ਕਿਸਾਨਾਂ ਤੇ ਮੀਂਹ ਤੇ ਗੜ੍ਹੇਮਾਰੀ ਦੀ ਮਾਰ, ਮੰਡੀਆਂ ਚ ਭਿੱਜੀ ਕਣਕ

April 22 2021

ਚੰਡੀਗੜ੍ਹ: ਅੱਜ ਫਿਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀਆਂ ਖਬਰਾਂ ਹਨ। ਮਾਲਵਾ ਖੇਤਰ ਵਿੱਚ ਕਈ ਥਾਈਂ ਮੀਂਹ ਦਾ ਨਾਲ ਗੜ੍ਹੇ ਵੀ ਪਏ। ਇਸ ਨਾਲ ਮੰਡੀਆਂ ਵਿੱਚ ਪਈ ਕਣਕ ਦੀ ਫਸਲ ਭਿੱਜ ਗਈ ਹੈ। ਇਸ ਤੋਂ ਇਲਾਵਾ ਕਈ ਥਾਈਂ ਪਿਛੇਤੀ ਵਾਢੀ ਨੂੰ ਵੀ ਬ੍ਰੇਕ ਲੱਗ ਗਈ ਹੈ।

ਦੱਸ ਦਈਏ ਕਿ ਅਜੇ ਦੋ ਦਿਨ ਪਹਿਲਾਂ ਬਾਰਸ਼ ਹੋਣ ਕਾਰਨ ਅਨਾਜ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਭਿੱਜ ਗਈ ਸੀ। ਫਸਲ ਸੁੱਖਣ ਮਗਰੋਂ ਖਰੀਦ ਦਾ ਕੰਮ ਅਜੇ ਸ਼ੁਰੂ ਹੀ ਹੋਇਆ ਸੀ ਕਿ ਅੱਜ ਮੁੜ ਬਾਰਸ਼ ਪੈ ਗਈ। ਇਸ ਨਾਲ ਕਿਸਾਨਾਂ ਦੇ ਫਿਕਰ ਮੁੜ ਤੋਂ ਵਧ ਗਏ ਹਨ।

ਦੱਸ ਦਈਏ ਕਿ ਇਸ ਵਾਰ ਪੰਜਾਬ ਵਿੱਚ ਕਣਕ ਦੀ ਖਰੀਦ 10 ਅਪੈਰਲ ਨੂੰ ਸ਼ੁਰੂ ਕੀਤੀ ਗਈ ਹੈ। ਇਸ ਲਈ ਕਣਕ ਦੀ ਵਾਢੀ ਵੀ ਪਹਿਲਾਂ ਨਾਲੋਂ ਹਫਤਾ ਲੇਟ ਸ਼ੁਰੂ ਹੋਈ ਹੈ। ਬੇਸ਼ੱਕ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਵਾਢੀ ਦਾ ਕੰਮ ਨਿੱਬੜ ਗਿਆ ਹੈ ਪਰ ਸੁਸਤ ਖਰੀਦ ਕਰਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ।

ਹਾੜ੍ਹੀ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਮੰਡੀਆਂ ਵਿੱਚ ਬੈਠੇ ਹਨ ਪਰ ਫ਼ਸਲਾਂ ਦੀ ਸਹੀ ਸਮੇਂ ਸਿਰ ਖਰੀਦ ਨਾ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੂਜੇ ਪਾਸੇ ਬਾਰਦਾਨੇ ਦੀ ਘਾਟ ਕਾਰਨ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਭਿੱਜ ਕੇ ਖਰਾਬ ਹੋਣ ਲੱਗੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: abplive