ਖੁਸ਼ਖਬਰੀ! ਅੱਜ ਆਏਗੀ ਤੁਹਾਡੇ ਖਾਤਿਆਂ ਚ ਰਾਹਤ ਰਾਸ਼ੀ ਦੀ ਦੂਜੀ ਕਿਸ਼ਤ

May 04 2020

ਮਹਿਲਾ ਜਨਧਨ ਖਾਤਾਧਾਰਕਾਂ ਨੂੰ ਸੋਮਵਾਰ ਤੋਂ 500 ਰੁਪਏ ਦੀ ਦੂਜੀ ਕਿਸ਼ਤ ਮਿਲਣੀ ਸ਼ੁਰੂ ਹੋਵੇਗੀ। ਕੋਵਿਡ-19 ਦੇ ਸੰਕਟ ਦੌਰਾਨ ਸਰਕਾਰ ਨੇ ਗਰੀਬਾਂ ਦੀ ਮਦਦ ਲਈ ਤਿੰਨ ਮਹੀਨੇ ਤਕ ਮਹਿਲਾ ਜਨਧਨ ਖਾਤਾਧਾਰਕਾਂ ਦੇ ਖਾਤੇ ਹਰ ਮਹੀਨੇ 500 ਰੁਪਏ ਭੇਜਣ ਦਾ ਐਲਾਨ ਕੀਤਾ ਸੀ। ਬੈਂਕਾਂ ਚ ਭੀੜ ਨਾ ਹੋਵੇ ਇਸ ਲਈ ਸਮਾਂ ਸਾਰਣੀ ਬਣਾਈ ਗਈ ਹੈ ਜਿਸ ਤਹਿਤ ਬੈਂਕ ਅਕਾਊਂਟ ਦੇ ਆਖਰੀ ਅੰਕ ਦੇ ਆਧਾਰ ਤੇ ਮਹਿਲਾ ਜਨਧਨ ਖਾਤਾਧਾਰਕ ਬੈਂਕਾਂ ਤੋਂ ਪੈਸੇ ਕਢਾਏ ਜਾ ਸਕਦੇ ਹਨ।

ਸਮਾਂ ਸਾਰਣੀ ਮੁਤਾਬਕ ਜਿਨ੍ਹਾਂ ਦੇ ਖਾਤੇ ਦਾ ਆਖਰੀ ਅੰਕ ਸਿਫ਼ਰ ਜਾਂ ਇਕ ਹੈ ਉਹ ਚਾਰ ਮਈ ਨੂੰ ਦੂਜੀ ਕਿਸ਼ਤ ਕਢਾ ਸਕਦੀਆਂ ਹਨ। ਜਿਨ੍ਹਾਂ ਮਹਿਲਾਵਾਂ ਦੇ ਖਾਤੇ ਦੇ ਅੰਤ ਚ ਦੋ ਜਾਂ ਤਿੰਨ ਅੰਕ ਆਉਂਦੇ ਹਨ ਉਹ ਪੰਜ ਮਈ ਨੂੰ ਪੈਸੇ ਕਢਵਾ ਸਕਦੀਆਂ ਹਨ। ਜਿਨ੍ਹਾਂ ਲੋਕਾਂ ਦੇ ਖਾਤੇ ਦਾ ਆਖਰੀ ਅੰਕ ਚਾਰ ਜਾਂ ਪੰਜ ਹੈ ਉਨ੍ਹਾਂ ਲਈ ਛੇ ਮਈ ਰੱਖੀ ਗਈ ਹੈ। ਜਿਨ੍ਹਾਂ ਦੇ ਖਾਤੇ ਦਾ ਆਖਰੀ ਅੰਕ ਛੇ ਤੇ ਸੱਤ ਹੈ, ਉਹ ਅੱਠ ਮਈ ਨੂੰ ਦੂਜੀ ਕਿਸ਼ਤ ਕਢਵਾ ਸਕਣਗੇ। ਇਸੇ ਤਰ੍ਹਾਂ ਜਿੰਨ੍ਹਾਂ ਲੋਕਾਂ ਦੇ ਅਕਾਊਂਟ ਦਾ ਆਖਰੀ ਅੰਕ ਅੱਠ ਜਾਂ ਨੌਂ ਹੈ, ਉਹ 11 ਮਈ ਨੂੰ ਦੂਜੀ ਕਿਸ਼ਤ ਲੈ ਸਕਣਗੇ।

ਫਾਇਨੈਂਸ਼ਅਲ ਸਰਵਿਸਿਜ਼ ਸੈਕਟਰੀ ਦੇਬਾਸ਼ੀਸ਼ ਪਾਂਡਾ ਨੇ ਟਵੀਟ ਕਰਦਿਆਂ ਕਿਹਾ ਕਿ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਨ ਪੈਕੇਜ ਤਹਿਤ ਮਹਿਲਾ PMJDY ਲਾਭਪਾਤਰੀਆਂ ਨੂੰ ਮਈ ਮਹੀਨੇ ਦੀ 500 ਰੁਪਏ ਦੀ ਕਿਸ਼ਤ ਭੇਜੀ ਜਾ ਰਹੀ ਹੈ। ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਪੈਸੇ ਕਢਾਉਣ ਜਾਣ ਲੱਗਿਆਂ ਸਮਾਂ ਸਾਰਣੀ ਦਾ ਪਾਲਣ ਕੀਤਾ ਜਾਵੇ।

ਹਾਲਾਂਕਿ ਪਾਂਡਾ ਨੇ ਸਪਸ਼ਟ ਕੀਤਾ ਹੈ ਕਿ ਐਮਰਜੈਂਸੀ ਚ ਪੈਸੇ ਦੀ ਨਿਕਾਸੀ ਤਤਕਾਲ ਕੀਤੀ ਜਾ ਸਕਦੀ ਹੈ। ਉੱਥੇ ਹੀ 11 ਮਈ ਤੋਂ ਬਾਅਦ ਵੀ ਮਹਿਲਾ ਜਨਧਨ ਖਾਤਾਧਾਰਕ ਆਪਣੀ ਸੁਵਿਧਾ ਦੇ ਹਿਸਾਬ ਨਾਲ ਪੈਸੇ ਕਢਵਾ ਸਕਦੇ ਹਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ