ਕਿਸਾਨਾਂ ਨੇ 5 ਜੂਨ ਤੋਂ ਝੋਨਾ ਲਗਾਉਣ ਦੀ ਮਨਜ਼ੂਰੀ ਮੰਗੀ

April 10 2019

ਪੰਜਾਬ ਦੇ ਕਿਸਾਨਾਂ ਨੇ 5 ਜੂਨ ਤੋਂ ਝੋਨਾ ਲਗਾਉਣ ਦੀ ਪ੍ਰਵਾਨਗੀ ਦੇਣ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਇੱਕ ਵਫ਼ਦ ਨੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਕਿਸਾਨਾਂ ਨੂੰ 5 ਜੂਨ ਤੋਂ ਝੋਨਾ ਲਗਾਉਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਪਿਛਲੇ ਸੀਜਨ ਵਿੱਚ ਪਛੇਤਾ ਝੋਨਾ ਲਗਾਉਣ ਕਾਰਨ ਕਾਫੀ ਨਮੀ ਆ ਗਈ ਸੀ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਸਸਤੇ ਭਾਅ ’ਤੇ ਆਪਣਾ ਝੋਨਾ ਵੇਚਣਾ ਪਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਵਿੱਤੀ ਘਾਟਾ ਸਹਿਣ ਕਰਨਾ ਪਿਆ ਸੀ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਮੇਹਰ ਸਿੰਘ ਥੇੜੀ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਐਸਐਮਐਸ ਕੰਬਾਈਨਾਂ ਲਗਾਉਣ ਤੋਂ ਬਿਨਾਂ ਕਣਕ ਦੀ ਫਸਲ ਕੱਟਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਐਸਐਮਐਸ ਕੰਬਾਈਨਾਂ ਨਾਲ ਕਣਕ ਦੀ ਕਟਾਈ ਕੀਤੀ ਜਾਵੇ ਤਾਂ ਉਸ ਨਾਲ ਤੂੜੀ ਨਹੀਂ ਬਣਾਈ ਜਾ ਸਕਦੀ ਅਤੇ ਇਸ ਕਾਰਨ ਕਿਸਾਨਾਂ ਨੂੰ ਜਿੱਥੇ ਵਿੱਤੀ ਨੁਕਸਾਨ ਸਹਿਣਾ ਪੈਂਦਾ ਹੈ, ਉੱਥੇ ਇਸ ਨਾਲ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਵੀ ਖੜੀ ਹੋ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ, ਬਲਜਿੰਦਰ ਸਿੰਘ ਕਜੌਲੀ, ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ, ਜਨਰਲ ਸਕੱਤਰ ਜਸਵੰਤ ਸਿੰਘ, ਤਰਲੋਚਨ ਸਿੰਘ, ਬਲਜੀਤ ਸਿੰਘ ਰਡਿਆਲਾ ਅਤੇ ਗੁਰਦੇਵ ਸਿੰਘ ਬਲਾਕ ਪ੍ਰਧਾਨ ਰਾਜਪੁਰਾ ਵੀ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ