ਜਾਪਾਨੀ ਤਕਨੀਕ ਨਾਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਬਣੇਗਾ ਜੰਗਲੀ ਖੇਤਰ

June 05 2019

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅਤੇ ਇਸ ਦੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਜਾਪਾਨ ਦੀ ਮੀਆਵਾਕੀ ਤਕਨੀਕ ਅਪਣਾਉਣ ਦਾ ਫੈਸਲਾ ਲਿਆ ਹੈ। ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਕੀ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਨੇੜੇ ਥੋੜੀ ਜਿਹੀ ਥਾਂ ਵਿਚ ਹੀ ਸੰਘਣਾ ਜੰਗਲੀ ਖੇਤਰ ਵਿਕਸਤ ਕੀਤਾ ਜਾਵੇਗਾ। ਇਹ ਤਕਨੀਕ ਅਪਣਾਉਣ ਵਾਲਾ ਮੁਹਾਲੀ ਪੰਜਾਬ ਭਰ ’ਚੋਂ ਪਹਿਲਾ ਜ਼ਿਲ੍ਹਾ ਹੈ।

ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਈਕੋ ਸਿੱਖ ਸੰਸਥਾ ਨਾਲ ਮਿਲ ਕੇ ਇਹ ਉੱਦਮ ਚੁੱਕਿਆ ਹੈ। ਇਸ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਲੇ ਦੁਆਲੇ ਖਾਲੀ ਪਈ ਥਾਂ ਵਿਚ 550 ਬੂਟੇ ਲਗਾ ਕੇ ਸੰਘਣਾ ਜੰਗਲ-ਨੁਮਾ ਖੇਤਰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਜਾਪਾਨ ਦੀ ਤਕਨੀਕ ਹੈ, ਜਿਸ ਤਹਿਤ ਸਬੰਧਤ ਖੇਤਰ ਵਿੱਚ ਹੋਣ ਵਾਲੇ ਪੌਦੇ ਹੀ ਉੱਥੇ ਲਗਾਏ ਜਾਂਦੇ ਹਨ ਤਾਂ ਕਿ ਇਨ੍ਹਾਂ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ।

ਜ਼ਿਲ੍ਹਾ ਜੰਗਲਾਤ ਅਫ਼ਸਰ (ਡੀਐਫ਼ਓ) ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਤਕਨੀਕ ਸ਼ਹਿਰੀ ਖੇਤਰ ਵਿਚ ਥੋੜੀ ਥਾਂ ਲਈ ਬੇਹੱਦ ਕਾਰਗਰ ਹੈ, ਜਿਸ ਨਾਲ ਜਿੱਥੇ ਜੈਵਿਕ ਵਿਭਿੰਨਤਾ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ, ਉੱਥੇ ਪੌਦਿਆਂ ਦੇ ਵਿਕਸਤ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ।

ਈਕੋ ਸਿੱਖ ਸੰਸਥਾ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਦੋ ਥਾਵਾਂ ’ਤੇ ਤਿੰਨ ਫੁੱਟ ਡੂੰਘੀ ਖੁਦਾਈ ਕੀਤੀ ਜਾਂਦੀ ਹੈ। ਇਸ ਨੂੰ ਬਾਅਦ ਵਿਚ ਤੂੜੀ, ਪਰਾਲੀ ਅਤੇ ਖਾਦ ਦਾ ਮਿਕਸਚਰ ਤਿਆਰ ਕਰ ਕੇ ਭਰਿਆ ਜਾਂਦਾ ਹੈ। ਮਗਰੋਂ ਉਸ ਥਾਂ ਵਿਚ ਪੌਦੇ ਲਾਏ ਜਾਂਦੇ ਹਨ। ਇਸ ਤਕਨੀਕ ਨਾਲ ਪੌਦਿਆਂ ਦੀਆਂ ਜੜ੍ਹਾਂ ਵਿਚ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਉਨ੍ਹਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਇੰਨੀ ਕਾਰਗਰ ਹੈ ਕਿ ਪੌਦਿਆਂ ਨੂੰ ਸਾਲ ਜਾਂ ਡੇਢ ਸਾਲ ਲਈ ਪਾਣੀ ਦੇਣ ਦੀ ਲੋੜ ਪੈਂਦੀ ਹੈ, ਇਸ ਤੋਂ ਬਾਅਦ ਪੌਦਿਆਂ ਨੂੰ ਪਾਣੀ ਦੀ ਲੋੜ ਹੇਠਾਂ ਬਣਾਏ ਮਿਕਸਚਰ ਵਿੱਚ ਖੜ੍ਹੇ ਪਾਣੀ ਨਾਲ ਹੀ ਪੂਰੀ ਹੁੰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਢੱਕ, ਅਰਜੁਨ, ਕਿੱਕਰ, ਬਹੇੜਾ ਜ਼ਾਮਨ, ਦੇਸੀ ਅੰਬ, ਬਬੂਲ, ਨਿੰਮ, ਸਿੰਬਲ, ਮਹੂਆ ਤੇ ਸੁਹੰਜਣਾ ਵਰਗੇ 40 ਤਰ੍ਹਾਂ ਦੇ ਬੂਟੇ ਲਾਏ ਜਾਣਗੇ।

ਕੀ ਹੈ ਮੀਆਵਾਕੀ ਤਕਨੀਕ

ਇਹ ਤਕਨੀਕ ਜਾਪਾਨੀ ਬਨਸਪਤੀ ਵਿਗਿਆਨੀ ਅਕਿਰਾ ਮੀਆਵਾਕੀ ਨੇ ਸ਼ੁਰੂ ਕੀਤੀ, ਜਿਨ੍ਹਾਂ ਦੇ ਨਾਂ ’ਤੇ ਹੀ ਇਸ ਤਕਨੀਕ ਦਾ ਨਾਂ ਪਿਆ। ਇਸ ਤਕਨੀਕ ਵਿਚ ਥੋੜੀ ਥੋੜੀ ਥਾਂ ’ਤੇ ਦੋ ਟਿੱਲੇ ਬਣਾ ਕੇ ਸੰਘਣੇ ਬੂਟੇ ਲਗਾ ਕੇ ਜੰਗਲੀ ਖੇਤਰ ਤਿਆਰ ਕੀਤਾ ਜਾਂਦਾ ਹੈ। ਇਸ ਤਕਨੀਕ ਨਾਲ ਬੂਟੇ 10 ਗੁਣਾ ਤੇਜ਼ ਰਫ਼ਤਾਰ ਨਾਲ ਵਧਦੇ-ਫੁਲਦੇ ਹਨ ਅਤੇ ਆਮ ਜੰਗਲ ਨਾਲੋਂ ਇਹ ਬੂਟੇ 30 ਗੁਣਾ ਵੱਧ ਸੰਘਣੇ ਹੁੰਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ