੇ ਪੱਤਿਆਂ ਤੋਂ ਤਿਆਰ ਕੀਤੀ ਖਾਦ ਵਰਤੋਂ ’ਚ ਲਿਆਉਂਦਾ ਹੈ। ਉਸ ਨੇ ਦੱਸਿਆ ਕਿ ਜੇ ਪੰਜਾਬ ਦੇ ਕਿਸਾਨ ਵੀਰ ਆਪ ਬੀਜ ਤਿਆਰ ਕਰਨ ਤਾਂ ਹਾਈਬਿ੍ਰਡ ਬੀਜਾਂ ਦੀ ਮੰਗ ਆਪਣੇ ਆਪ ਖ਼ਤਮ ਹੋ ਜਾਵੇਗੀ ਕਿਉਂਕਿ ਹਾਈਬਿ੍ਰਡ ਬੀਜ ਇਕ ਵਾਰ ਹੀ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। ਇਸ ਨਾਲ ਕਿਸਾਨ ਦਾ ਹਾਈਬਿ੍ਰਡ ਬੀਜ ਖ਼ਰੀਦਣ ’ਤੇ ਲੱਗਣ ਵਾਲਾ ਪੈਸਾ ਬਚ ਜਾਵੇਗਾ ਤੇ ਫ਼ਸਲ ਵੀ ਜ਼ਹਿਰ ਰਹਿਤ ਤੇ ਪੌਸ਼ਟਿਕ ਹੋਵੇਗੀ।

ਚੱਲਣਾ ਚਾਹੀਦੈ ਕੁਦਰਤ ਅਨੁਸਾਰ

ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ’ਦੇ ਮਹਾਵਾਕ ਅਨੁਸਾਰ ਸਾਨੂੰ ਇਨ੍ਹਾਂ ਤਿੰਨਾਂ ਚੀਜ਼ਾਂ ਦੀ ਖ਼ਾਸ ਸਾਂਭ-ਸੰਭਾਲ ਕਰਨੀ ਚਾਹਦੀ ਹੈ। ਕੁਦਰਤੀ ਖੇਤੀ ਨਾਲ ਜ਼ਿੰਦਗੀ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ। ਸਾਨੂੰ ਕੁਦਰਤ ਨਾਲ ਚੱਲਣਾ ਪਵੇਗਾ । ਪੰਜਾਬ ਦਾ ਖਾਣਾ ਚੌਲ ਨਹੀਂ ਪਰ ਅਸੀਂ ਝੋਨੇ ਲਈ ਪੰਜਾਬ ਦੇ ਪਾਣੀ ਦੀ ਅੰਨੇ੍ਹਵਾਹ ਦੁਰਵਰਤੋਂ ਕਰਨ ਲੱਗੇ ਹਾਂ। ਜੇ ਅਸੀਂ ਧਰਤੀ ਦੇ ਪਾਣੀ ਦੀ ਇਸੇ ਤਰ੍ਹਾਂ ਵਰਤੋਂ ਕਰਦੇ ਰਹਾਂਗੇ ਤਾਂ ਪੰਜਾਬ ’ਚ ਜੀਵਨ ਖ਼ਤਮ ਹੋ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਵੀ 18 ਸਾਲ ਖੇਤੀਬਾੜੀ ਦਾ ਕੰਮ ਕੀਤਾ ਸੀ। ਪਹਿਲਾਂ ਦੇਸੀ ਬੀਜ ਹੁੰਦੇ ਸਨ, ਜਿਨ੍ਹਾਂ ’ਚ ਪਾਣੀ ਦੀ ਵਰਤੋਂ ਘੱਟ ਹੁੰਦੀ ਸੀ।

ਕੁਦਰਤ ਤੋਂ ਲੈਣੀ ਪਵੇਗੀ ਸਿੱਖਿਆ

ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਕੁਦਰਤ ਤੋਂ ਸਿੱਖਣਾ ਪਵੇਗਾ। ਕੁਦਰਤ ਬਹੁਤ ਮਹਾਨ ਹੈ। ਜੇ ਅਸੀਂ ਕੁਦਰਤ ਦੇ ਵਿਰੁੱਧ ਕੰਮ ਕਰਦੇ ਹਾਂ ਤਾਂ ਉਸ ਦਾ ਖਮਿਆਜ਼ਾ ਵੀ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੁਦਰਤ ਤੋਂ ਸਿੱਖਣਾ ਪਵੇਗਾ। ਅੱਜ ਦਾ ਮੌਸਮ ਪਹਿਲਾਂ ਵਾਲਾ ਨਹੀਂ ਰਿਹਾ। ਹੁਣ ਸਮੇਂ ਸਿਰ ਮੀਂਹ ਨਹੀਂ ਪੈਂਦਾ, ਜਿਸ ਕਾਰਨ ਖੇਤੀਬਾੜੀ ’ਤੇ ਕਾਫ਼ੀ ਪ੍ਰਭਾਵ ਪੈਂਦਾ ਹੈ ਕਿਉਂਕਿ ਅੱਜ ਦਾ ਇਨਸਾਨ ਕੁਦਰਤ ਨਾਲ ਛੇੜਛਾੜ ਲਗਾਤਾਰ ਕਰਦਾ ਜਾ ਰਿਹਾ ਹੈ। ਅਸੀਂ ਪੌਦਿਆਂ ਨੂੰ ਲਗਾਤਾਰ ਕੱਟਦੇ ਜਾ ਰਹੇ ਹਾਂ, ਜਿਸ ਕਾਰਨ ਜੰਗਲ ਖ਼ਤਮ ਹੁੰਦੇ ਜਾ ਰਹੇ ਹਨ ਪਰ ਅਸੀਂ ਅਜੇ ਵੀ ਇਸ ਦੀ ਪਰਵਾਹ ਨਹੀਂ ਕਰ ਰਹੇ। ਅੱਜ ਦੇ ਨੌਜਵਾਨਾਂ ਨੇ ਆਪਣੇ ਪੁਰਖਾਂ ਦੇ ਤਜਰਬਿਆਂ ਤੋਂ ਕੁਝ ਸਿੱਖਿਆ ਨਹੀਂ। ਕਿਸਾਨ ਹੁਣ ਕਣਕ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਮਗਰ ਹੀ ਲੱਗੇ ਹੋਏ ਹਨ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਕਿਸਾਨਾਂ ਨੂੰ ਸਮੇਂ- ਸਮੇਂ ’ਤੇ ਦਾਲਾਂ ਤੇ ਹੋਰ ਫ਼ਸਲਾਂ ਨੂੰ ਉਗਾਉਣਾ ਚਾਹੀਦਾ ਹੈ, ਜਿਸ ਨਾਲ ਧਰਤੀ ਨੂੰ ਨਾਈਟ੍ਰੋਜਨ ਤੇ ਹੋਰ ਤੱਤ ਕੁਦਰਤੀ ਰੂਪ ’ਚ ਮਿਲ ਜਾਦੇ ਹਨ। ਕਿਸਾਨਾਂ ਨੂੰ ਹੋਰ ਕੁਝ ਪਾਉਣ ਦੀ ਜ਼ਰੂਰਤ ਹੀ ਨਹੀਂ। ਉੁਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਭੇਜਣ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ । ਉਸ ਦਾ ਕਹਿਣਾ ਹੈ ਕਿ ਪੰਜਾਬ ’ਚ ਕੰਮ ਦੀ ਕੋਈ ਕਮੀ ਨਹੀਂ ਜੇ ਕੰਮ ਕਰਨਾ ਹੈ। ਜੇ ਕੰਮ ਕਰਨਾ ਨਹੀਂ ਤਾਂ ਵਿਦੇਸ਼ਾਂ ’ਚ ਉਹ ਕਾਮਯਾਬ ਨਹੀਂ ਹੋਣਗੇ। ਵਿਦੇਸ਼ ਜਾਣ ਲਈ ਨੌਜਵਾਨ ਜਾਂ ਉਨ੍ਹਾਂ ਦੇ ਮਾਪੇ ਕੀ ਕੁਝ ਨਹੀਂ ਕਰਦੇ। ਕਿੰਨੇ ਪੈਸੇ ਖ਼ਰਚ ਕੇ ਉਹ ਆਪਣੀਆਂ ਜ਼ਮੀਨਾਂ ਤਕ ਵੇਚ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਨੌਜਵਾਨ ਵਿਦੇਸ਼ ਨੂੰ ਜਾਣ ਲਈ ਸਹੀ ਤਰੀਕੇ ਨਾਲ ਵੀਜ਼ੇ ਵੀ ਨਹੀਂ ਲੈਂਦੇ ਜਿਸ ਕਾਰਨ ਉਹ ਵਿਦੇਸ਼ਾਂ ’ਚ ਧੱਕੇ ਖਾਣ ਨੂੰ ਮਜਬੂਰ ਹੋ ਜਾਂਦੇ ਹਨ। ਜਿੰਨੇ ਪੈਸੇ ਉਹ ਵਿਦੇਸ਼ ਜਾਣ ਨੂੰ ਖ਼ਰਚ ਕਰਦੇ ਹਨ, ਉਸ ਤੋਂ ਘੱਟ ਪੈਸਿਆਂ ’ਚ ਇੱਥੇ ਆਪਣੇ ਦੇਸ਼ ’ਚ ਰਹਿ ਕੇ ਚੰਗਾ ਕੰਮ ਕਰ ਸਕਦੇ ਹਨ। ਇੱਥੇ ਰਹਿ ਕੇ ਮਿਹਨਤ ਕਰ ਕੇ ਜਿਆਦਾ ਚੰਗਾ ਜੀਵਨ ਬਤੀਤ ਹੋ ਸਕਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran