ਕੇਂਦਰੀ ਆਰਡੀਨੈਂਸਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਕਿਸਾਨ

August 12 2020

ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਬਲਾਕ ਕਮੇਟੀ ਰਤੀਆ ਵਲੋਂ ਕੇਂਦਰ ਸਰਕਾਰ ਦੇ ਤਿੰਨਾਂ ਆਰਡੀਨੈਂਸਾਂ ਖ਼ਿਲਾਫ਼ ਰਤੀਆ ਦੀ ਅਨਾਜ ਮੰਡੀ ਵਿਚ ਵਿਸ਼ਾਲ ਜਨ ਸਭਾ ਕੀਤੀ ਗਈ, ਜਿਸ ਦੀ ਪ੍ਰਧਾਨਗੀ ਬਾਬਾ ਗੁਰਬਚਨ ਅਤੇ ਕਾਲਾ ਸੈਣੀ ਨੇ ਸਾਂਝੇ ਰੂਪ ਵਿਚ ਕੀਤੀ। ਇਸ ਜਨ ਸਭਾ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਆਰਡੀਨੈਂਸ ਪਾਸ ਕਰ ਕੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਵਪਾਰੀਆਂ ਸਣੇ ਹਰ ਵਰਗ ਨੂੰ ਬਰਬਾਦ ਕਰਨ ਦਾ ਕੰਮ ਕਰ ਰਹੀ ਹੈ। ਅੱਜ ਪੂਰੇ ਦੇਸ਼ ਵਿਚ ਆਰਡੀਨੈਂਸਾਂ ਖ਼ਿਲਾਫ਼ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਖਰੀਦ ਤੋਂ ਭੱਜ ਰਹੀ ਹੈ ਅਤੇ ਉਪਰੋਂ ਦੂਜੇ ਪਾਸੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਨਾਅਰੇ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਮਾ ਕੰਪਨੀਆਂ ਦੀ ਲੁੱਟ ਤੇ ਕਰਜ਼ ਦੀ ਮਾਰ ਕਾਰਨ ਕਿਸਾਨ ਹਰ ਪਾਸਿਓਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਤੇ ਇਨ੍ਹਾਂ ਆਰਡੀਨੈਂਸਾਂ ਨਾਲ ਕਿਸਾਨਾਂ ਤੇ ਆਮ ਜਨਤਾ ਦੀ ਕਮਰ ਟੁੱਟ ਜਾਵੇਗੀ। ਜ਼ਿਲ੍ਹਾ ਸਕੱਤਰ ਮਨਦੀਪ ਨਥਵਾਨ ਨੇ ਕਿਹਾ ਕਿ ਪਹਿਲੀ ਵਾਰ ਰਤੀਆ ਵਿਚ ਕਿਸਾਨ ਇਕੱਠੇ ਹੋ ਕੇ ਆਪਣੇ ਅਧਿਕਾਰਾਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ’ਤੇ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਡੀ.ਸੀ ਦਫ਼ਤਰ ਦੇ ਗੇਟ ’ਤੇ ਪੂਰੇ ਹਰਿਆਣਾ ਵਿਚ ਸਾੜੀਆਂ ਜਾਣਗੀਆਂ।

15 ਅਗਸਤ ਨੂੰ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕਰਨ ਦਾ ਫ਼ੈਸਲਾ

ਯਮੁਨਾਨਗਰ (ਦਵਿੰਦਰ ਸਿੰਘ):

ਭਾਰਤੀ ਕਿਸਾਨ ਯੂਨੀਅਨ ਅਤੇ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੀ ਇੱਕ ਬੈਠਕ ਅਨਾਜ ਮੰਡੀ ਵਿੱਚ ਹੋਈ, ਜਿਸ ਵਿੱਚ 15 ਅਗਸਤ ਨੂੰ ਮੋਟਰਸਾਈਕਲਾਂ ’ਤੇ ਕਾਲੇ ਝੰਡੇ ਲਾ ਕੇ ਕੇਂਦਰੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਬਾਅਦ ਡੀਸੀ ਦਫ਼ਤਰ ਸਾਹਮਣੇ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਬੈਠਕ ਵਿੱਚ ਅਨਾਜ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਮਿੱਤਲ, ਜਗਬੀਰ ਸਿੰਘ ਪ੍ਰਬੰਧਕ, ਨਵਨੀਤ ਚਹਲ, ਮੁਨੀਸ਼ ਗੁਗਲੋਂ, ਬਲਿੰਦਰ ਸੁਢੈਲ, ਹਰਪਾਲ ਸਿੰਘ ਸੁੱਢਲ ਨੇ ਕਿਹਾ ਕਿ 15 ਅਗਸਤ ਨੂੰ ਦੇਸ਼ ਤਾਂ ਆਜ਼ਾਦ ਹੋ ਗਿਆ ਸੀ ਪਰ ਕਿਸਾਨ ਅੱਜ ਤੱਕ ਆਜ਼ਾਦ ਨਹੀਂ ਹੋਇਆ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਪਹੁੰਚਾ ਰਹੀ ਹੈ। ਇਸ ਬੈਠਕ ਵਿੱਚ ਮਹਿੰਦਰ ਸਿੰਘ, ਧਿਆਨ ਸਿੰਘ, ਜੋਗਿੰਦਰ ਸਿੰਘ, ਧਰਮਪਾਲ ਸਿੰਘ, ਜਥੇਦਾਰ ਰਾਮ ਸਿੰਘ ਮੌਜੂਦ ਸਨ ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune