ਕੋਟਲੀ ਦੇ ਕਿਸਾਨ ਵੱਲੋਂ ਕਣਕ ਦੇ ਜੋੜੇ ਸਿੱਟਿਆਂ ਵਾਲੀ ਵੱਖਰੀ ਕਿਸਮ ਤਿਆਰ

April 04 2019

ਕੋਟਲੀ ਪਿੰਡ ਦੇ ਨੌਜ਼ਵਾਨ ਕਿਸਾਨ ਗੁਰਵਿੰਦਰ ਸਿੰਘ ਨੇ ਕਣਕ ਦੀ ਅਨੋਖੀ ਕਿਸਮ ਦੀ ਬਿਜਾਈ ਕੀਤੀ ਹੈ , ਇਹ ਬਿਜਾਈ ਇੱਕ ਵਾਰ ਘੱਟ ਜਗਾਂ ਵਿੱਚ ਕਰਕੇ ਟਰਾਇਲ ਲਗਾਇਆ ਹੈ ਜੋ ਕਿ ਬਹੁਤ ਵਧੀਆ ਵੀ ਰਿਹਾ ਹੈ। ਗੁਰਵਿੰਦਰ ਸਿੰਘ ਨੇ ਵਿਦੇਸ਼ ਤੋ ਇਹ ਖਾਸ ਕਿਸਮ ਦਾ ਬੀਜ ਮੰਗਵਾ ਕੇ ਆਪਣੇ ਖੇਤ ਚ ਥੋੜੀ ਜਿਹੀ ਜਗ੍ਹਾ ਤੇ ਲਗਾਇਆ ਸੀ, ਇਸ ਦੀ ਖਾਸੀਅਤ ਹੈ ਕਿ ਇਸ ਕਣਕ ਦਾ ਸਿੱਟਾ ਆਮ ਸਿੱਟੇ ਤੋਂ ਡੇਢ ਗੁਣਾ ਵੱਡਾ ਹੈ ਤੇ ਇੱਕ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਕਣਕ ਦੇ ਪੌਦੇ ਦੇ ਨਾੜ ਉਪਰ ਇੱਕ ਸਿੱਟੇ ਦੀ ਥਾਂ ਦੋ-ਦੋ ਸਿੱਟੇ ਲੱਗੇ ਹਨ । ਆਪਣੀ ਖੇਤੀ ਟੀਮ ਨਾਲ ਗੱਲਬਾਤ ਕਰਦਿਆ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਣਕ ਦੇ ਬੀਜ ਦੀ ਬਿਜਾਈ ਆਮ ਕਣਕ ਦੀ ਬਿਜਾਈ ਤੋਂ ਦੇਰ ਨਾਲ ਹੁੰਦੀ ਹੈ ਭਾਵ 15 ਨਵੰਬਰ ਜਾਂ ਇਸ ਤੋਂ ਬਾਅਦ ਜਦੋਂ ਥੋੜੀ ਸਰਦੀ ਵੱਧ ਜਾਵੇ ਅਤੇ ਇਹ ਕਣਕ ਦੀ ਫਸਲ ਪੱਕਣ ਵਿੱਚ ਵੀ ਆਮ ਕਣਕ ਦੀ ਫਸਲ ਤੋਂ ਲਗਭਗ 15 ਦਿਨ ਵੱਧ ਲੈਂਦੀ ਹੈ। ਇਸ ਬਾਰੇ ਓਹਨਾ ਨਾਲ  ਖੇਤੀਬਾੜੀ ਵਿਭਾਗ ਨੇ ਵੀ  ਗੱਲ ਕੀਤੀ  ਅਤੇ ਲੁਧਿਆਣਾ ਯੂਨਿਵਰਸਟੀ ਵੱਲੋਂ ਵੀ ਖੋਜ ਲਈ ਉਸ ਤੋਂ ਕੁਝ ਬੀਜ ਦੀ ਮੰਗ ਕੀਤੀ ਗਈ ਹੈ। ਉਸ ਨੇ ਕਿਹਾ ਕਿ ਇਸ ਬੀਜ ਦਾ ਝਾੜ ਆਮ ਤੋਂ ਵੱਧ ਹੋਣ ਦੀ ਪੂਰੀ ਉਮੀਦ ਹੈ ਜੇਕਰ ਅਜਿਹਾ ਹੋਇਆ ਤਾਂ ਉਹ ਇਸ ਕਣਕ ਦਾ ਬੀਜ ਕਿਸਾਨਾਂ ਲਈ ਵੀ ਤਿਆਰ ਕਰੇਗਾ ਤਾਂ ਜੋ ਸਾਡੇ ਦੇਸ਼ ਦੇ ਅੰਨਦਾਤਾ ਦੀ ਜਿੰਦਗੀ ਵੀ ਖੁਸ਼ਹਾਲ ਹੋ ਸਕੇ।

 

ਸ੍ਰੋਤ: ਆਪਣੀ ਖੇਤੀ