ਜਲੰਧਰ ਚ ਕਣਕ ਦਾ 8000 ਕੁਇੰਟਲ ਤਸਦੀਕਸ਼ੁਦਾ ਬੀਜ ਸਬਸਿਡੀ ਤੇ ਕਿਸਾਨਾਂ ਨੂੰ ਦਿੱਤਾ ਜਾਵੇਗਾ

October 17 2022

ਬੀਜ ਕਿਸੇ ਫ਼ਸਲ ਦੀ ਕਾਮਯਾਬੀ ਦੀ ਕੜੀ ਹੈ। ਜਾਬ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਆਉਂਦੇ ਹਾੜੀ ਸੀਜ਼ਨ ਲਈ ਜ਼ਿਲ੍ਹਾ ਜਲੰਧਰ ਅਧੀਨ 8000 ਕੁਇੰਟਲ ਕਣਕ ਦਾ ਤਸਦੀਕਸ਼ੁਦਾ ਬੀਜ਼ ਕਿਸਾਨਾਂ ਨੂੰ ਬੀਜ਼ ਦੀ ਕੀਮਤ ਦਾ 50% ਜਾਂ

ਵੱਧ ਤੋਂ ਵੱਧ 1000 ਪ੍ਰਤੀ ਕੁਇੰਟਲ ਦੀ ਸਬਸਿਡੀ ਤੇ ਦਿੱਤਾ ਜਾਵੇਗਾ। ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਜਸਵੰਤ ਰਾਏ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਾਰ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਕਣਕ ਦਾ ਬੀਜ ਕਿਸਾਨ ਨੂੰ ਸਬਸਿਡੀ ਦੀ ਰਾਸ਼ੀ ਘਟਾ ਕੇ ਦਿੱਤਾ ਜਾਵੇਗਾ। ਕਿਸਾਨ ਕੋਲੋ ਸਬਸਿਡੀ ਘਟਾਉਣ ਉਪਰੰਤ ਉਸਦਾ ਬਣਦਾ ਹਿੱਸਾ ਹੀ ਲਿਆ ਜਾਵੇਗਾ।

ਡਾ.ਜਸਵੰਤ ਰਾਏ ਨੇ ਕਿਹਾ ਕਿ ਕਣਕ ਦਾ ਸਬਸਿਡੀ ਤੇ ਬੀਜ ਪ੍ਰਾਪਤ ਕਰਨ ਵਾਲੇ ਚਾਹਵਾਨ ਕਿਸਾਨ ਨਿਰਧਾਰਿਤ ਪ੍ਰੋਫਾਰਮੇ ਵਿੱਚ ਆਪਣਾ ਬਿਨੈ-ਪੱਤਰ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਪਾਸੋ ਤਸਦੀਕ ਕਰਵਾ ਕੇ ਮਿਤੀ 26 ਅਕਤੂਬਰ ਤੱਕ ਆਪਣੇ ਬਲਾਕ ਖੇਤੀਬਾੜੀ ਅਫ਼ਸਰ ਜਾਂ ਜ਼ਿਲ੍ਹਾ ਦਫ਼ਤਰ ਵਿਖੇ ਜਮਾ ਕਰਵਾਉਣਗੇ। ਉਪਰੰਤ ਵਿਭਾਗ ਕੋਲ ਪ੍ਰਾਪਤ ਅਰਜ਼ੀਆਂ ਦੇ ਆਧਾਰ ਤੇ ਸਰਕਾਰੀ ਗਾਇਡਲਾਇਨਜ਼ ਅਨੁਸਾਰ ਕਣਕ ਦੇ ਬੀਜ ਸਬਸਿਡੀ ਲਈ ਪਰਮਿਟ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਵੱਲੋਂ ਜਾਰੀ ਕੀਤਾ ਜਾਵੇਗਾ। ਡਾ.ਰਾਏ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪ੍ਰਤੀ ਕਿਸਾਨ ਵੱਧ ਤੋਂ ਵੱਧ 5 ਏਕੜ ਲਈ ਸਬਸਿਡੀ ਦਾ ਬੀਜ ਦਿੱਤਾ ਜਾਵੇਗਾ। ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਬੀਜ ਤੇ ਸਬਸਿਡੀ ਪਹਿਲ ਦੇ ਆਧਾਰ ਤੇ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਲਾਕ ਖੇਤੀਬਾੜੀ ਅਧਿਕਾਰੀ ਜਾਂ ਕਰਮਚਾਰੀ ਨਾਲ ਰਾਬਤਾ ਕਾਇਮ ਕਰਦੇ ਹੋਏ ਆਪਣਾ ਬਿਨੈਪੱਤਰ ਜਮਾਂ ਕਾਰਵਾਉਣ। ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਵਿਭਾਗ ਦੇ ਦਫ਼ਤਰ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ। ਡਾ.ਰਾਏ ਨੇ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕੀਤੀਆ ਕਿਸਮਾਂ ਜਿਵੇਂ ਉੱਨਤ,ਪੀ.ਬੀ.ਡਬਲਯੂ-343, ਉੱਨਤ ਪੀ.ਬੀ. ਡਬਲਯੂ-550, ਪੀ. ਬੀ. ਡਬਲਯੂ 660, ਪੀ. ਬੀ. ਡਬਲਯੂ 677, ਪੀ. ਬੀ. ਡਬਲਯੂ-725, ਪੀ. ਬੀ. ਡਬਲਯੂ-752, ਪੀ. ਬੀ. ਡਬਲਯੂ-757, ਪੀ. ਬੀ. ਡਬਲਯੂ-766, ਪੀ.ਬੀ. ਡਬਲਯੂ-771, ਪੀ.ਬੀ. ਡਬਲਯੂ-1 ਜਿੰਕ, ਐੱਚ. ਡੀ. 3086, ਐੱਚ. ਡੀ. 3226, ਡਬਲਯੂ.ਐੱਚ. 1105, ਡੀ.ਬੀ. ਡਬਲਯੂ-187, ਡੀ.ਬੀ.ਡਬਲਯੂ-222, ਡੀ.ਬੀ. ਡਬਲਯੂ-303 ਦਾ ਬੀਜ ਭਰੋਸੇ ਯੋਗ ਅਦਾਰੇ ਜਿਵੇਂ ਪਨਸੀਡ, ਐੱਨ.ਐੱਸ.ਸੀ., ਪੰਜਾਬ ਐਗਰੋ, ਇਫਕੋ, ਐੱਨ.ਐੱਫ.ਐੱਲ., ਕ੍ਰਿਭਕੋ, ਨੇਫੇਡ, ਖੇਤੀਬਾੜੀ ਵਿਭਾਗ ਜਾਂ ਵਿਭਾਗ ਪਾਸੋ ਲਾਇਸੈਂਸ ਹੋਲਡਰ ਬੀਜ ਵਿਕਰੇਤਾ ਪਾਸੋ ਪ੍ਰੀਦਣ।

ਡਾ. ਰਾਏ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਕਣਕ ਦੀ ਬੀਜਾਈ ਲਈ ਘਰ ਵਿੱਚ ਰੱਖੇ ਬੀਜ ਦੀ ਵਰਤੋਂ ਕਰਨ ਅਤੇ ਅਗਲੇ ਸਾਲ ਲਈ ਬੀਜ ਤਿਆਰ ਕਰਨ ਲਈ ਇਸ ਸੀਜ਼ਨ ਦੌਰਾਨ ਥੌੜੇ ਰਕਬੇ ਦਾ ਤਸਦੀਕਸ਼ੁਦਾ ਬੀਜ ਖ੍ਰੀਦਣ ਇਸ ਤਰਾਂ ਕਰਨ ਨਾਲ ਉਹ ਆਪਣੇ ਖੇਤੀ ਖ਼ਰਚੇ ਘਟਾਅ ਸਕਦੇ ਹਨ। ਕਿਸਾਨ ਘਰ ਵਿੱਚ ਰੱਖੇ ਬੀਜ ਦੀ ਉੱਗਣ ਸ਼ਕਤੀ ਖੇਤੀਬਾੜੀ ਵਿਭਾਗ ਦੀਆਂ ਬੀਜ ਪਰਖ ਪ੍ਰਯੋਗਸ਼ਾਲਾਵਾਂ ਪਾਸੋ ਅਗਾਓ ਚੈੱਕ ਕਰਵਾ ਸਕਦੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: jagbani