ਖੇਤੀ-ਮਾਹਿਰਾਂ ਨੇ ਪ੍ਰੈਸ ਕਰਮੀਆਂ ਨਾਲ ਚਿੱਟੀ ਮੱਖੀ ਸੰਬੰਧੀ ਮੌਜੂਦਾ ਸਥਿਤੀ ਸਾਂਝੀ ਕੀਤੀ

July 22 2017

ਲੁਧਿਆਣਾ: 22ਜੁਲਾਈ- ਨਰਮੇਂ ਵਿੱਚ ਕੀੜੇ –ਮਕੌੜੇ ਖਾਸ ਕਰ ਚਿੱਟੀ ਮੱਖੀ ਦੇ ਹਮਲੇ ਨੂੰ ਲੈ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਵਿਗਿਆਨੀਆਂ ਅਤੇ ਅਧਿਕਾਰੀਆਂ ਨੇ ਇੱਥੋ ਦੇ ਪੱਤਰਕਾਰਾਂ ਨਾਲ ਮੌਜੂਦਾ ਸਥਿਤੀ ਸਾਂਝੀ ਕੀਤੀ। ਇਸ ਮਿਲਣੀ ਦਾ ਮੁੱਖ ਮਕਸਦ ਨਰਮੇਂ ਦੇ ਕਾਸ਼ਤਕਾਰਾਂ ਤੱਕ ਲਗਾਤਾਰ ਸੰਬੰਧਿਤ ਜਾਣਕਾਰੀ ਪਹੁੰਚਾਉਂਦੇ ਰਹਿਣਾ ਹੈ ਕਿਉਂਕਿ ਪ੍ਰਿੰਟ ਮੀਡੀਆ, ਇਲੈਕਟਰੌਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਅਜਿਹੀ ਸੂਚਨਾ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਨਿਭਾਦੇ ਹਨ ਇਸ ਲਈ ਯੂਨੀਵਰਸਿਟੀ ਹਰ ਜ਼ੱਰੀਏ ਰਾਂਹੀ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਉਣ ਦਾ ਯਤਨ ਕਰਦੀ ਹੈ ।

ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ ਨਵਤੇਜ ਬੈਂਸ ਨੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਾਨੂੰ ਤਸੱਲੀ ਹੈ ਮੀਡੀਆ ਕਰਮੀਆਂ ਨੇ ਚਿੱਟੀ ਮੱਖੀ ਦੇ ਹਮਲੇ ਸਬੰਧੀ ਯੂਨੀਵਰਸਿਟੀ ਦੀਆਂ ਸੂਚਨਾਵਾਂ ਅਤੇ ਸ਼ਿਫਾਰਸ਼ਾਂ ਨੂੰ ਲਗਾਤਾਰ ਕਿਸਾਨਾਂ ਤੱਕ ਪਹੁੰਚਇਆ ਹੈ ਅਤੇ ਉਹਨਾਂ ਨੂੰ ਜਾਗਰੂਕ ਰੱਖਣ ਲਈ ਅਹਿਮ ਭਿਮਕਾ ਨਿਭਾਈ ਹੈ ।ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਲੇ ਤੱਕ ਚਿੱਟੀ ਮੱਖੀ ਦੇ ਹਮਲੇ ਪੱਖੋਂ ਸਥਿਤੀ ਕਾਬੂ ਵਿੱਚ ਹੈ ਪਰ ੩-੪ ਹਫਤੇ ਹਾਲੇ ਵੀ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ। ਪੀ.ਏ.ਯੂ ਦੇ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਨੇ ਚਿੱਟੀ ਮੱਖੀ ਅਤੇ ਹਰੇ ਤੇਲੇ ਵਿਚਲਾ ਫਰਕ, ਪਛਾਣ ਅਤੇ ਇਹਨਾਂ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ.ਵਿਜੇ ਕੁਮਾਰ ਨੇ ਕਿਹਾ ਕਿ ਅੱਜ-ਕੱਲ• ਦਾ ਮੌਸਮ ਚਿੱਟੀ ਮੱਖੀ ਦੇ ਵਾਧੇ ਲਈ ਅਨੁਕੂਲ ਹੈ ਇਸ ਲਈ ਯੂਨੀਵਰਸਿਟੀ ਨੇ ਲਗਾਤਾਰ ਨਜ਼ਰ ਬਣਾਈ ਹੋਈ ਹੈ ਜੇ ਕਿਤੇ ਇੱਕਾ ਦੁਕਾ ਥਾਵਾਂ ਤੇ ਚਿੱਟੀ ਮੱਖੀ ਦੀ ਤਾਦਾਦ ਪ੍ਰਤਿ ਪੱਤਾ ਵੱਧ ਮਿਲੀ ਵੀ ਹੈ ਉਥੇ ਨੀਮ ਕੋਟਡ ਅਤੇ ਉਲਾਲਾ ਸਪਰੇਅ ਨਾਲ ਕਾਬੂ ਵਿੱਚ ਕਰ ਲਿਆ ਗਿਆ ਹੈ।

ਡਾ. ਵਿਜੇ ਨੇ ਕਿਹਾ ਕਿ ਨਰਮੇਂ ਉਪਰ ਤੇਲੇ ਅਤੇ ਚਿੱਟੀ ਮੱਖੀ ਦੇ ਫਰਕ ਨੂੰ ਪਹਿਚਾਨਣ ਦੀ ਲੋੜ ਹੈ ਜਿਸਦਾ ਹਮਲਾ ਹੋਵੇ, ਉਸੇ ਅਨੁਸਾਰ ਖੇਤੀ-ਮਾਹਿਰਾਂ ਤੋਂ ਸਲਾਹ ਲੈ ਕੇ ਇਸਦਾ ਹੱਲ ਕੀਤਾ ਜਾਵੇ ਕਿਸਾਨਾਂ ਨੂੰ ਇਹ ਜਾਣਕਾਰੀ ਦੇਣ ਲਈ ਖੇਤੀਬਾੜੀ ਯੂਨੀਵਰਸਿਟੀ ਵੈਬਸਾਇਟ, ਫੇਸਬੁਕ ਪੇਜ, ਕਿਸਾਨ ਪੋਰਟਲ, ਰੇਡਿਓ, ਟੀਵੀ, ਸੰਬੰਧਿਤ ਖੇਤੀ-ਸਾਹਿਤ ਅਤੇ 'ਚੰਗੀ ਖੇਤੀ' ਰਸਾਲੇ ਆਦਿ ਨੂੰ ਸਾਧਨ ਬਣਾਉਂਦੀ ਹੈ ।ਕਿਸਾਨ ਸਿੱਧੇ ਰੂਪ ਵਿੱਚ ਖੇਤੀ-ਮਾਹਿਰਾਂ ਨੂੰ ਵੀ ਪਹੁੰਚ ਕਰ ਸਕਦੇ ਹਨ।

ਇਸ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ.ਅਸੋਕ ਕੁਮਾਰ, ਡਾ. ਗੁਰਮੀਤ ਸਿੰਘ ਬੁੱਟਰ, ਡਾ. ਸਰਬਜੀਤ ਸਿੰਘ, ਡਾ.ਪ.ਸ ਸੇਖੋਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਹੋਰ ਖੇਤੀ ਵਿਗਿਆਨੀ ਵੀ ਸ਼ਾਮਿਲ ਸਨ। ਉਹਨਾਂ ਪੱਤਰਕਾਰਾਂ ਵੱਲੋ ਪੁੱਛੇ ਸੁਆਲਾਂ ਦੇ ਜਵਾਬ ਵੀ ਦਿੱਤੇ। ਹਾਜ਼ਰ ਖੇਤੀ ਮਾਹਿਰਾਂ ਅਤੇ ਅਧਿਕਾਰੀਆਂ ਨੇ ਵਿਸਵਾਸ ਜਤਾਇਆ ਕਿ ਜਿਵੇਂ ਪਿਛਲੇ ਸਾਲ ਪੰਜਾਬ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਚਿੱਟੀ ਮੱਖੀ ਦੇ ਹਮਲੇ ਨੂੰ ਕਾਬੂ ਕਰਨ ਵਿੱਚ ਮਾਹਿਰ ਕਾਮਯਾਬ ਰਹੇ ਸਨ ਇਸ ਸਾਲ ਵੀ ਜੇ ਕੁਦਰਤ ਮਿਹਰਬਾਨ ਰਹੀ ਤਾਂ ਕਿਸਾਨ ਬੰਪਰ ਫਸਲ ਲੈਣ ਦੇ ਸਮਰੱਥ ਹੋਣਗੇ

ਅਖੀਰ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਜਤਿੰਦਰ ਸਿੰਘ ਬਰਾੜ ਨੇ ਮੀਡੀਆ ਵੱਲੋ ਮਿਲਦੇ ਭਰਪੂਰ ਸਹਿਯੋਗ ਲਈ ਤਸੱਲੀ ਪ੍ਰਗਟ ਕੀਤੀ ਅਤੇ ਧੰਨਵਾਦ ਦੇ ਸ਼ਬਦ ਵੀ ਕਹੇ। ਜ਼ਿਕਰਯੋਗ ਹੈ ਕਿ ਨਰਮੇਂ ਉਪਰ ਚਿੱਟੀ ਮੱਖੀ ਦੇ ਹਮਲੇ ਦੀ ਨਿਗਰਾਨੀ ਕਰਨ ਲਈ ਤਿੰਨ ਅੰਤਰਰਾਜੀ ਕਮੇਟੀ ਬਣਾਈ ਗਈ ਹੈ ਜਿਸ ਦੀ ਅਗਵਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਕਰ ਰਹੇ ਹਨ ਇਹ ਕਮੇਟੀ ਨਰਮੇਂ ਦੀ ਕਾਸ਼ਤ ਲਈ ਬੀਜਾਂ, ਪਾਣੀ, ਖਾਦਾਂ ਅਤੇ ਹੋਰ ਖੇਤੀ ਰਸਾਇਣਾਂ ਸਬੰਧੀ ਆਪਣੇ ਦਿਸ਼ਾ-ਨਿਰਦੇਸ਼ ਦਿੰਦੀ ਹੈ।